ਹਿੰਸਾਤਮਕ ਕਾਰਵਾਈਆਂ ਦੇ ਵਿਰੋਧ ਵਿੱਚ ਇੱਕਜੁੱਟ ਹੋਏ  ਡਾਕਟਰ

ਐਸ. ਏ. ਐਸ. ਨਗਰ, 6 ਜੂਨ (ਸ.ਬ.) ਇੰਡੀਅਨ ਮੈਡੀਕਲ  ਐਸੋਸੀਏਸ਼ਨ (ਆਈ. ਐਮ. ਏ. ) ਦੀ ਮੁਹਾਲੀ ਇਕਾਈ ਵਲੋਂ ਡਾਕਟਰਾਂ ਦੀ ਹੜਤਾਲ ਵਿੱਚ ਮੁਕੰਮਲ ਤੌਰ ਤੇ ਭਾਗ ਲੈਂਦਿਆਂ ਅੱਜ ਦੇਸ਼ ਭਰ ਦੇ ਡਾਕਟਰਾਂ ਵਲੋਂ ਉਹਨਾਂ ਦੇ ਖਿਲਾਫ ਕੀਤੀਆਂ ਜਾਂਦੀਆਂ ਹਿੰਸਾਤਮਕ ਕਾਰਵਾਈਆਂ ਦੇ ਵਿਰੋਧ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਫੇਜ਼- 7 ਵਿੱਚ ਸਥਿਤ ਜੇ. ਪੀ. ਆਈ ਹਸਪਤਾਲ ਵਿੱਚ ਇੱਕਠ ਕਰਕੇ ਮੰਗ ਕੀਤੀ ਕਿ ਡਾਕਟਰਾਂ ਦੇ ਖਿਲਾਫ ਮਰੀਜਾਂ ਦੇ ਰਿਸ਼ਤੇਦਾਰਾਂ ਜਾਂ ਹੋਰਨਾਂ ਲੋਕਾਂ ਵਲੋਂ ਕੀਤੀਆਂ ਜਾਂਦੀਆਂ ਹਿੰਸਾਂ ਦੀਆਂ ਕਾਰਵਾਈਆਂ ਤੇ ਮੁਕੰਮਲ ਰੋਕ ਲਗਾਉਣ ਲਈ ਲੋੜੀਂਦੇ ਸੁਰਖਿਆ ਪ੍ਰਬੰਧ ਕੀਤੇ ਜਾਣ ਅਤੇ ਇਸ ਦੇ ਨਾਲ ਡਾਕਟਰਾਂ ਦੇ ਖਿਲਾਫ ਦਰਜ ਕੀਤੇ ਜਾਂਦੇ ਪੁਲੀਸ ਕੇਸਾਂ ਤੇ ਮੁਕੰਮਲ ਰੋਕ ਲਗਾਈ ਜਾਵੇ|
ਇਸ ਦੌਰਾਨ ਜਿੱਥੇ ਆਈ. ਐਮ ਏ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਸ੍ਰ. ਸਨਜੀਤ ਸਿੰਘ ਸੋਢੀ, ਪੈਟਰਨ ਡਾ. ਅਸ਼ਵਨੀ ਕਾਂਸਲ, ਵਿੱਤ ਸੱਕਤਰ ਡਾ. ਚਰਨਦੀਪ ਸਿੰਘ ਅਤੇ ਆਨਰੇਰੀ ਸਕੱਤਰ ਡਾ. ਵਿਰੇਨ ਧਨਕੜ ਦੀ ਅਗਵਾਈ ਵਿੱਚ ਆਈ ਐਮ ਏ ਦੀ ਮੁਹਾਲੀ ਇਕਾਈ ਦੀ ਇਕ ਟੀਮ ਡਾਕਟਰਾਂ ਵਲੋਂ ਦਿੱਲੀ ਵਿੱਚ ਕੀਤੇ ਗਏ ਦੇਸ਼ ਵਿਆਪੀ ਪ੍ਰਦਰਸ਼ਨ ਵਿੱਚ ਭਾਗ ਲੈਣ ਲਈ ਪਹੁੰਚੀ ਉੱਥੇ ਸੰਸਥਾ ਦੇ ਹੋਰਨਾਂ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਫੇਜ਼-7 ਵਿੱਚ ਇੱਕਠ  ਕੀਤਾ ਗਿਆ| ਡਾਕਟਰਾਂ ਦੇ ਇਸ ਇੱਕਠ ਵਿੱਚ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ ਅਤੇ ਉਹਨਾਂ ਨੇ ਡਾਕਟਰਾਂ ਦੀਆਂ ਮੰਗਾਂ ਦਾ ਭਰਪੂਰ ਸਮਰਥਨ ਕਰਦਿਆਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਡਾਕਟਰਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਨਿੱਜੀ ਦਿਲਚਸਪੀ ਲੈ ਕੇ ਇਸ ਸਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਣਗੇ|
ਸ੍ਰ. ਸਿੱਧੂ ਨੇ ਕਿਹਾ ਕਿ ਡਾਕਟਰ ਨੂੰ ਰੱਬ ਤੋਂ ਬਾਅਦ ਮੰਨਿਆਂ ਜਾਂਦਾ ਹੈ ਜਿਹੜਾ ਮਰੀਜ ਦੀ ਜਾਨ ਬਚਾਉਂਦਾ ਹੈ ਅਤੇ ਡਾਕਟਰਾਂ ਦਾ ਪੂਰਾ ਮਾਣ ਹੋਣ ਚਾਹੁੰਦਾ ਹੈ| ਡਾਕਟਰਾਂ ਦੇ ਖਿਲਾਫ ਦਰਜ ਹੁੰਦੇ ਮਾਮਲਿਆ ਦਾ ਵਿਰੋਧ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਉਹ ਡਾਕਟਰਾਂ ਨੂੰ ਆਪਣਾ ਪੂਰਾ ਸਮਰਥਨ ਦਿੰਦੇ ਹਨ ਅਤੇ ਨਾਲ ਹੀ ਉਹਨਾਂ  ਨੂੰ ਅਪੀਲ ਵੀ ਕਰਦੇ ਹਨ ਕਿ ਜੇਕਰ ਕੋਈ ਗਰੀਬ ਮਰੀਜ ਉਹਨਾਂ ਕੋਲ ਆਏ ਤਾਂ ਉਸ ਨਾਲ ਹਮਦਰਦੀ ਵਿਖਾਉਂਦਿਆਂ ਉਸਦੀ ਵੀ ਮਦਦ ਕਰਨ|
ਇਸ ਮੌਕੇ ਡਾ. ਜਤਿੰਦਰ ਸਿੰਘ, ਡਾ. ਪਰਮਜੀਤ ਸਿੰਘ ਵਾਲੀਆ ਡਾ. ਪੁਨੀਤ ਵਰਮਾ ਅਤੇ ਡਾ. ਸੁਰਿੰਦਰ ਸਿੰਘ ਬੇਦੀ ਨੇ ਡਾਕਟਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਬੋਲਦਿਆਂ ਕਿਹਾ ਕਿ ਡਾਕਟਰਾਂ ਨੂੰ ਭਾਰੀ ਦਬਾਉ ਵਿੱਚ ਕੰਮ ਕਰਨਾ ਪੈਦਾ ਹੈ ਅਤੇ ਉਹਨਾਂ ਦੀ ਭਰਪੂਰ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਮਰੀਜ ਦਾ ਸਭ ਤੋਂ ਸੁਚੱਜਾ ਇਲਾਜ ਕਰਨ ਪਰੰਤੂ ਕਈ ਵਾਰ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਹਨ ਜਿਹਨਾਂ ਤੇ ਡਾਕਟਰ ਦਾ ਵੀ ਵਸ ਨਹੀਂ ਹੁੰਦਾ| ਉਹਨਾਂ ਕਿਹਾ ਕਿ ਜਦੋਂ ਮਰੀਜ ਡਾਕਟਰ ਕੋਲ ਪਹੁੰਚਦਾ ਹੈ ਤਾਂ ਡਾਕਟਰ ਵਲੋਂ ਪੂਰੀ ਇਮਾਨਦਾਰੀ ਨਾਲ ਮਰੀਜ ਦਾ ਇਲਾਜ ਕੀਤਾ ਜਾਂਦਾ ਹੈ ਪਰੰਤੂ ਜੇਕਰ ਮਰੀਜ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਣ ਉਸਦੀ ਮੌਤ ਹੋ ਜਾਵੇ ਤਾਂ ਮਰੀਜ ਦੇ ਰਿਸ਼ਤੇਦਾਰ ਇੱਕਠੇ ਹੋ ਕੇ ਡਾਕਟਰਾਂ ਨਾਲ ਲੜਣ ਲੱਗ ਜਾਂਦੇ ਹਨ ਅਤੇ ਬਿਲ ਦੇਣ ਤੋਂ ਬਚਣ ਲਈ ਤੋੜ ਭੰਨ ਕਰਦੇ ਹਨ|
ਉਹਨਾਂ ਮੰਗ ਕੀਤੀ ਕਿ ਡਾਕਟਰਾਂ ਖਿਲਾਫ ਕੀਤੀਆਂ ਜਾਂਦੀਆਂ ਹਿੰਸਾਤਮਕ ਕਾਰਵਾਈਆਂ ਤੇ ਰੋਕ ਲਗਾਈ ਜਾਵੇ, ਡਾਕਟਰਾਂ ਤੇ ਕੇਸ ਦਰਜ ਕਰਨ ਦੀ ਕਾਰਵਾਈ ਬੰਦ ਹੋਵੇ ਅਤੇ ਜੇਕਰ ਕੋਈ ਮਾਮਲਾ ਸ਼ੱਕੀ ਲੱਗਦਾ ਹੈ ਤਾਂ ਉਸਦੀ ਜਾਂਚ ਡਾਕਟਰਾਂ ਦੇ ਬੋਰਡ ਤੋਂ ਕਰਵਾਉਣ ਉਪਰੰਤ ਹੀ ਕਾਰਵਾਈ ਹੋਵੇ, ਸਰਕਾਰ ਵਲੋਂ ਸਿਹਤ ਦੇ ਖੇਤਰ ਦੇ ਬਜਟ ਨੂੰ ਜੀ. ਡੀ. ਪੀ. ਦਾ ਪੰਜ ਫੀਸਦੀ ਕੀਤਾ ਜਾਵੇ|
ਇਸ ਮੌਕੇ ਸ਼ਹਿਰ ਦੇ ਵੱਖ – ਵੱਖ ਨਿੱਜੀ ਹਸਪਤਾਲਾਂ ਦੇ ਵਿੱਚ ਕੰਮ ਕਰਦੇ ਡਾਕਟਰ ਹਾਜਿਰ ਸਨ|

Leave a Reply

Your email address will not be published. Required fields are marked *