ਹੁਣ ਕੇਰਲ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਤੋੜੀ ਗਈ

ਕੰਨੂਰ, 8 ਮਾਰਚ (ਸ.ਬ.) ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਹਾਪੁਰਸ਼ਾਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਰਾਜ਼ਗੀ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਜਾਰੀ ਹਨ| ਤ੍ਰਿਪੁਰਾ ਵਿੱਚ ਲੇਨਿਨ ਦੀ ਮੂਰਤੀ ਢਹਾਏ ਜਾਣ ਤੋਂ ਸ਼ੁਰੂ ਹੋਇਆ ਸਿਲਸਿਲਾ ਤਾਮਿਲਨਾਡੂ ਵਿੱਚ ਪੇਰੀਆਰ, ਪੱਛਮੀ ਬੰਗਾਲ ਵਿੱਚ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਅਤੇ ਉਤਰ ਪ੍ਰਦੇਸ਼ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੁਕਸਾਨੇ ਜਾਣ ਤੋਂ ਬਾਅਦ ਕੇਰਲ ਤੱਕ ਪੁੱਜ ਗਿਆ ਹੈ| ਵੀਰਵਾਰ ਦੀ ਸਵੇਰ ਇੱਥੇ ਅਣਪਛਾਤੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ| ਉਥੇ ਹੀ ਤਾਮਿਲਨਾਡੂ ਵਿੱਚ ਅੰਬੇਡਕਰ ਦੀ ਮੂਰਤੀ ਤੇ ਪੇਂਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ| ਮੀਡੀਆ ਰਿਪੋਰਟਸ ਅਨੁਸਾਰ ਕੇਰਲ ਦੇ ਕਨੂੰਰ ਜ਼ਿਲੇ ਵਿੱਚ ਅਣਪਛਾਤੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਮੌਕੇ ਤੇ ਦੌੜ ਗਏ| ਨੌਜਵਾਨਾਂ ਨੇ ਬਾਪੂ ਦੀ ਮੂਰਤੀ ਦਾ ਚਸ਼ਮਾ ਤੋੜ ਦਿੱਤਾ| ਇਸ ਤੋਂ ਇਲਾਵਾ ਤਾਮਿਲਨਾਡੂ ਵਿੱਚ ਵੀ ਬੀ.ਆਰ. ਅੰਬੇਡਕਰ ਦੀ ਮੂਰਤੀ ਤੇ ਹਮਲੇ ਦੀ ਗੱਲ ਸਾਹਮਣੇ ਆਈ ਹੈ| ਇੱਥੇ ਚੇਨਈ ਦੇ ਪੇਰੀਆਰ ਨਗਰ ਵਿੱਚ ਬੀ.ਆਰ. ਅੰਬੇਡਕਰ ਦੀ ਮੂਰਤੀ ਤੇ ਪੇਂਟ ਸੁੱਟ ਕੇ ਕੁਝ ਸ਼ਰਾਰਤੀ ਤੱਤ ਦੌੜ ਨਿਕਲੇ| ਮੂਰਤੀ ਤੋੜਨ ਦੀਆਂ ਘਟਨਾਵਾਂ ਕਾਰਨ ਤਾਮਿਲਨਾਡੂ ਵਿੱਚ ਪਹਿਲਾਂ ਹੀ ਤਣਾਅ ਦੀ ਸਥਿਤੀ ਹੈ| ਮੰਗਲਵਾਰ ਨੂੰ ਇੱਥੇ ਦ੍ਰਵਿੜ ਚਿੰਤਕ ਪੇਰੀਆਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ, ਜਿਸ ਤੋਂ ਬਾਅਦ ਭਾਜਪਾ ਦਫ਼ਤਰ ਤੇ ਬੰਬ ਸੁੱਟਣ ਅਤੇ ਕਈ ਥਾਂ ਜਨੇਊ ਕੱਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ| ਇਸ ਤੋਂ ਪਹਿਲਾਂ ਬੀਤੇ ਦਿਨੀਂ ਮੂਰਤੀਆਂ ਤੋੜਨ ਤੇ ਪੀ.ਐਮ. ਮੋਦੀ ਨਰਿੰਦਰ ਮੋਦੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ| ਇਨ੍ਹਾਂ ਘਟਨਾਵਾਂ ਤੋਂ ਪੈਦਾ ਹੋਏ ਤਣਾਅ ਨੂੰ ਲੈ ਕੇ ਗ੍ਰਹਿ ਮੰਤਰਾਲੇ ਵੀ ਹਰਕਤ ਵਿੱਚ ਆ ਗਿਆ ਹੈ ਅਤੇ ਸਾਰੇ ਰਾਜਾਂ ਤੋਂ ਮੂਰਤੀਆਂ ਦੀ ਸੁਰੱਖਿਆ ਵਧਾਉਣ ਦੇ ਨਾਲ ਹੀ ਅਜਿਹਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ| ਰਿਪੋਰਟਸ ਅਨੁਸਾਰ ਇਨ੍ਹਾਂ ਘਟਨਾਵਾਂ ਤੋਂ ਨਾਖੁਸ਼ ਪੀ.ਐਮ. ਮੋਦੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਸੀ| ਮੰਤਰਾਲੇ ਨੇ ਰਾਜਾਂ ਵਿੱਚ ਮੂਰਤੀ ਤੋੜਨ ਅਤੇ ਹੋਰ ਕਿਸੇ ਵੀ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਜਾਰੀ ਕੀਤੇ ਹਨ| ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ| ਜ਼ਿਕਰਯੋਗ ਹੈ ਕਿ ਤ੍ਰਿਪੁਰਾ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੇਲੋਨੀਆ ਟਾਊਨ ਵਿੱਚ ਕਾਲਜ ਸਕਵੇਅਰ ਸਥਿਤ ਰੂਸੀ ਕ੍ਰਾਂਤੀ ਦੇ ਨਾਇਕ ਵਲਾਦਿਮੀਰ ਲੇਨਿਨ ਦੀ ਮੂਰਤੀ ਤੋੜ ਦਿੱਤੀ ਗਈ ਸੀ| ਮੰਗਲਵਾਰ ਰਾਤ ਤਾਮਿਲਨਾਡੂ ਵਿੱਚ ਪੇਰੀਆਰ ਅਤੇ ਫਿਰ ਕੋਲਕਾਤਾ ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ| ਉਤਰ ਪ੍ਰਦੇਸ਼ ਦੇ ਮੇਰਠ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਤੋੜਨ ਦਾ ਮਾਮਲਾ ਵੀ ਸਾਹਮਣੇ ਆਇਆ| ਫਿਰ ਤਾਂ ਮੂਰਤੀਆਂ ਨੁਕਸਾਨੇ ਜਾਣ ਦਾ ਜਿਵੇਂ ਸਿਲਸਿਲਾ ਹੀ ਚੱਲ ਪਿਆ|

Leave a Reply

Your email address will not be published. Required fields are marked *