ਹਿਲੇਰੀ ਕਲਿੰਟਨ ਮੁੜ ਨਹੀਂ ਲੜੇਗੀ ਕੋਈ ਚੋਣ

ਵਾਸ਼ਿੰਗਟਨ, 9 ਜਨਵਰੀ (ਸ.ਬ.) ਬੀਤੇ ਸਾਲ 8 ਨਵੰਬਰ 2016 ਨੂੰ ਹੋਈ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿੱਚ ਡੋਨਾਲਡ ਟਰੰਪ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਹਿਲੇਰੀ ਕਲਿੰਟਨ ਮੁੜ ਕਦੇ ਕੋਈ ਚੋਣ ਨਹੀਂ ਲੜੇਗੀ| ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਇਕ ਥਿੰਕ-ਟੈਂਕ, ‘ਸੈਂਟਰ ਫਾਰ ਅਮਰੀਕਨ ਪ੍ਰੋਗਰੈਸ’ ਦੀ ਪ੍ਰਧਾਨ ਨੀਰਾ ਟੰਡਨ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਉਹ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਲਈ ਕੋਸ਼ਿਸ਼ ਕਰੇਗੀ| ਪੂਰੀ ਜ਼ਿੰਦਗੀ ਉਨ੍ਹਾਂ ਨੇ ਅਜਿਹਾ ਕੀਤਾ ਹੈ ਅਤੇ ਅਜਿਹੇ ਕਈ ਮੁੱਦੇ ਵੀ ਹਨ, ਜੋ ਆਉਣ ਵਾਲੇ ਕੁਝ ਸਾਲਾਂ ਵਿਚ ਉਨ੍ਹਾਂ ਨੂੰ ਪ੍ਰਭਾਵਿਤ ਕਰਨਗੇ|”
ਉਨ੍ਹਾਂ ਅੱਗੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਕੋਈ ਚੋਣ   ਲੜੇਗੀ|” ਟੰਡਨ ਨੇ ਇਹ ਬਿਆਨ ਨਿਊਯਾਰਕ ਟਾਈਮਜ਼ ਦੇ ਉਸ ਲੇਖ ਦੇ ਜਵਾਬ ਵਿੱਚ ਦਿੱਤਾ, ਜਿਸ ਵਿਚ ਅਟਕਲਾਂ ਲਾਈਆਂ ਗਈਆਂ ਸਨ ਕਿ ਹਿਲੇਰੀ ਕਲਿੰਟਨ ਆਪਣੇ ਸਾਬਕਾ ਮੁਹਿੰਮ ਮੁਖੀ ਅਤੇ ਨਿਊਯਾਰਕ ਦੇ ਮੌਜੂਦਾ ਮੇਅਰ ਬਿਲ ਡੀ ਬਲਾਸੀਓ ਵਿਰੁੱਧ ਮੇਅਰ ਦੀ ਚੋਣ ਲੜ ਸਕਦੀ ਹੈ| ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਉਹ ਇਸ ਅਹੁਦੇ ਲਈ ਜਾਂ ਕਿਸੇ ਹੋਰ ਅਹੁਦੇ ਲਈ ਕਦੇ ਚੋਣ ਲੜੇਗੀ| ਦੱਸਣ ਯੋਗ ਹੈ ਕਿ 8 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਹਾਰਨ ਤੋਂ ਬਾਅਦ ਹਿਲੇਰੀ ਜਨਤਕ ਰੂਪ ਨਾਲ ਨਜ਼ਰ ਨਹੀਂ ਆ ਰਹੀ ਹੈ| ਹਿਲੇਰੀ ਨੇ ਉਦੋਂ ਤੋਂ ਸਿਰਫ ਦੋ ਜਨਤਕ ਸਮਾਰੋਹਾਂ ਵਿੱਚ ਹਿੱਸਾ ਲਿਆ ਅਤੇ ਟਵਿੱਟਰ ਤੇ ਕੁਝ ਟਵੀਟ ਕੀਤੇ ਹਨ| ਉਨ੍ਹਾਂ ਦੇ ਦਫਤਰ ਵਲੋਂ ਇਕ ਬਿਆਨ ਆਇਆ ਹੈ ਕਿ ਉਹ 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਆਪਣੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨਾਲ ਸ਼ਿਰਕਤ ਕਰੇਗੀ|

Leave a Reply

Your email address will not be published. Required fields are marked *