ਹੁਣ ਗ੍ਰਾਹਕਾਂ ਨੂੰ ਪਤਾ ਲੱਗ ਸਕੇਗਾ ਕਿ ਕਿਹੜੀ ਤਰੀਕ ਤਕ ਖਾਣ ਯੋਗ ਹੈ ਮਠਿਆਈ

ਦੁਕਾਨਦਾਰਾਂ ਨੂੰ ਦਰਸਾਉਣੀ ਪਵੇਗੀ ਮਠਿਆਈ ਦੀ ਮਿਆਦ ਦੀ ਤਰੀਕ, 1 ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਐਸ ਏ ਐਸ ਨਗਰ, 30 ਸਤੰਬਰ (ਸ.ਬ.) ਫੂਡ ਸੇਫ਼ਟੀ ਕਾਨੂੰਨ ਤਹਿਤ ਹੁਣ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ| ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਦਾਰੇ ‘ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ’ ਵਲੋਂ 1 ਅਕਤੂਬਰ ਤੋਂ ਇਹ ਨਿਯਮ ਸਾਰੇ ਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਸ਼ਰਮਾ ਨੇ ਦਸਿਆ ਕਿ ਗ੍ਰਾਹਕ ਨੂੰ ਪਤਾ ਨਹੀਂ ਹੁੰਦਾ ਕਿ ਮਠਿਆਈ ਦੀ ਮਿਆਦ ਕਿੰਨੀ ਹੈ ਜਾਂ ਕਿਹੜੀ ਤਰੀਕ ਤੱਕ ਉਸ ਦਾ ਮਿਆਰ ਸਹੀ ਰਹਿੰਦਾ ਹੈ ਜਦੋਂਕਿ ਖਾਣ-ਪੀਣ ਦੀਆਂ ਹੋਰ ਬਹੁਤੀਆਂ ਚੀਜ਼ਾਂ ਉਤੇ ‘ਬੈਸਟ ਬਿਫ਼ੋਰ ਡੇਟ’ ਲਿਖਿਆ ਹੁੰਦਾ ਹੈ| ਉਨ੍ਹਾਂ ਦਸਿਆ ਕਿ ਹੁਣ ਦੁਕਾਨਦਾਰ ਮਠਿਆਈ ਦੀ ਕਿਸਮ ਮੁਤਾਬਕ ਉਸ ਦੀ ਮਿਆਦ ਦੀ ਤਰੀਕ ਲਿਖਣਗੇ ਤਾਂ ਜੋ ਗਾਹਕ ਨੂੰ ਪਤਾ ਲੱਗ ਸਕੇ ਕਿ ਇਸ ਤਰੀਕ ਤੋਂ ਬਾਅਦ ਮਠਿਆਈ ਨੂੰ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਅਤੇ ਗ੍ਰਾਹਕ ਉਹ ਤਰੀਕ ਵੇਖ ਕੇ ਹੀ ਮਠਿਆਈ ਖ਼ਰੀਦ ਸਕਣਗੇ|
ਡਾ. ਸ਼ਰਮਾ ਨੇ ਕਿਹਾ ਕਿ ਇਸ ਕਾਰਵਾਈ ਦਾ ਮੰਤਵ ਲੋਕਾਂ ਦੀ ਸਿਹਤ ਸੁਰੱਖਿਆ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਮਠਿਆਈ ਉਹ ਖ਼ਰੀਦ ਰਹੇ ਹਨ, ਉਹ ਮਿਆਦ-ਪੁੱਗੀ ਤਾਂ ਨਹੀਂ ਜਾਂ ਉਹ ਕਿਹੜੀ ਤਰੀਕ ਤੱਕ ਖਾਣ ਯੋਗ ਹੈ| ਉਨ੍ਹਾਂ ਕਿਹਾ ਕਿ ਮਠਿਆਈਆਂ ਵਿਚ ਕੁਝ ਸਮੇਂ ਬਾਅਦ ਉੱਲੀ, ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਮਠਿਆਈ ਨੂੰ ਖ਼ਰਾਬ ਕਰ ਦਿੰਦੇ ਹਨ|

Leave a Reply

Your email address will not be published. Required fields are marked *