ਹੁਣ ਫੇਰ ਹਰ ਪਾਸੇ ਝੋਨਾ ਹੀ ਝੋਨਾ

ਪੂਰੇ ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਫਸਲ ਵੱਡੇ ਪੱਧਰ ਉਪਰ ਬੀਜੀ ਜਾ ਰਹੀ ਹੈ| ਜਿਧਰ ਵੀ ਨਜ਼ਰ ਘੁੰਮਾਈ ਜਾਵੇ ਤਾਂ ਹਰ ਪਾਸੇ ਹੀ ਖੇਤਾਂ ਵਿੱਚ ਝੋਨਾ ਲਾਉਂਦੇ ਪਰਵਾਸੀ ਮਜਦੂਰ ਦਿਖਾਈ ਦੇ ਰਹੇ ਹਨ| ਅੱਜ ਅਤੇ ਬੀਤੇ ਦਿਨ ਪਏ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜਾ ਹੋ ਗਿਆ ਹੈ, ਜਿਸ ਦਾ ਕਿਸਾਨ ਲਾਭ ਲੈ ਕੇ ਝੋਨੇ ਦੀ ਪਨੀਰੀ ਲਗਵਾ ਰਹੇ ਹਨ| ਇਸ ਤੋਂ ਇਲਾਵਾ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਹੀ ਅਨੇਕਾਂ ਕਿਸਾਨਾਂ ਨੇ ਝੋਨਾ ਲਗਵਾਉਣਾ ਸ਼ੁਰੂ ਕਰ ਦਿਤਾ ਸੀ ਭਾਵੇਂ ਕਿ ਪੰਜਾਬ ਸਰਕਾਰ ਨ 20 ਜੂਨ ਤੋਂ ਪਹਿਲਾਂ ਝੋਨਾ ਬੀਜਣ ਦੀ ਮਨਾਹੀ ਕੀਤੀ ਹੋਈ ਸੀ ਪਰ ਸਰਕਾਰ ਦੀ ਮਨਾਹੀ ਜਾਂ ਪਾਬੰਦੀ ਦਾ ਕਦੇ ਵੀ ਕਿਸਾਨਾਂ ਉਪਰ ਕੋਈ ਅਸਰ ਨਹੀਂ ਹੁੰਦਾ ਇਸ ਕਰਕੇ ਇਹ ਸਿਲਸਿਲਾ ਹਰ ਸਾਲ ਹੀ ਚਲਦਾ ਰਹਿੰਦਾ ਹੈ| ਇਹ ਠੀਕ ਹੈ ਕਿ ਕੁਝ ਥਾਵਾਂ ਉਪਰ 20 ਜੂਨ ਤੋਂ ਪਹਿਲਾਂ ਹੀ ਲਗਾਇਆ ਗਿਆ ਝੋਨਾ ਪ੍ਰਸ਼ਾਸਨ ਵਲੋਂ ਵਾਹ ਦਿੱਤਾ ਗਿਆ ਸੀ ਪਰ ਇਸਦੇ ਬਾਵਜੂਦ ਵੱਡੀ ਗਿਣਤੀ ਕਿਸਾਨਾਂ ਨੇ ਝੋਨਾ 20 ਜੂਨ ਤੋਂ ਪਹਿਲਾਂ ਹੀ ਲਗਵਾ ਲਿਆ ਸੀ ਅਤੇ ਕਈ ਇਲਾਕਿਆਂ ਵਿੱਚ ਅੱਜ ਕਲ ਵੀ ਝੋਨਾ ਲਗਾਇਆ ਜਾ ਰਿਹਾ ਹੈ|
ਪੰਜਾਬ ਦੇ ਖੇਤਾਂ ਦਾ ਦੌਰਾ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਖੇਤਾਂ ਵਿੱਚ ਝੋਨਾ ਪਰਵਾਸੀ ਮਜਦੂਰਾਂ ਵਲੋਂ ਹੀ ਲਾਇਆ ਜਾ ਰਿਹਾ ਹੈ| ਕਿਸਾਨ ਆਪ ਤਾਂ ਜਾਂ ਮੰਡੀ ਵਿੱਚ ਆੜਤੀਏ ਕੋਲ ਗੇੜੇ ਮਾਰ ਰਹੇ ਹਨ ਜਾਂ ਫਿਰ ਸ਼ਹਿਰਾਂ ਵਿਚ ਕਿਸੇ ਕੰਮ ਫਿਰਦੇ ਹਨ| ਜਦੋਂ ਕੁਝ ਕਿਸਾਨਾਂ ਨੂੰ ਪੁੱਛਿਆ ਕਿ ਖੇਤਾਂ ਵਿੱਚ ਹਰ ਵਾਰੀ ਝੋਨਾ ਪਰਵਾਸੀ ਮਜਦੂਰਾਂ ਤੋਂ ਹੀ ਕਿਉਂ ਲਗਵਾਉਂਦੇ ਹੋ ਅਤੇ ਪੰਜਾਬੀ ਲੇਬਰ ਤੋਂ ਇਹ ਕੰਮ ਕਿਉਂ ਨਹੀਂ ਕਰਵਾਇਆ ਜਾਂਦਾ ਤਾਂ ਉਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਤਾਂ ਪੰਜਾਬੀ ਲੇਬਰ ਮਹਿੰਗੀ ਬਹੁਤ ਪੈਂਦੀ ਹੈ, ਦੂਜਾ ਪੰਜਾਬੀ ਲੇਬਰ ਦੇ ਅੱਧੀ ਦਰਜਨ ਮੈਂਬਰ ਇੱਕ ਦਿਨ ਵਿੱਚ ਸਿਰਫ ਇੱਕ ਕਿੱਲੇ ਵਿੱਚ ਹੀ ਝੋਨਾ ਲਗਾਉਂਦੇ ਹਨ ਜਦੋਂਕਿ ਪਰਵਾਸੀ ਮਜਦੂਰਾਂ ਦੇ ਅੱਧੀ ਦਰਜਨ ਮੈਂਬਰ ਇੱਕ ਦਿਨ ਵਿੱਚ ਢਾਈ ਕਿਲੇ ਵਿੱਚ ਝੋਨਾ ਲੱਗਾ ਦਿੰਦੇ ਹਨ ਅਤੇ ਪਰਵਾਸੀ ਮਜਦੂਰ ਕੰਮ ਵੱਧ ਕਰਕੇ ਵੀ ਮਜਦੂਰੀ ਠੀਕ ਠੀਕ ਲੈਂਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਪਰਵਾਸੀ ਲੇਬਰ ਹੀ ਠੀਕ ਬੈਠਦੀ ਹੈ|
ਇਥੇ ਇਹ ਜਿਕਰਯੋਗ ਹੈ ਕਿ ਝੋਨਾ ਲਗਾਉਣ ਦੇ ਦਿਨਾਂ ਵਿੱਚ ਪਰਵਾਸੀ ਲੇਬਰ ਦੀ ਭਾਲ ਲਈ ਕਿਸਾਨ ਅਕਸਰ ਹੀ ਰਾਜਪੁਰਾ, ਲਿਧਆਣਾ ਅਤੇ ਹੋਰ ਸਟੇਸ਼ਨਾਂ ਉਪਰ ਡੇਰਾ ਲਗਾ ਲੈਂਦੇ ਹਨ ਅਤੇ ਯੂ. ਪੀ. ਬਿਹਾਰ ਤੋਂ ਆਉਣ ਵਾਲੇ ਮਜਦੂਰਾਂ ਨਾਲ ਉਥੇ ਹੀ ਗਲਬਾਤ ਨਿਬੇੜ ਕੇ ਆਪਣੇ ਨਾਲ ਲੈ ਜਾਂਦੇ ਹਨ| ਹੁਣ ਪਰਵਾਸੀ ਮਜਦੂਰ ਵੀ ਸਿਆਣੇ ਹੋ ਗਏ ਹਨ, ਉਹ ਮੋਬਾਇਲ ਉਪਰ ਕਿਸਾਨਾਂ ਨਾਲ ਸੰਪਰਕ ਰਖਦੇ ਹਨ ਅਤੇ ਵੱਡੀ ਗਿਣਤੀ ਮਜਦੂਰ ਬਿਹਾਰ ਤੇ ਯੂ ਪੀ ਤੋਂ ਚਲਣ ਤੋਂ ਪਹਿਲਾਂ ਹੀ ਆਪਣੇ ਜਾਣ ਪਹਿਚਾਣ ਵਾਲੇ ਕਿਸਾਨਾਂ ਨਾਲ ਮੋਬਾਇਲ ਉਪਰ ਸੰਪਰਕ ਕਰਕੇ ਉਹਨਾਂ ਤੋਂ ਆਪਣੀ ਮਜਦੂਰੀ ਐਂਡਵਾਸ ਵਿੱਚ ਹੀ ਯੂ. ਪੀ. ਬਿਹਾਰ ਵਿੱਚ ਸਥਿਤ ਬੈਂਕਾਂ ਵਿਚਲੇ ਆਪਣੇ ਖਾਤਿਆਂ ਵਿੱਚ ਜਮਾਂ ਕਰਵਾ ਲੈਂਦੇ ਹਨ| ਕਿਸਾਨਾਂ ਨੂੰ ਮਜਬੂਰ ਬਸ ਸਭ ਕੁੱਝ ਕਰਨਾ ਪੈਂਦਾ ਹੈ| ਇਸ ਤੋਂ ਇਲਾਵਾ ਕਿਸਾਨਾਂ ਨੂੰ ਪਰਵਾਸੀ ਮਜਦੂਰਾਂ ਵਾਸਤੇ ਰਿਹਾਇਸ਼, ਰੋਟੀ, ਚਾਹ ਪਾਣੀ ਅਤੇ ਮੋਬਾਇਲ ਦਾ ਵੀ ਪ੍ਰਬੰਧ ਕਰਨਾ ਪੈਂਦਾ ਹੈ| ਇਸਦੇ ਬਾਵਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਲਗਾਉਣ ਜਾਂ ਕਟਾਈ ਵੇਲੇ ਪਰਵਾਸੀ ਲੇਬਰ ਹੀ ਸਸਤੀ ਪੈਂਦੀ ਹੈ| ਝੋਨਾ ਅਸਲ ਵਿੱਚ ਅਜਿਹੀ ਫਸਲ ਹੈ, ਜੋ ਕਿ ਪਾਣੀ ਬਹੁਤ ਪੀਂਦੀ ਹੈ| ਪੰਜਾਬ ਵਿੱਚ ਲਗਾਤਾਰ ਵੱਡੀ ਮਾਤਰਾ ਵਿੱਚ ਝੋਨਾ ਬੀਜਿਆ ਜਾਣ ਕਰਕੇ ਹੀ ਪੰਜਾਬ ਦੀ ਧਰਤੀ ਹੇਠਲਾ ਪਾਣੀ ਮੁਕਦਾ ਜਾ ਰਿਹਾ ਹੈ| ਇਸਦੇ ਨਾਲ ਹੀ ਹੁਣ ਪੰਜਾਬ ਵਿੱਚ ਪੀਣ ਵਾਲੇ ਪਾਣੀ ਦੀ ਵੀ ਘਾਟ ਪੈਦਾ ਹੋ ਗਈ ਹੈ, ਇਸਦੇ ਬਾਵਜੂਦ ਕਿਸਾਨਾਂ ਵਲੋਂ ਵੱਧ ਪਾਣੀ ਪੀਣ ਵਾਲੀ ਫਸਲ ਝੋਨਾ ਹੀ ਮੁੱਖ ਫਸਲ ਦੇ ਤੌਰ ਉਪਰ ਵੱਡੇ ਪੱਧਰ ਉਪਰ ਬੀਜਿਆ ਜਾ ਰਿਹਾ ਹੈ| ਖੇਤੀ ਮਾਹਿਰ ਕਹਿੰਦੇ ਹਨ ਕਿ ਇੱਕ ਕਿਲੋ ਚਾਵਲ ਲਈ ਚਾਲੀ ਕਿਲੋ ਪਾਣੀ ਦੀ ਖਪਤ ਹੁੰਦੀ ਹੈ ਇਸ ਕਰਕੇ ਝੋਨੇ ਦੀ ਫਸਲ ਪਾਣੀ ਪੀਣੀ ਵੀ ਕਹੀ ਜਾਂਦੀ ਹੈ| ਝੋਨੇ ਦੀ ਫਸਲ ਵਿੱਚ ਲਗਾਇਆ ਗਿਆ ਪਾਣੀ ਕੱਦੂ ਕੀਤਾ ਹੋਣ ਕਰਕੇ ਧਰਤੀ ਵਿੱਚ ਰਿਸਦਾ ਵੀ ਨਹੀਂ| ਇਸ ਕਰਕੇ ਝੋਨੇ ਦੀ ਫਸਲ ਕਾਰਨ ਪੰਜਾਬ ਵਿੱਚ ਪਾਣੀ ਦੀ ਘਾਟ ਆ ਗਈ ਹੈ, ਪਰ ਕਿਸਾਨ ਫਿਰ ਵੀ ਝੋਨਾ ਹੀ ਬੀਜਣ ਲਈ ਬਜਿੱਦ ਹਨ|
ਕਈ ਪੰਥਕ ਜਥੇਬੰਦੀਆਂ ਨੇ ਵੀ ਕਈ ਸਾਲ ਪਹਿਲਾਂ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਝੋਨਾ ਅਤੇ ਸਫੈਦਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਰੇਗਿਸਤਾਨ ਬਣਾਉਣ ਲਈ ਹੀ ਭੇਜੇ ਹਨ ਅਤੇ ਪੰਜਾਬੀ ਅੰਨੇਵਾਹ ਝੋਨਾ ਅਤੇ ਸਫੇਦੇ ਦੇ ਰੁੱਖ ਬੀਜ ਕੇ ਪੰਜਾਬ ਨੂੰ ਖੁਦ ਆਪਣੇ ਹੱਥੀਂ ਰੇਗਿਸਤਾਨ ਬਣਾਉਣ ਵਲ ਜਾ ਰਹੇ ਹਨ| ਖੇਤੀ ਮਾਹਿਰ ਵੀ ਲੰਮੇਂ ਸਮੇਂ ਤੋਂ ਇਹ ਹੀ ਕਹਿ ਰਹੇ ਹਨ ਕਿ ਝੋਨਾ ਅਤੇ ਸਫੈਦੇ ਲਗਾਉਣ ਕਾਰਨ ਪੰਜਾਬ ਦੀ ਜਮੀਨ ਬੰਜਰ ਹੁੰਦੀ ਜਾ ਰਹੀ ਹੈ, ਇਸ ਲਈ ਕਿਸਾਨਾਂ ਨੂੰ ਝੋਨਾ ਲਗਾਉਣੀਆਂ ਦੀ ਥਾਂ ਘਟ ਪਾਣੀ ਪੀਣ ਵਾਲੀਆਂ ਫਸਲਾਂ ਲਗਾਉਣੀਆਂ ਚਾਹੀਦੀਆਂ ਹਨ, ਪਰ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਨਾਲ ਹੀ ਇੰਨਾ ਪਿਆਰ ਪੈ ਗਿਆ ਹੈ ਕਿ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਅਤੇ ਆਪਣੇ ਖੇਤਾਂ ਵਿੱਚ ਆਪਣੇ ੇਹੱਥੀਂ ਝੋਨਾ ਲਗਵਾ ਕੇ ਖੁਦ ਹੀ ਆਪਣੀ ਜਮੀਨ ਨੂੰ ਬੰਜਰ ਬਣਾਉਦੇ ਜਾ ਰਹੇ ਹਨ|
ਚਾਹੀਦਾ ਤਾਂ ਇਹ ਹੈ ਕਿ ਕਿਸਾਨਾਂ ਨੂੰ ਝੋਨੇ ਦੇ ਚੱਕਰ ਵਿਚੋਂ ਨਿਕਲਣ ਲਈ ਸਰਕਾਰ ਅਤੇ ਖੇਤੀ ਮਾਹਿਰ ਮਿਲ ਕੇ ਸਾਂਝੇ ਉਪਰਾਲੇ ਕਰਨ ਤਾਂ ਕਿ ਪੰਜਾਬ ਰੇਗਿਸਤਾਨ ਨਾ ਬਣ ਸਕੇ|
ਜਗਮੋਹਨ ਸਿੰਘ

Leave a Reply

Your email address will not be published. Required fields are marked *