ਹੁਣ ਪੰਜਾਬ ਦਾ ਆਮ ਆਦਮੀ ਬੋਲੇਗਾ

ਚਾਰ ਫ਼ਰਵਰੀ 2017 ਵਿੱਚ ਪੰਜਾਬ ਰਾਜ ਦੀਆਂ ਵਿਧਾਨ-ਸਭਾ ਚੋਣਾਂ ਹੋਣ ਜਾ ਰਹੀਆਂ ਹਨ| ਇਹਨਾਂ ਚੋਣਾਂ ਵਿੱਚ ਇਸ ਵਾਰ ਪੰਜਾਬ ਦਾ ਆਮ ਆਦਮੀ ਬੋਲਣ ਜਾ ਰਿਹਾ ਹੈ, ਜੋ ਕਿ ਗੈਰ ਜ਼ਿਮੇਵਾਰ ਸਰਕਾਰੀ ਸਿਸਟਮ ਦੀ ਮਾਰ ਤੋਂ ਤੰਗ ਆ ਕੇ ਹੁਣ ਤੱਕ ਲੁੱਟਿਆ-ਕੁੱਟਿਆ ਤੇ ਪ੍ਰੇਸ਼ਾਨ ਹੁੰਦਾ ਆ ਰਿਹਾ ਹੈ| ਗਰੀਬੀ, ਬੇਰੋਜ਼ਗਾਰੀ, ਭ੍ਰਿਸਟਾਚਾਰ, ਗਲਤ ਸਿਆਸੀਕਰਣ ਦਾ ਬੋਲਬਾਲਾ, ਹਰ ਮਹਿਕਮੇ ਵਿੱਚ ਗੈਰ ਜ਼ਿਮੇਵਾਰੀ ਵਾਲੀ ਦਖਲ ਅੰਦਾਜ਼ੀ ਕਾਰਨ ਆਮ ਲੋਕਾਂ ਨੂੰ ਇਨਸਾਫ ਨਾ ਮਿਲ ਸਕਣਾ, ਸਰਕਾਰੀ ਲਾਪਰਵਾਹੀ ਕਾਰਨ ਨਸ਼ਿਆਂ ਦਾ ਫੈਲਾਉ ਆਮ ਹੋ ਜਾਣਾ, ਜਿਸ ਕਰਕੇ ਕੁਝ ਖ਼ਤਰਨਾਕ ਨਸ਼ੇ ਘਰ-ਘਰ ਵਿੱਚ ਜਾ ਵੜੇ ਹਨ ਜਿਸ ਕਾਰਨ ਪੰਜਾਬੀ ਨੌਜਵਾਨ ਤਬਕਾ ਇਸਦਾ ਸ਼ਿਕਾਰ ਹੋਇਆ ਹੈ| ਕੁਝ ਵਿਸ਼ੇਸ਼ ਵਿਅਕਤੀਆਂ ਦੀ ਹੀ ਸਿਫਾਰਸ਼ ਤੇ ਸਰਕਾਰੀ ਵਿਭਾਗਾਂ ਵਿੱਚ ਫੈਸਲੇ ਲਏ ਜਾਣੇ ਜਾਂ ਉਹਨਾਂ ਦੀ ਮਨ ਚਾਹੀ ਇੱਛਾ ਅਨੁਸਾਰ ਬਦਲੇ ਜਾਣੇ, ਸਰਕਾਰੀ ਮਹਿਕਮਿਆਂ ਵਿੱਚ ਤਬਦੀਲੀਆਂ ਦੇ ਨਾਂ ਤੇ ਕਾਬਲ ਅਧਿਕਾਰੀਆਂ ਦੀ ਅਣਦੇਖੀ ਕਰਨੀ, ਲਾਭ ਵਾਲੇ ਅਹੁਦਿਆਂ ਤੇ ਆਪਣੇ -ਂਆਪਣੇ ਮਨਚਾਹੇ ਅਧਿਕਾਰੀ ਫਿੱਟ ਕੀਤੇ ਜਾਣੇ ਵਰਗੀਆਂ ਮਨ-ਮਾਨੀਆਂ ਨਾਲ ਆਮ ਆਦਮੀ ਦਾ ਮੋਹ ਹੁਣ ਤੱਕ ਦੀਆਂ  ਸਰਕਾਰਾਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ|
ਆਮ ਜਨਤਾ ਹਮੇਸ਼ਾਂ ਤੋਂ ਹੀ ਸੁਖ-ਖ਼ੁਸ਼ੀ ਤੇ ਅਮਨ ਭਰੀ ਜ਼ਿੰਦਗੀ ਜਿਉਣ ਦੀ ਕਾਮਨਾ ਕਰਦੀ ਆ ਰਹੀ ਹੈ| ਇਸੇ ਹੀ ਆਸ ਤੇ ਉਹ ਹਰ  ਵਾਰੀ ਵੋਟਾਂ ਦੇ ਆਪਣੇ ਅਧਿਕਾਰ ਨੂੰ ਵਰਤਦੀ ਆ ਰਹੀ ਹੈ| ਚੋਣ ਲੜਨ ਵਾਲੀਆਂ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੁਝ ਸੱਚੇ ਝੂਠੇ ਵਾਅਦਿਆਂ ਦੇ ਸਬਜ਼ ਬਾਗ ਦਿਖਾ ਕੇ ਆਮ ਜਨਤਾ ਨੂੰ ਆਪਣੇ-ਆਪਣੇ ਵੱਲ ਖਿੱਚ ਕੇ ਆਪਣੀ ਸਰਕਾਰ ਬਨਾਉਣ ਲਈ ਤਰਲੋ-ਮੱਛੀ ਹੁੰਦੀਆਂ ਦਿਖਾਈ ਦਿੰਦੀਆਂ ਹਨ| ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਚੋਂਣ ਮੈਨੀਫੈਸਟੋ ਵਿੱਚ ਕੀਤੇ ਵਾਇਦੇ ਪੂਰੇ ਕਰਨ ਵਿੱਚ ਸਰਕਾਰ ਅਸਮਰਥ ਦਿਖਾਈ ਦਿੰਦੀ ਹੈ| ਲੋਕਾਂ ਨੂੰ ਬੁੱਧੂ ਬਣਾ ਕੇ ਕੀਤੇ ਗਏ ਕੁਝ ਝੂਠੇ-ਸੱਚੇ ਵਾਅਦਿਆਂ ਦੇ ਲਾਲਚ ਵਿੱਚ ਉਹਨਾਂ ਨੂੰ ਫਸਾ ਕੇ ਪੂਰੇ ਪੰਜ ਸਾਲ ਖੁਦ ਸਰਕਾਰੀ ਰਾਜ-ਭਾਗ ਦਾ ਲੁਤਫ ਉਠਾਉਣਾ ਕੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਅਪਰਾਧ ਮੰਨਿਆ ਨਹੀਂ ਜਾਣਾ ਚਾਹੀਦਾ? ਜੋ ਸਰਕਾਰ ਲੋਕਾਂ ਨੂੰ ਜੀਵਨ ਦੀਆਂ ਆਮ ਸੁਖ-ਸੁਵਿਧਾਵਾਂ ਜੁਟਾਉਣ ਤੋਂ ਅਸਮਰਥ ਹੋ ਜਾਂਦੀ ਹੈ ਉਸਨੂੰ ਸਰਕਾਰ ਵਿੱਚ ਬਣੇ ਰਹਿਣ ਦਾ ਕੋਈ ਇਖਲਾਕੀ ਹੱਕ ਨਹੀਂ ਹੈ| ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਤੇ ਖਰੇ ਉਤਰਨਾ ਹੀ ਲੋਕਾਂ ਲਈ ਸਹੀ ਵਚਨ-ਬਧਤਾ ਹੈ ਜੋ ਕਿ ਹਰ ਹਾਲ ਵਿੱਚ ਪੂਰੀ ਹੋਣੀ ਬਣਦੀ ਹੈ|
ਆਜ਼ਾਦੀ ਤੋਂ ਬਾਅਦ ਹੁਣ ਤੱਕ ਰਾਜ ਕਰਨ ਵਾਲ਼ੀਆਂ ਪਾਰਟੀਆਂ ਲੋਕਾਂ ਅਨੁਸਾਰ ਖਰੀਆਂ ਨਾ ਉਤਰਨ ਕਾਰਣ ਜੇ ਵੋਟਰ ਅਜ ਬਦਲਾਉ ਦੇ ਮੂਡ ਹਨ ਤਾਂ ਇਸ ਵਿੱਚ ਅਚੰਭੇ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ| ਇਸ ਦੌਰ ਵਿੰਚ ਨਵੀਆਂ ਬਣੀਆਂ ਪਾਰਟੀਆਂ ਦੀ ਉਪਜ ਵੀ ਰਾਜ ਕਰਦੀਆਂ ਪਾਰਟੀਆਂ ਦੀ ਭਾਰਤੀ ਲੋਕਾਂ ਦੀਆਂ  ਇੱਛਾਵਾਂ ਅਨੁਸਾਰ ਖਰੇ ਨਾ ਉਤਰਣ ਕਾਰਣ ਹੀ ਹੋਈ ਹੈ| ਬਦਲਾਉ ਜਾਂ ਇਨਕਲਾਬ ਦੀ ਲਹਿਰ ਉਦੋਂ ਹੀ ਉਠਦੀ ਹੈ ਜਦੋਂ ਆਮ ਲੋਕ ਚਲ ਰਹੇ ਸਿਸਟਮ ਤੋਂ ਪੂਰੀ ਤਰ੍ਹਾਂ ਨਿਰਾਸ਼, ਅਵਾਜ਼ਾਰ, ਦੁਖੀ ਤੇ              ਪਰੇਸ਼ਾਨ ਹੋ ਉਠਣ| ਸਾਰਾ ਦੋਸ਼ ਤੇ ਇਲਜ਼ਾਮ ਦੀ ਜ਼ਿੰਮੇਵਾਰੀ ਦਾ ਅਹਿਸਾਸ ਮੌਜੂਦਾ ਹੁਕਮਰਾਨਾਂ ਨੂੰ ਭਲੀ ਭਾਂਤੀ ਹੋਣਾ ਚਾਹੀਦਾ ਹੈ ਕਿ ਹੁਕਮਰਾਨ ਪਾਰਟੀ ਦੇ ਲੋਕਾਂ ਦੀਆਂ ਲੋੜਾਂ ਪ੍ਰਤੀ ਸਜੱਗ ਨਾ ਹੋਣ ਕਾਰਣ ਹੀ ਨਵੀਆਂ ਪਾਰਟੀਆਂ ਤਾਕਤਵਰ ਹੋਈਆਂ ਹਨ|
ਪਿਛਲੀ ਸਰਕਾਰ ਦੇ ਸਮੇਂ ਵਿੱਚ ਵਿਕਾਸ ਦੇ ਨਾਂ ਤੇ ਪੰਜਾਬ ਵਿੱਚ ਜ਼ਮੀਨਾਂ ਕੇ ਰੇਟ ਅਸਮਾਨ ਨੂੰ ਛੂਹਣ ਤੱਕ ਜਾ ਪੁੱਜੇ ਸਨ| ਹਰ ਜ਼ਮੀਦਾਰ ਆਪਣੇ ਆਪ ਨੂੰ ਕਰੋੜਾਂ ਤੇ ਅਰਬਾਂਪਤੀ ਬਣਿਆਂ ਸੋਚਣ ਲੱਗ ਗਿਆ ਸੀ| ਜ਼ਮੀਨਾਂ ਵੇਚ ਵੇਚ ਕੇ ਕੋਠੀਆਂ-ਕਾਰਾਂ ਤੇ ਹੋਰ ਸੁਖ-ਸਾਧਨਾਂ ਦੇ ਸਮਾਨ ਖਰੀਦ ਲੈਣੇ ਵਿਕਾਸ ਦੀ ਨਿਸ਼ਾਨੀ ਨਹੀਂ ਹੁੰਦੀ| ਵਿਕਾਸ ਤਾਂ ਪੈਸੇ ਰਾਹੀਂ ਹੋਰ ਪੈਸਾ ਕੰਮਾ ਕੇ ਸੁਖ-ਸਾਧਨ ਜਟਾਉਣ ਦਾ ਨਾਂ ਹੈ| ਜ਼ਮੀਨਦਾਰ ਤਾਂ ਆਪਣੀ ਜ਼ਮੀਨ             ਵੇਚਕੇ ਆਪਣਾ ਡੰਗ ਟਪਾ ਲੈਣਗੇ ਪਰ ਪੰਜਾਬ ਦੇ ਦੂਜੇ ਹੋਰ ਵਰਗ ਵੀ ਨੇ ਜੋ ਘੱਟ ਜ਼ਮੀਨ ਦੇ ਮਾਲਕ ਹਨ ਜਾਂ ਜ਼ਮੀਨ ਰਹਿਤ ਹਨ ਉਹਨਾਂ ਦੇ ਜੀਵਨ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੀ ਹੈ|
2017 ਵਿੱਚ ਜਿਸ ਪਾਰਟੀ ਦੀ ਵੀ ਸਰਕਾਰ ਬਣੇ ਉਹ 100Üਫੀਸਦੀ ਪੂਰੀ ਇਮਾਨਦਾਰੀ, ਨੇਕ-ਨੀਤੀ ਨਾਲ ਕੰਮ ਕਰ ਕੇ ਲੋਕਾਂ ਨੂੰ ਯਕੀਨ ਦਿਵਾਵੇ ਕਿ ਉਹ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲੀ ਦੀਆਂ ਲੀਹਾਂ ਤੇ ਲੈ ਕੇ ਆਵੇਗੀ| ਸਭ ਨੂੰ ਰੋਟੀ-ਰੋਜ਼ੀ, ਇਨਸਾਫ਼, ਆਤਮ-ਸੁਰਖਿਆ, ਅਮਨ-ਚੈਨ ਤੇ ਸੁਖ-ਸੁਵਿਧਾ ਦੀ ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਮੁਹੱਈਆ ਕਰਵਾਏਗੀ| ਵੋਟਰ  ਆਪਣੀ ਵੋਟ  ਬਿਲਕੁਲ ਨਾ        ਵੇਚਣ, ਜੋ ਪਾਰਟੀ ਲੋਕਾਂ ਦੀ ਵੋਟ ਖਰੀਦਦੀ ਹੈ ਉਹ ਕਦੇ ਵੀ ਲੋਕਾਂ ਦੀ ਸ਼ੁਭ-ਚਿੰਤਕ ਨਹੀਂ ਹੋ ਸਕਦੀ| ਅਜਿਹੀ ਪਾਰਟੀ ਦੇ ਨੁਮਾਇੰਦੇ ਸਰਕਾਰ ਹਥਿਆ ਕੇ ਆਪਣੀਆਂ ਹੀ ਤਜੌਰੀਆਂ ਭਰਨ ਵਿੱਚ ਲੱਗ ਜਾਂਦੇ ਹਨ| ਂਉਹ ਕੇਵਲ ਵਪਾਰਕ ਪੱਖੋਂ ਹੀ ਆਪਣਾ ਲਾਭ-ਹਾਨੀ ਸਾਹਮਣੇ ਰੱਖਕੇ ਆਪਣੀਆਂ ਗੋਟੀਆਂ ਸੁੱਟਦੇ ਹਨ| ਜੇਕਰ ਵੋਟਰ ਕੁਝ ਕੂ ਪੈਸਿਆਂ ਦੇ ਲਾਲਚ ਵਿੱਚ ਆਪਣੀ ਕੀਮਤੀ ਵੋਟ ਵੇਚਦੇ ਹਨ ਤਾਂ ਉਹ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰ ਲੈਂਦੇ ਹਨ|
ਪੰਜਾਬ ਬੜੇ ਲੰਬੇ ਸਮੇਂ ਤੋਂ ਦੁਖਾਂਤ, ਪ੍ਰੇਸ਼ਾਨੀ ਤੇ ਆਤੰਕ ਦੇ ਵਾਤਾਵਰਣ ਵਿਚੋਂ ਲੰਘ ਕੇ ਸੁਖ-ਸ਼ਾਂਤੀ, ਅਮਨ-ਚੈਨ ਦੇ ਮਾਹੌਲ ਵਿੱਚ ਆ ਕੇ ਵਿਕਾਸ ਨਾਲ ਜੁੜਨਾ ਚਾਹੁੰਦਾ ਹੈ| ਪੰਜਾਬ ਦੇ ਲੋਕਾਂ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਪੰਜਾਬ ਤੇ ਪੰਜਾਬੀਆਂ ਨੂੰ ਦਿਲੋਂ ਸਮਝੇ ਤੇ ਉਹਨਾਂ ਦੀਆਂ ਸਾਰੀਆਂ ਜ਼ਰੂਰੀ ਸਮੱਸਿਆਵਾਂ ਦਾ ਪੂਰੀ ਸੰਜੀਦਗੀ ਹੱਲ ਕਰ ਸਕੇ|
ਅੱਜ ਦੇ ਸਮੇਂ ਵੱਲ ਝਾਤੀ ਮਾਰੀਏ ਤਾਂ ਲੱਗਦਾ ਹੈ ਕਿ ਲੋਕ ਸੱਤਾਧਾਰੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰਨ ਦੇ ਮੂਡ ਵਿੱਚ ਹਨ| ਇਸਦੇ ਬਦਲ ਵਜੋਂਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ (ਜਿਹੜੀ ਪੰਜਾਬ ਵਿੱਚ ਬਿਲਕੁਲ ਨਵੀਂ ਹੈ) ਵੀ ਮੈਦਾਨ ਵਿੱਚ ਹੈ| ਇਸ ਪਾਰਟੀ ਦਾ ਦਿੱਲੀ ਵਿੱਚ ਸਫਲਤਾ ਨਾਲ ਰਾਜ ਕਰਨ ਦਾ ਢੰਗ ਪੰਜਾਬ ਵਿੱਚ ਚੰਗੇ ਨਤੀਜੇ ਦਿਖਾ ਸਕਦਾ ਹੈ| ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵਜੋਂ ਚੰਗੇ ਸ਼ਾਸਕ ਰਹੇ ਹਨ| ਹੁਣ ਪੰਜਾਬ ਵਿੰਚ ਕਿਸਦੀ ਸਰਕਾਰ ਬਣਦੀ ਹ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਜਿਹੜੀ ਵੀ ਸਰਕਾਰ ਸੱਤਾ ਵਿੱਚ ਆਏਗੀ ਉਹ ਆਮ ਲੋਕਾਂ ਲਈ ਕਿੰਨੀ ਕੁ ਹਿਤੈਸ਼ੀ ਤੇ ਸ਼ੁੱਭਚਿੰਤਕ ਸਿੱਧ ਹੋਵੇਗੀ ਇਸ ਬਾਰੇ ਹੁਣੇ ਕੁੱਝ ਨਹੀਂ ਕਿਹਾ ਜਾ ਸਕਦਾ| ਸਾਡੇ ਲੀਡਰ ਆਪਣੇ ਵਾਇਦਿਆਂ ਤੇ ਕਿੰਨਾ ਕੂ ਖਰੇ ਉਤਰਨਗੇ ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ|
ਗੁਰਦਰਸ਼ਨ ਬੱਲ

Leave a Reply

Your email address will not be published. Required fields are marked *