ਹੁਣ ਪੱਤਰ ਵਿਹਾਰ ਨਾਲ ਨਹੀਂ ਹੋ ਸਕੇਗੀ ਤਕਨੀਕੀ ਸਿੱਖਿਆ ਦੀ ਪੜ੍ਹਾਈ

ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਪੱਤਰ ਵਿਹਾਰ ਰਾਹੀਂ ਤਕਨੀਕੀ ਪੜ੍ਹਾਈ ਨੂੰ ਮਾਨਤਾ ਨਹੀਂ ਦਿੱਤੀ  ਤਾਂ ਇਹ ਉਚਿਤ ਹੀ ਹੈ| ਇਸ ਤੋਂ ਪਹਿਲਾਂ ਉੜੀਸਾ ਹਾਈਕੋਰਟ ਨੇ ਇਸ ਗੱਲ ਨੂੰ ਮੰਜ਼ੂਰੀ ਪ੍ਰਦਾਨ ਕਰ ਦਿੱਤੀ ਸੀ ਕਿ ਪੱਤਰ ਵਿਹਾਰ ਦੇ ਮਾਧਿਅਮ ਨਾਲ ਤਕਨੀਕੀ ਸਿੱਖਿਆ ਉਪਲੱਬਧ ਕਰਵਾਈ ਜਾ ਸਕਦੀ ਹੈ| ਪਰੰਤੂ ਤਕਨੀਕੀ ਸਿੱਖਿਆ ਅਤੇ ਖਾਸ ਤੌਰ ਤੇ ਇੰਜੀਨਿਅਰਿੰਗ ਅਤੇ ਮੈਡੀਕਲ ਵਰਗੇ ਵਿਸ਼ਿਆਂ ਵਿੱਚ ਜੇਕਰ ਪੱਤਰ ਵਿਹਾਰ  ਦੇ ਮਾਧਿਅਮ ਨਾਲ ਪੜਾਈ ਕੀਤੀ ਜਾਂਦੀ ਹੈ ਤਾਂ ਉਹ ਕਿੰਨੀ ਗੁਣਵੱਤਾਪੂਰਣ,  ਲਾਭਦਾਇਕ ਅਤੇ ਵਿਵਹਾਰਕ ਹੋਵੇਗੀ,  ਇਹ ਸਮਝਣਾ ਮੁਸ਼ਕਿਲ ਨਹੀਂ ਹੈ| ਹਾਲਾਂਕਿ ਇਸ ਮਸਲੇ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਇਹ ਵਿਵਸਥਾ ਦਿੱਤੀ ਸੀ ਕਿ ਇਹਨਾਂ ਵਿਸ਼ਿਆਂ ਵਿੱਚ ਪੱਤਰਵਿਹਾਰ ਦਾ ਸਹਾਰਾ ਮੰਨਣਯੋਗ ਨਹੀਂ ਹੋਵੇਗਾ|  ਪਰੰਤੂ ਦੋ ਹਾਈ ਕੋਰਟਾਂ ਦੇ ਇੱਕਦਮ ਵੱਖ ਫੈਸਲਿਆਂ ਨੂੰ ਦੇਖਦਿਆਂ ਸੁਪਰੀਮ ਕੋਰਟ ਦਾ ਨਜਰੀਆ ਸਾਹਮਣੇ ਆਉਣਾ ਜ਼ਰੂਰੀ ਸੀ ਅਤੇ ਉਸਨੇ ਦੋ ਟੂਕ ਫੈਸਲਾ ਸੁਣਾਇਆ ਹੈ|
ਇੰਜ ਵੀ ਤਕਨੀਕੀ ਸਿੱਖਿਆ ਦੀ ਬੁਨਿਆਦ ਉਤੇ ਹੋਣ ਵਾਲੇ ਕਿਸੇ ਵੀ ਕੰਮ ਵਿੱਚ ਪ੍ਰਯੋਗ  ਦੇ ਪੱਧਰ ਤੇ ਵੀ ਪੂਰਨ ਯੋਗਤਾ ਦੀ ਮੰਗ ਹੁੰਦੀ ਹੈ|  ਦੂਜੇ ਸਾਧਾਰਨ ਕੰਮਾਂ ਵਿੱਚ ਛੋਟੀਆਂ – ਮੋਟੀਆਂ ਗਲਤੀਆਂ ਜਾਂ ਕਮੀਆਂ ਦੀ ਭਰਪਾਈ ਹੋ ਜਾਂਦੀ ਹੈ| ਪਰੰਤੂ ਜੋ ਕੰਮ ਪੂਰੀ ਤਰ੍ਹਾਂ ਕਿਸੇ ਤਕਨੀਕ ਉਤੇ ਨਿਰਭਰ ਹੁੰਦੇ ਹਨ, ਉਨ੍ਹਾਂ ਵਿੱਚ ਮਾਮੂਲੀ – ਜਿਹੀ ਖੁੰਝ ਵੀ ਕਿਸੇ ਪ੍ਰਯੋਗ ਨੂੰ ਨਾਕਾਮ ਕਰ ਸਕਦੀ ਹੈ ਜਾਂ ਫਿਰ ਕੋਈ ਹਾਦਸਾ ਹੋ ਸਕਦਾ ਹੈ| ਇਸ ਲਈ ਤਕਨੀਕੀ ਵਿਸ਼ੇ ਦੇ ਅਧਿਐਨ ਵਿੱਚ ਸਿਧਾਂਤਕ ਸਮਝ ਦੇ ਨਾਲ-ਨਾਲ ਵਿਵਹਾਰਕ ਗਿਆਨ ਜਾਂ ਟ੍ਰੇਨਿੰਗ ਨੂੰ ਵੀ ਓਨਾ ਹੀ, ਜਾਂ ਕੁੱਝ ਜ਼ਿਆਦਾ ਹੀ ਮਹੱਤਵ ਦਿੱਤਾ ਜਾਂਦਾ ਹੈ|
ਜਦੋਂ ਸਕੂਲ ਪੱਧਰ ਤੇ ਵਿਗਿਆਨ  ਦੇ ਵਿਸ਼ਿਆਂ ਦੀ ਪੜ੍ਹਾਈ ਵਿੱਚ ਪ੍ਰਯੋਗਸ਼ਾਲਾ ਦਾ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ ਤਾਂ ਅੱਗੇ ਦੀ ਪੜ੍ਹਾਈ ਲਈ ਪ੍ਰੈਕਟੀਕਲ ਜਾਂ ਵਿਵਹਾਰਕ  ਟ੍ਰੇਨਿੰਗ ਦਾ ਕੀ ਮਹੱਤਵ ਹੋਵੇਗਾ, ਕਹਿਣ ਦੀ ਜ਼ਰੂਰਤ ਨਹੀਂ| ਇੰਜ ਦੇਸ਼ ਵਿੱਚ ਕਿਸੇ ਵੀ ਸੰਸਥਾਨ ਵਿੱਚ ਤਕਨੀਕੀ ਸਿੱਖਿਆ ਦੇ ਕੋਰਸ  ਚਲਾਉਣ ਲਈ                 ਐਸਆਈਸੀਟੀਈ ਮਤਲਬ ਸੰਪੂਰਣ ਭਾਰਤੀ ਤਕਨੀਕੀ ਸਿੱਖਿਆ ਪ੍ਰੀਸ਼ਦ ਦੀ ਮੰਜ਼ੂਰੀ ਲੈਣਾ ਲਾਜ਼ਮੀ ਹੈ| ਹਰ ਤਰ੍ਹਾਂ  ਦੇ ਤਕਨੀਕੀ ਕੋਰਸ  ਚਲਾਉਣ ਵਾਲੇ ਸਰਕਾਰੀ ਅਤੇ ਗੈਰ – ਸਰਕਾਰੀ ਸੰਸਥਾਨ ਐਸਆਈਸੀਟੀਈ ਦੇ ਨਿਯਮਾਂ ਦੇ ਮੁਤਾਬਕ ਹੀ ਸੰਚਾਲਿਤ ਕੀਤੇ ਜਾਂਦੇ ਹਨ| ਇਹਨਾਂ ਕੋਰਸਾਂ  ਦੇ ਤਹਿਤ ਇੰਜੀਨੀਅਰਿੰਗ ਡਿਗਰੀ,  ਇੰਜੀਨੀਅਰਿੰਗ ਡਿਪਲੋਮਾ, ਮੈਡੀਕਲ,  ਫਾਰਮੇਸੀ  ਦੇ ਕੋਰਸ ਚਲਾਏ ਜਾਂਦੇ ਹਨ| ਪਰੰਤੂ ਪਿਛਲੇ ਕੁੱਝ ਸਾਲਾਂ  ਦੇ ਦੌਰਾਨ ਇੰਜੀਨੀਅਰਿੰਗ ਅਤੇ ਮੈਡੀਕਲ ਵਿਸ਼ਿਆਂ ਵਿੱਚ ਪੜਾਈ ਲਈ ਜਿਹੋ ਜਿਹਾ ਬਾਜ਼ਾਰ ਖੜਾ ਹੋਇਆ ਹੈ, ਉਸ ਵਿੱਚ ਦੇਸ਼ ਭਰ ਵਿੱਚ ਅਜਿਹੇ ਸੰਸਥਾਨ ਖੁੱਲੇ ਹਨ, ਜੋ ਨਿਯਮਿਤ ਕੋਚਿੰਗ ਚਲਾਉਣ ਤੋਂ ਇਲਾਵਾ ਪਤਰ ਵਿਹਾਰ ਰਾਹੀਂ ਵੀ ਡਿਗਰੀ ਜਾਂ ਡਿਪਲੋਮਾ ਉਪਲੱਬਧ ਕਰਾਉਣ ਦਾ ਭਰੋਸਾ ਦਿੰਦੇ ਹਨ|
ਪਰੰਤੂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਮੈਡੀਕਲ ਦਾ ਵਿਦਿਆਰਥੀ ਸਿਰਫ਼ ਕਿਤਾਬ ਪੜ ਕੇ ਕਿਸੇ ਬਿਮਾਰੀ ਜਾਂ ਖਾਸ ਤੌਰ ਤੇ ਆਪਰੇਸ਼ਨ ਵਿੱਚ ਪ੍ਰਯੋਗ ਕਰਦਾ ਹੈ ਤਾਂ ਕਿਵੇਂ ਦੀ ਹਾਲਤ ਪੈਦਾ ਹੋ ਸਕਦੀ ਹੈ!  ਇਸੇ ਤਰ੍ਹਾਂ ਇੰਜੀਨਿਅਰਿੰਗ ਜਾਂ ਫਿਰ ਕੰਪਿਊਟਰ ਵਿਗਿਆਨ ਵਿੱਚ ਯੋਗਤਾ ਦਾ ਤਕਾਜਾ ਸਿਰਫ ਇੰਨੇ ਨਾਲ ਸਮਝਿਆ ਜਾ ਸਕਦਾ ਹੈ ਕਿ ਕਿਸੇ ਭਾਰੀ ਮਸ਼ੀਨ, ਜਹਾਜ਼ ਜਾਂ ਤਕਨੀਕੀ ਵਿੱਚ ਸਿਰਫ਼ ਇੱਕ ਯੰਤਰ ਦੀ ਜਾਂਚ ਵਿੱਚ ਮਾਮੂਲੀ ਚੂਕ ਵੀ ਹਾਦਸੇ ਦਾ ਸਬੱਬ ਬਣ ਸਕਦੀ ਹੈ| ਇਸ ਲਈ ਅਦਾਲਤ ਦੇ ਤਾਜ਼ਾ ਫੈਸਲੇ ਦੀ ਸਾਰਥਕਤਾ ਜਾਹਿਰ ਹੈ | ਪਰੰਤੂ ਸਰਕਾਰ ਨੂੰ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਇਸ ਖੇਤਰ ਵਿੱਚ ਜਿੰਨੀ ਵੱਡੀ  ਗਿਣਤੀ ਵਿੱਚ ਵਿਦਿਆਰਥੀ ਆ ਰਹੇ ਹਨ ਉਨ੍ਹਾਂ ਦੇ ਲਈ ਲੋੜੀਂਦੀ ਗਿਣਤੀ ਵਿੱਚ ਪ੍ਰਯੋਗਸ਼ਾਲਾਵਾਂ ਨਾਲ ਲੈਸ ਸੰਸਥਾਨ ਨਹੀਂ ਹਨ| ਫਿਰ, ਬਹੁਤ ਸਾਰੇ ਨਿਜੀ ਸੰਸਥਾਨ ਸਿਰਫ ਮੋਟੀ ਕਮਾਈ ਦੀ ਇੱਛਾ ਨਾਲ ਖੋਲ੍ਹੇ ਗਏ ਹਨ| ਇਸ ਸਮੱਸਿਆ ਨਾਲ ਕੌਣ ਨਿਪਟੇਗਾ?
ਰਾਹੁਲ ਮਹਾਜਨ

Leave a Reply

Your email address will not be published. Required fields are marked *