ਹੁਣ ਪੰਜਾਬ ਦੇ ਪਿੰਡਾਂ ਵਿੱਚ ਪੈਰ ਪਸਾਰਣ ਲੱਗੀ ਭਾਜਪਾ ਕੇਂਦਰੀ ਲੀਡਰਸ਼ਿਪ ਵਲੋਂ ਭਾਜਪਾ ਦੇ ਸ਼ਹਿਰੀ ਰੂਪ ਨੂੰ ਬਦਲਣ ਦੀ ਕਵਾਇਦ, ਭਾਜਪਾ ਨੇ ਅਕਾਲੀ ਦਲ ਬਾਦਲ ਨੂੰ ਠਿੱਬੀ ਲਾਉਣ ਦੀ ਕੀਤੀ ਤਿਆਰੀ


ਚੰਡੀਗੜ੍ਹ, 24 ਅਕਤੂਬਰ (ਭਗਵੰਤ ਸਿੰਘ ਬੇਦੀ) ਭਾਜਪਾ ਨੂੰ ਆਮ ਤੌਰ ਤੇ ਸ਼ਹਿਰੀ ਲੋਕਾਂ ਦੀ ਪਾਰਟੀ ਸਮਝਿਆ ਜਾਂਦਾ ਹੈ ਪਰ ਹੁਣ ਭਾਜਪਾ ਦੀ ਕੇਂਦਰੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਦੇ ਇਸ ਰੂਪ ਨੂੰ ਬਦਲਣ ਦੀ ਕਵਾਇਦ ਆਰੰਭ ਕਰ ਦਿਤੀ ਗਈ ਹੈ| ਹੁਣ ਭਾਜਪਾ ਦੀ ਕੇਂਦਰੀ ਸੀਨੀਅਰ ਲੀਡਰਸ਼ਿਪ ਵਲੋਂ ਭਾਜਪਾ ਨੂੰ ਸ਼ਹਿਰੀ ਪਾਰਟੀ ਦੇ ਨਾਲ-ਨਾਲ ਦਿਹਾਤੀ ਅਤੇ ਪੇਂਡੂ ਪੱਧਰ ਤੇ ਮਜਬੂਤ ਕਰਕੇ ਪੂਰੇ ਭਾਰਤੀਆਂ ਦੀ ਪਾਰਟੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ| ਪਹਿਲਾਂ ਕਰਨਾਟਕ, ਫੇਰ ਯੂ ਪੀ ਅਤੇ ਹੁਣ ਪੰਜਾਬ ਵਿੱਚ ਭਾਜਪਾ ਵਲੋਂ ਇਸੇ ਨੀਤੀ ਤਹਿਤ ਭਾਜਪਾ ਦਾ ਰੱਥ ਪੇਂਡੂ ਖੇਤਰਾਂ ਵੱਲ ਮੋੜਿਆ ਗਿਆ ਹੈ| 
ਕਰਨਾਟਕ ਅਤੇ ਯੂ ਪੀ ਵਿੱਚ ਆਪਣੀ ਸਥਿਤੀ ਮਜਬੂਤ ਕਰਨ ਲਈ ਭਾਜਪਾ ਵਲੋਂ ਹੋਰਨਾਂ ਪਾਰਟੀਆਂ ਦੇ ਨਾਰਾਜ਼ ਅਤੇ ਅਣਗੌਲੇ ਆਗੂਆਂ ਨੂੰ ਭਾਜਪਾ ਵਿੱਚ ਲਿਆ ਕੇ ਆਪਣੇ ਪੈਰ ਜਮਾਏ ਗਏ ਸਨ| ਇਸੇ ਤਰਜ ਉਪਰ ਹੁਣ ਭਾਜਪਾ ਵਲੋਂ ਪੰਜਾਬ ਦੇ ਪੇਂਡੂ               ਖੇਤਰਾਂ ਵਿੱਚ ਪਾਰਟੀ ਦੀ ਮਜਬੂਤੀ ਲਈ ਯਤਨ ਕੀਤੇ ਜਾ ਰਹੇ ਹਨ|
ਪੰਜਾਬ ਵਿੱਚ ਅਕਾਲੀ ਦਲ ਬਾਦਲ ਨਾਲ ਭਾਜਪਾ ਦੀ ਰਾਜਸੀ ਸਾਂਝ ਟੁੱਟ ਗਈ ਹੈ, ਜਿਸ ਕਰਕੇ ਹੁਣ ਭਾਜਪਾ ਵਲੋਂ  ਅਕਾਲੀ ਦਲ ਬਾਦਲ  ਨੂੰ ਪੰਜਾਬ ਵਿੱਚ ਠਿੱਬੀ ਲਾਉਣ ਲਈ ਪਾਰਟੀ ਦੀ ਪੰਜਾਬ ਇਕਾਈ ਵਿੱਚ ਨਵੀਂ ਜਾਨ ਫੂਕੀ ਜਾ ਰਹੀ ਹੈ, ਜਿਸ ਦੇ ਤਹਿਤ ਵੱਖ ਵੱਖ ਪਾਰਟੀਆਂ ਦੇ ਰੁਸੇ ਅਤੇ ਨੁਕਰੇ ਲਗਾਏ ਹੋਏ ਆਗੂਆਂ ਨਾਲ ਭਾਜਪਾ ਆਗੂਆਂ ਵਲੋਂ ਸੰਪਰਕ ਕੀਤਾ ਜਾ ਰਿਹਾ ਹੈ| ਇਸ ਮੁਹਿੰਮ ਨੂੰ ਕਿਸਾਨ ਅੰਦੋਲਨ ਕਾਰਨ ਕੁਝ ਠੇਸ ਪਹੁੰਚੀ ਹੈ ਪਰ ਭਾਜਪਾ ਆਪਣੇ ਟੀਚੇ ਵੱਲ ਹੋਲੀ ਹੋਲੀ ਵੱਧਣ ਦਾ ਨਿਰੰਤਰ ਯਤਨ ਕਰ ਰਹੀ ਹੈ| ਭਾਜਪਾ ਦੇ ਗੜ੍ਹ ਸਮਝੇ ਜਾਂਦੇ ਮਾਝੇ ਅਤੇ ਦੋਆਬੇ ਦੇ ਕੁਝ ਹਿਸਿਆਂ ਵਿੱਚ ਪਾਰਟੀ ਪਹਿਲਾਂ ਹੀ ਪਿੰਡ ਪੱਧਰ ਤਕ ਆਪਣੀਆਂ ਜੜਾਂ ਜਮਾਂ ਕਰ ਚੁੱਕੀ ਹੈ, ਪਰ ਮਾਲਵਾ ਇਲਾਕੇ ਦੇ ਪੇਂਡੂ ਖੇਤਰਾਂ ਵਿੱਚ ਭਾਜਪਾ ਦਾ ਜਾਣਾ ਹਾਲੇ ਬੜੀ ਦੂਰ ਦੀ ਗੱਲ ਹੈ| ਮਾਲਵਾ ਵਿੱਚ ਇਕਾ ਦੁਕਾ ਇਲਾਕਿਆਂ ਨੂ ੰਛੱਡ ਕੇ ਹੋਰਨਾਂ ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਜਿਲ੍ਹਾ ਅਤੇ ਤਹਿਸੀਲ ਪੱਧਰ ਤਕ ਸੀਮਿਤ ਹੈ| ਮਾਲਵਾ ਇਲਾਕੇ ਵਿੱਚ ਭਾਜਪਾ ਨੂੰ ਮਜਬੂਤ ਕਰਨ ਦੀ ਜਿੰਮੇਵਾਰੀ ਪਾਰਟੀ ਵਲੋਂ ਭਾਜਪਾ ਦੇ ਇਕ ਦਰਜਨ ਤੋਂ ਵੱਧ ਆਗੂਆਂ ਦੇ ਮੌਢਿਆਂ ਤੇ ਪਾਈ ਗਈ ਹੈ, ਜੋ ਲਗਾਤਾਰ ਵੱਖ ਵੱਖ ਪਾਰਟੀਆਂ ਦੇ ਅਣਗੌਲੇ ਆਗੂਆਂ ਰਾਹੀਂ ਪਿੰਡਾਂ ਵਿੱਚ ਆਪਣੀ ਪੈਠ ਬਣਾਉਣ ਦਾ ਯਤਨ ਕਰ ਰਹੇ ਹਨ| ਇਸਦੇ ਨਾਲ ਭਾਜਪਾ ਵਲੋਂ ਛੋਟੀਆਂ ਛੋਟੀਆਂ ਸਿਆਸੀ ਪਾਰਟੀਆਂ ਨੂੰ ਵੀ ਆਪਣੇ ਖੇਮੇ ਵਿੱਚ  ਭਾਵ ਐਨ ਡੀ ਏ ਗਠਜੋੜ ਵਿੱਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ|  
ਇੱਥੇ ਜਿਕਰਯੋਗ ਹੈ ਕਿ ਅਕਾਲੀ ਦਲ ਬਾਦਲ ਤੋਂ ਬਹੁਤ ਸਾਰੇ ਆਗੂ ਪਹਿਲਾਂ ਹੀ ਵੱਖ ਹੋ ਕੇ ਜਾਂ ਤਾਂ ਵੱਖਰੀਆਂ ਪਾਰਟੀਆਂ ਬਣਾ ਚੁਕੇ ਹਨ ਜਾਂ ਫਿਰ ਘਰੋ ਘਰੀ ਬੈਠੇ ਹੋਏ ਹਨ, ਜਿਹਨਾਂ ਨੂੰ ਮੁੱਖ ਸਫਾਂ ਵਿੱਚ ਲੈ ਕੇ ਆਉਣ ਲਈ ਭਾਜਪਾ ਯਤਨਸ਼ੀਲ ਹੈ| 
ਭਾਜਪਾ ਵਲੋਂ ਅਕਾਲੀ ਦਲ ਬਾਦਲ ਦੇ ਗੜ੍ਹ ਮੰਨੇ ਜਾਂਦੇ ਪੰਜਾਬ ਦੇ ਮਾਲਵਾ ਇਲਾਕੇ ਦੇ ਪਿੰਡਾਂ ਵਿੱਚ ਆਪਣੀਆਂ ਸਰਗਰਮੀਆਂ ਤੇਜ ਕਰ ਦਿਤੀਆਂ ਹਨ| ਜਿਸ ਤਰਾਂ ਭਾਰਤ ਦੀ ਕੇਂਦਰ ਸਰਕਾਰ ਬਣਨ ਵਿੱਚ ਬਿਹਾਰ ਅਤੇ ਯੂ ਪੀ ਦੇ ਲੋਕ ਸਭਾ ਹਲਕਿਆਂ ਤੋਂ ਚੁਣੇ ਲੋਕ ਸਭਾ ਮੈਂਬਰਾਂ ਦਾ ਸਭ ਤੋਂ ਜਿਆਦਾ ਯੋਗਦਾਨ ਹੁੰਦਾ ਹੈ, ਉਸੇ ਤਰਾਂ ਪੰਜਾਬ ਵਿੱਚ ਸਰਕਾਰ ਦੀ ਚੋਣ ਵਿੱਚ ਮਾਲਵਾ ਇਲਾਕੇ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਅਤੇ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਮੰਨੇ ਜਾਂਦੇ ਮਾਲਵਾ ਇਲਾਕੇ ਦੀ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਥਾਂ ਹੈ|  ਅਤੇ ਇਸ ਗਲ ਨੂੰ ਸਮਝਦਿਆਂ ਹੁਣ ਭਾਜਪਾ ਵਲੋਂ ਪਾਰਟੀ ਦੀਆਂ ਸਰਗਰਮੀਆਂ ਮਾਲਵਾ ਇਲਾਕੇ ਦੇ ਦੇਹਾਤੀ ਇਲਾਕਿਆਂ ਵੱਲ ਮੋੜ ਦਿਤੀਆਂ ਗਈਆਂ ਹਨ| ਇਸ ਤੋਂ ਜਾਪਦਾ ਹੈ ਕਿ ਭਾਜਪਾ ਹੁਣ ਅਗਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਆਪਣੇ ਦਮ ਤੇ ਲੜਨ ਦਾ ਮਨ ਪੂਰੀ ਤਰਾਂ ਬਣਾ ਚੁਕੀ ਹੈ| 
ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਣ ਕਾਰਨ ਪੰਜਾਬ ਦੇ ਭਾਜਪਾ ਆਗੂ ਬਹੁਤ ਉਤਸ਼ਾਹਿਤ ਹਨ ਅਤੇ ਪੰਜਾਬ ਵਿੱਚ ਅਗਲੀਆਂ ਚੋਣ ਇਕਲੇ ਤੌਰ ਤੇ ਲੜਨ ਲਈ ਤਿਆਰੀ ਕਰ ਰਹੇ ਹਨ| ਜਦੋਂ ਭਾਜਪਾ ਦੀ ਅਕਾਲੀ ਦਲ ਬਾਦਲ ਨਾਲ ਸਾਂਝ ਸੀ ਤਾਂ ਭਾਜਪਾ ਪੰਜਾਬ ਦੇ ਦੇਹਾਤੀ ਇਲਾਕਿਆਂ ਵੱਲ ਜਿਆਦਾ ਧਿਆਨ ਨਹੀਂ ਸੀ ਦਿੰਦੀ ਅਤੇ ਅਕਾਲੀ ਦਲ ਬਾਦਲ ਸ਼ਹਿਰੀ ਇਲਾਕਿਆਂ ਨੂੰ ਭਾਜਪਾ ਲਈ ਛੱਡ ਦਿੰਦਾ ਸੀ, ਇਸ ਤਰਾਂ ਦੋਵਾਂ ਲਈ ਸਥਿਤੀ ਬਿਹਤਰ ਬਣੀ ਰਹਿੰਦੀ ਸੀ ਪਰ ਹੁਣ ਦੋਵਾਂ ਪਾਰਟੀਆਂ ਦੀ ਸਾਂਝ ਟੁੱਟਣ ਕਰਕੇ ਸ਼ਹਿਰੀ ਖੇਤਰਾਂ ਦੇ ਨਾਲ- ਨਾਲ ਦੇਹਾਤੀ ਖੇਤਰਾਂ ਵਿੱਚ ਦੋਵੇਂ ਪਾਰਟੀਆਂ ਆਹਮੋ ਸਾਹਮਣੇ ਆ ਗਈਆਂ ਹਨ| 
ਇਹ ਵੀ ਕਿਹਾ ਜਾ ਸਕਦਾ ਹੈ ਕਿ ਆਉਣ ਵਾਲਾ ਸਮਾਂ ਭਾਜਪਾ ਅਤੇ ਅਕਾਲੀ ਦਲ ਬਾਦਲ ਦੀ ਆਪਸੀ ਖਿਚੋਤਾਨ ਕਾਰਨ ਹੋਰਨਾਂ ਸਿਆਸੀ ਪਾਰਟੀਆਂ ਲਈ ਅਤੇ ਪੰਜਾਬ ਦੇ ਰਾਜਸੀ ਸੂਝ ਰੱਖਣ ਵਾਲੇ ਲੋਕਾਂ ਲਈ ਦਿਲਚਸਪੀ ਭਰਿਆ ਹੇਵੇਗਾ| 

Leave a Reply

Your email address will not be published. Required fields are marked *