ਹੁਣ ਉਮੀਦਵਾਰਾਂ ਲਈ ਜੀ ਤੋੜ ਮਿਹਨਤ ਕਰਨ ਦਾ ਸਮਾਂ

ਪਿਛਲੇ ਹਫਤੇ ਚੋਣ ਕਮਿਸ਼ਨ ਵਲੋਂ ਦੇਸ਼ ਦੇ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੀਆਂ ਮਿਤੀਆਂ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਸੂਬੇ ਵਿੱਚ ਰਾਜਨੀਤਿਕ ਸਰਗਰਮੀਆਂ ਵਿੱਚ ਅਚਾਨਕ ਤੇਜੀ ਆ ਗਈ ਹੈ ਅਤੇ ਇਸਦੇ ਨਾਲ ਹੀ ਸੂਬੇ ਦਾ ਚੋਣ ਕਮਿਸ਼ਨ ਵੀ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ| ਚੋਣ ਕਮਿਸ਼ਨ ਵਲੋਂ ਪੰਜ ਰਾਜਾਂ ਵਿੱਚ ਚੋਣਾਂ ਕਰਵਾਉਣ ਸੰਬੰਧੀ ਕੀਤੇ ਗਏ ਐਨਾਨ ਅਨੁਸਾਰ ਪੰਜਾਬ ਵਿੱਚ ਚੋਣਾ ਪਹਿਲੇ ਗੇੜ ਵਿੱਚ (4 ਫਰਵਰੀ ਨੂੰ) ਪਾਈਆਂ ਜਾਣੀਆਂ ਹਨ ਅਤੇ ਇਸ ਹਿਸਾਬ ਨਾਲ ਵੇਖੀਏ ਤਾਂ ਚੋਣਾਂ ਲੜਣ ਵਾਲੇ ਉਮੀਦਵਾਰਾਂ ਕੋਲ ਬਹੁਤ ਘੱਟ ਸਮਾਂ ਬਚਿਆ ਹੈ ਅਤੇ ਸਾਰਾ ਕੁੱਝ ਬਹੁਤ ਤੇਜੀ ਨਾਲ ਹੀ ਮੁਕੰਮਲ ਹੋਣਾ ਹੈ|
ਹਾਲਾਤ ਇਹ ਹਨ ਕਿ ਜਿਸ ਦਿਨ ਚੋਣਾਂ ਦੀ ਮਿਤੀ ਦਾ ਰਸਮੀ ਐਲਾਨ ਹੋਇਆ ਉਸ ਦਿਨ ਤਕ ਤਾਂ ਚੋਣ ਮੈਦਾਨ ਵਿੱਚ ਉਤਰਨ ਵਾਲੀਆਂ ਮੁੱਖ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਪੂਰੇ ਪੱਤੇ ਤਕ ਨਹੀਂ ਖੋਲ੍ਹੇ ਗਏ ਸਨ ਕਿ ਵੱਖ ਵੱਖ ਸੀਟਾਂ ਤੋਂ ਕਿਹੜੇ ਉਮੀਦਵਾਰ ਚੋਣ ਲੜਣਗੇ| ਪੰਜਾਬ ਦੀ ਸੱਤਾ ਤੇ ਕਾਬਜ ਸ੍ਰੋਮਣੀ ਅਕਾਲੀ ਦਲ ਵਲੋਂ ਭਾਵੇਂ ਆਪਣੇ ਜਿਆਦਾਤਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰੰਤੂ ਸੀ ਪਰੰਤੂ ਉਸਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਵਲੋਂ ਹੁਣ ਤਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ ਹੈ| ਦੂਜੇ ਪਾਸੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਤਿੰਨ ਦਰਜਨ ਦੇ ਕਰੀਬ ਉਮੀਦਵਾਰਾਂ ਦੇ ਨਵਾਂ ਦਾ ਐਲਾਨ ਹੁਣੇ ਹੋਣਾ ਹੈ| ਇਸੇ ਤਰ੍ਹਾਂ ਪੰਜਾਬ ਵਿੱਚ ਤੀਜੀ ਧਿਰ ਵਜੋਂ ਹੋਂਦ ਵਿੱਚ ਆਈ ਆਮ ਆਦਮੀ ਪਾਟੀ ਵਲੋਂ ਵੀ ਚੋਣਾ ਦੇ ਐਲਾਨ ਤਕ ਆਪਣੇ ਉਮੀਦਵਾਰਾਂ ਦੇ ਐਲਾਨ ਦਾ ਕੰਮ ਮੁਕੰਮਲ ਨਹੀਂ ਹੋਇਆ ਸੀ ਅਤੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਵਿੱਚ ਹੋਈ ਇਸ ਦੇਰੀ ਦਾ ਅਸਰ ਇਹਨਾਂ ਉਮੀਦਵਾਰਾਂ ਦੀ ਕਾਰਗੁਜਾਰੀ ਤੇ ਵੀ ਪੈਣਾ ਤੈਅ ਹੈ|
ਇੰਨਾ ਜਰੂਰ ਹੈ ਕਿ ਚੋਣ ਕਮਿਸ਼ਨ ਵਲੋਂ ਸੂਬੇ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਦਿੱਤਾ ਗਿਆ ਅਧਿਕਾਰਤ ਸਮਾਂ ਘੱਟ ਹੋਣ ਕਾਰਨ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਜਾਂਦੇ ਖਰਚੇ ਵਿੱਚ ਕੁੱਝ ਨਾ ਕੁੱਝ ਕਮੀ ਜਰੂਰ ਆਏਗੀ| ਚੋਣ ਪ੍ਰਚਾਰ ਲਈ ਸਮਾਂ ਘੱਟ ਮਿਲਣ ਕਾਰਨ ਇਹ ਪ੍ਰਚਾਰ ਜਿੰਨੇ ਘੱਟ ਸਮੇਂ ਲਈ ਚਲੇੱਗਾ ਇਸਤੇ ਹੋਣ ਵਾਲਾ ਖਰਚਾ ਵੀ ਉਸੇ ਅਨੁਪਾਤ ਵਿੱਚ ਘੱਟ                 ਜਾਵੇਗਾ| ਹਾਲਾਂਕਿ ਕੁੱਝ ਲੋਕਾਂ ਦੀ ਰਾਏ ਹੈ ਕਿ ਇਸ ਵਾਰ ਚੋਣ ਪ੍ਰਚਾਰ ਲਈ ਘੱਟ ਸਮਾਂ ਮਿਲਣ ਕਾਰਨ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਹਨਾਂ ਨੂੰ ਅੰਦਰਖਾਤੇ ਕਈ ਤਰ੍ਹਾਂ ਦਾ ਸਾਮਾਨ ਵੰਡ ਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦੇ ਖਰਚੇ ਤੇ ਸ਼ਾਇਦ ਹੀ ਕੋਈ ਅਸਰ ਪਵੇ ਪਰੰਤੂ                  ਜੇਕਰ ਚੋਣ ਕਮਿਸ਼ਨ ਵਲੋਂ ਇਸ ਸੰਬੰਧੀ ਸਖਤੀ ਨਾਲ ਕੰਮ ਲਿਆ ਗਿਆ ਅਤੇ ਚੋਣ ਜਾਬਤੇ ਦੀ ਪਾਲਣਾ ਵਿੱਚ ਕੋਈ ਢਿੱਲ ਨਾ ਆਉਣ ਦਿੱਤੀ ਗਈ ਤਾਂ ਇਸਦੇ ਸਾਰਥਕ ਨਤੀਜੇ ਵੀ ਵੇਖਣ ਨੂੰ ਮਿਲ ਸਕਦੇ ਹਨ|
ਚੋਣਾਂ ਵਿੱਚ ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗਾ ਅਤੇ ਕਿਹੜੀ ਪਾਰਟੀ ਅਗਲੇ ਪੰਜ ਸਾਲਾਂ ਲਈ ਸੂਬ ਦੀ ਸੱਤਾ ਤੇ ਕਾਬਜ ਹੋਵੇਗੀ ਇਸ ਬਾਰੇ ਭਾਵੇਂ ਹੁਣੇ ਕੁੱਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਕੀਤੀ ਗਈ ਗੱਲ ਹੋਵੇਗੀ ਪਰੰਤੂ ਜਨਤਾ ਦਾ ਮੌਜੂਦਾ ਰੁਝਾਨ ਇਹ ਦੱਸਦਾ ਹੈ ਕਿ ਇਸ ਵਾਰ ਪੰਜਾਬ ਵਿੱਚ ਸਥਿਤੀ ਬਦਲ ਗਈ ਹੈ ਅਤੇ ਪਹਿਲਾਂ ਹੋਣ ਵਾਲੇ ਦੋ ਪਾਰਟੀਆਂ ਦੇ ਸਿੱਧੇ ਮੁਕਾਬਲੇ ਦੀ ਥਾਂ ਇਸ ਵਾਰ ਸੂਬੇ ਵਿੱਚ ਤਿਕੋਨਾ ਮੁਕਾਬਲਾ ਹੋਣ ਜਾ ਰਿਹਾ ਹੈ| ਆਉਣ ਵਾਲੇ ਦਿਨਾਂ ਦੌਰਾਨ ਜਦੋਂ ਵੱਖ ਵੱਖ ਹਲਕਿਆਂ ਵਿੱਚ ਚੋਣ ਲੜਣ ਵਾਲੇ ਉਮੀਦਵਾਰਾਂ ਬਾਰੇ ਸਥਿਤੀ ਖੁੱਲ ਕੇ ਸਾਮ੍ਹਣੇ ਆ ਜਾਵੇਗੀ ਤਾ ਇਸਦੇ ਨਾਲ ਹੀ ਇਹਨਾਂ ਉਮੀਦਵਾਰਾਂ ਦੀ ਜਿੱਤ ਹਾਰ ਦੀ ਸਮਰਥਾ ਦੇ ਅਨੁਸਾਰ ਹੀ ਪੰਜਾਬ ਦੀ ਅਗਲੀ ਸਰਕਾਰ ਦੀ ਰੂਪਰੇਖਾ ਵੀ ਬਣਨੀ ਸ਼ੁਰੂ ਹੋ ਜਾਵੇਗੀ|
ਚੋਣ ਕਮਿਸ਼ਨ ਨੇ ਚੋਣਾਂ ਦਾ ਤੁਰਤ ਫੁਰਤ ਐਲਾਨ ਕਰਕੇ ਇੱਕ ਵਾਰ ਤਾਂ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਭਾਜੜਾਂ ਪੁਆ ਦਿੱਤੀਆਂ ਸਨ ਪਰੰਤੂ ਰਾਜਨੀਤੀ ਦੇ ਇਹ ਪੁਰਾਣੇ ਖਿਡਾਰੀ         ਆਪਣੇ ਰੰਗ ਵਿੱਚ ਆਣ ਲੱਗ ਗਏ ਹਨ| ਰਾਜਨੀਤੀ ਦੀ ਇਸ ਬਿਸਾਤ ਤੇ ਸਿਆਸੀ ਚਾਲਾਂ ਦੀ ਜੋਰ ਅਜਮਾਇਸ਼ ਆਪਣੇ ਆਖਰੀ ਦੌਰ ਵਿੱਚ ਪਹੁੰਚ ਗਈ ਹੈ| ਹੁਣ ਇਹ ਰਾਜ ਦੀ ਜਨਤਾ ਤੇ ਹੀ ਨਿਰਭਰ ਕਰੇਗਾ ਕਿ ਉਹ ਸੂਬੇ ਦੀ ਸੱਤਾ ਦਾ ਤਾਜ ਕਿਸਦੇ ਸਿਰ ਤੇ ਰੱਖਦੀ ਹੈ|

Leave a Reply

Your email address will not be published. Required fields are marked *