ਹੁਣ ਰੋਬੋਟ ਵਿੱਚ ਮਨੁੱਖੀ ਅੰਗ ਲਗਾਉਣਗੇ ਵਿਗਿਆਨੀ

ਇੱਕ ਪਾਸੇ ਮਨੁੱਖ ਵਿੱਚ ਰੋਬੋਟਿਕ ਹਿੱਸੇ ਜੋੜ ਕੇ ਉਸ ਦੀਆਂ ਸਮਰਥਾਵਾਂ ਨੂੰ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਤੇ ਦੂਜੇ ਪਾਸੇ ਰੋਬੋਟ ਨੂੰ ਜਿਆਦਾ ਜੀਵੰਤ ਬਣਾਉਣ ਲਈ ਉਨ੍ਹਾਂ ਵਿੱਚ ਮਨੁੱਖੀ ਅੰਗ ਪਾਉਣ ਤੇ ਵੀ ਵਿਚਾਰ ਚੱਲ ਰਿਹਾ ਹੈ| ਜਿੰਦਾ ਕੋਸ਼ਿਕਾਵਾਂ ਨਾਲ ਯੁਕਤ ਰੋਬੋਟ ‘ਬਾਇਆਹਾਈਬ੍ਰਿਡ’ ਰੋਬੋਟ ਕਹਾਉਣਗੇ| ਅਜਿਹੇ ਰੋਬੋਟਾਂ ਨੂੰ ਮਾਂਸਪੇਸ਼ੀ ਦੀਆਂ ਕੋਸ਼ਿਕਾਵਾਂ ਨਾਲ ਯੁਕਤ ਕਰਕੇ, ਉਨ੍ਹਾਂ ਨੂੰ ਜਿਆਦਾ ਚੁਸਤ ਅਤੇ ਫੁਰਤੀਲਾ ਬਣਾਇਆ ਜਾ ਸਕਦਾ ਹੈ| ਸੂਖਮ ਪੱਧਰ ਤੇ ਨੰਨੇ ਰੋਬੋਟਾਂ ਵਿੱਚ ਬੈਕਟੀਰੀਆ ਮਿਲਾਏ ਜਾ ਸਕਦੇ ਹਨ| ਅਜਿਹੇ ਰੋਬੋਟ ਸਰੀਰ ਦੇ ਅੰਦਰ ਜਾ ਕੇ ਇਲਾਜ ਵੀ ਕਰ ਸਕਦੇ ਹਨ| ਸਾਇੰਸ ਰੋਬੋਟਿਕਸ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਵਿਗਿਆਨੀਆਂ ਦੇ ਇੱਕ ਅੰਤਰਰਾਸ਼ਟਰੀ ਦਲ ਨੇ ਬਾਇਆਹਾਈਬ੍ਰਿਡ ਰੋਬੋਟਿਕਸ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਹੈ| ਅਧਿਐਨ ਦੇ ਮੁਤਾਬਕ ਰੋਬੋਟ ਦੇ ਡਿਜਾਇਨ ਅਤੇ ਉਸ ਵਿੱਚ ਸ਼ਾਮਿਲ ਤੱਤਾਂ ਵਿੱਚ ਇੱਕ ਕ੍ਰਾਂਤੀਵਾਦੀ ਬਦਲਾਓ ਆ ਰਿਹਾ ਹੈ| ਇਟਲੀ ਵਿੱਚ ਪੀਸਾ ਸਥਿਤ ਬਾਇਆਰੋਬੋਟਿਕਸ ਇੰਸਟੀਚਿਊਟ ਦੇ ਵਿਗਿਆਨੀ ਅਤੇ ਇਸ ਅਧਿਐਨ ਦੇ ਮੁੱਖੀ ਲੇਖਕ ਲਯੋਨਾਰਦੋ ਰਿਕੋਟੀ ਦਾ ਕਹਿਣਾ ਹੈ ਕਿ ਬਾਇਆਹਾਈਬ੍ਰਿਡ ਰੋਬੋਟ ਸਾਇਬਰਗ ਦੇ ਸਿੱਧਾਂਤ ਦੇ ਇੱਕਦਮ ਉਲਟ ਹਨ| ਨਕਲੀ ਅੰਗਾਂ ਦੇ ਜਰੀਏ ਆਪਣੀ ਸਮਰੱਥਾ ਵਧਾਉਣ ਵਾਲਾ ਇਨਸਾਨ ਸਾਇਬਰਗ ਕਹਾਏਗਾ, ਜਦੋਂ ਕਿ ਬਾਇਆਹਾਈਬ੍ਰਿਡ ਰੋਬੋਟਿਕਸ ਵਿੱਚ ਅਸੀਂ ਰੋਬੋਟਾਂ ਦੀ ਪਰਫਾਰਮੈਂਸ ਵਧਾਉਣ ਲਈ ਜਿੰਦਾ ਕੋਸ਼ਿਕਾਵਾਂ ਦੇ ਗੁਣਾਂ ਦੀ ਵਰਤੋਂ ਕਰਦੇ ਹਾਂ|
ਵਿਗਿਆਨੀਆਂ ਨੇ ਹਾਲ ਦੇ ਸਾਲਾਂ ਵਿੱਚ ਕਈ ਤਰ੍ਹਾਂ ਦੇ ਰੋਬੋਟ ਬਣਾਏ ਹਨ| ਕੁੱਝ ਰੋਬੋਟ ਕਾਰਖਾਨਿਆਂ ਵਿੱਚ ਵਧੀਆ ਕੰਮ ਵੀ ਕਰ ਰਹੇ ਹਨ| ਉਹ ਬੋਲਟ ਨੂੰ ਕਸਣ ਜਾਂ ਧਾਤੂ ਦੀਆਂ ਸ਼ੀਟਾਂ ਦੀ ਵੈਲਡਿੰਗ ਵਰਗੇ ਕੰਮ ਵੀ ਬਖੂਬੀ ਕਰ ਰਹੇ ਹਨ| ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਜਾਂ ਜਖਮਾਂ ਦੇ ਇਲਾਜ ਲਈ ਇੱਕ ਮਿਲੀਮੀਟਰ ਤੋਂ ਵੀ ਛੋਟੇ ਰੋਬੋਟ ਵਿਕਸਿਤ ਕੀਤੇ ਜਾ ਰਹੇ ਹਨ| ਪਰ ਇਹਨਾਂ ਅਨੋਖੇ ਰੋਬੋਟਾਂ ਵਿੱਚ ਉਹੋ ਜਿਹਾ ਕਾਰਗਰ ਊਰਜਾ-ਉਪਯੋਗ ਅਤੇ ਚੁੱਸਤ ਮੂਵਮੈਂਟ ਨਹੀਂ ਵਿਖਾਈ ਦਿੰਦਾ, ਜੋ ਅਸੀਂ ਜੀਵਾਂ ਵਿੱਚ ਵੇਖਦੇ ਹਾਂ| ਜਿਨ੍ਹਾਂ ਨੇ ਲੱਖਾਂ ਸਾਲਾਂ ਵਿੱਚ ਨਿਪੁੰਨਤਾ ਹਾਸਲ ਕੀਤੀ ਹੈ| ਇਸ ਲਈ ਰੋਬੋਟਾਂ ਵਿੱਚ ਜੀਵ ਤੱਤਾਂ ਨੂੰ ਸ਼ਾਮਿਲ ਕਰਨਾ ਜਰੂਰੀ ਹੈ| ਜੇਕਰ ਰੋਬੋਟ ਦੇ ਮੂਵਮੈਂਟ ਅਤੇ ਉਨ੍ਹਾਂ ਦੀ ਕਾਰਜਸ਼ਕਤੀ ਨੂੰ ਬਿਹਤਰ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਵਰਤੋਂ ਮਨੁੱਖ ਦੇ ਸਰੀਰ ਦੀ ਵਿਸਤ੍ਰਿਤ ਜਾਂਚ ਕਰਨ ਜਾਂ ਆਸਪਾਸ ਦੇ ਮਾਹੌਲ ਤੇ ਨਿਗਰਾਨੀ ਰੱਖਣ ਲਈ ਕੀਤੀ ਜਾ ਸਕਦੀ ਹੈ| ਮੌਜੂਦਾ ਰੋਬੋਟਾਂ ਲਈ ਇਹ ਬਹੁਤ ਹੀ ਮੁਸ਼ਕਿਲ ਕੰਮ ਹੈ| ਇਸ ਤੋਂ ਇਲਾਵਾ ਉਤਪਾਦਾਂ ਦਾ ਨਿਰਮਾਣ ਜਿਆਦਾ ਸਫਾਈ ਅਤੇ ਸਟੀਕਤਾ ਦੇ ਨਾਲ ਕੀਤਾ ਜਾ ਸਕਦਾ ਹੈ| ਵਿਗਿਆਨੀ ਰਿਕੋਟੀ ਦੱਸਦੇ ਹਨ ਕਿ ਰੋਬੋਟ ਸਾਇੰਸ ਵਿੱਚ ਮੂਵਮੈਂਟ ਦਾ ਤਾਲਮੇਲ ਇੱਕ ਬਹੁਤ ਵੱਡੀ ਸਮੱਸਿਆ ਹੈ| ਮਸਲਨ ਰੋਬੋਟ ਭਾਰੀ ਭਾਰ ਚੁੱਕਣ ਜਾਂ ਸਟੀਕ ਚੀਰਾ ਲਗਾਉਣ ਵਰਗੇ ਕੰਮ ਤਾਂ ਆਸਾਨੀ ਦੇ ਨਾਲ ਕਰ ਲੈਂਦੇ ਹਨ, ਪਰ ਬਰੀਕ ਕੰਮਾਂ ਲਈ ਉਹ ਆਪਣੀ ਹਲਚਲ ਨੂੰ ਠੀਕ ਤਰ੍ਹਾਂ ਕ੍ਰਮਬੱਧ ਨਹੀਂ ਕਰ ਪਾਉਂਦੇ| ਉਨ੍ਹਾਂ ਦਾ ਸ਼ੁਰੂਆਤੀ ਮੂਵਮੈਂਟ ਅਕਸਰ ਝਟਕੇਦਾਰ ਹੁੰਦਾ ਹੈ| ਦੂਜੇ ਪਾਸੇ ਜੀਵ ਦੀ ਹਲਚਲ ਸੂਖਮ ਪੱਧਰ ਤੇ ਸਹਿਜ ਢੰਗ ਨਾਲ ਹੁੰਦੀ ਹੈ| ਜੀਵ ਉਤਕਾਂ ਦੀ ਕੁਦਰਤੀ ਹਲਚਲ ਦੀ ਵਰਤੋਂ ਰੋਬੋਟਾਂ ਦੀ ਸਹਿਜ ਹਲਚਲ ਲਈ ਕੀਤੀ ਜਾ ਸਕਦੀ ਹੈ| ਅਮਰੀਕਾ ਦੀ ਟਫਟਸ ਯੂਨੀਵਰਸਿਟੀ ਦੇ ਰੋਬੋਟ ਵਿਗਿਆਨੀ ਬੇਰੀ ਟਰਿਮਰ ਦੀ ਅਗਵਾਈ ਵਿੱਚ ਰਿਸਰਚਰਾਂ ਨੇ ਇੱਕ ਕੀੜੇ ਵਰਗਾ ਬਾਇਆਹਾਈਬ੍ਰਿਡ ਰੋਬੋਟ ਵਿਕਸਿਤ ਕੀਤਾ ਹੈ ਜੋ ਕੀੜੇ ਦੀ ਮਾਂਸਪੇਸ਼ੀ ਦੀਆਂ ਕੋਸ਼ਿਕਾਵਾਂ ਦੇ ਸੁੰਗੜਣ ਨਾਲ ਅੱਗੇ ਜਾਂ ਪਿੱਛੇ ਖਿਸਕਦਾ ਹੈ| ਰੋਬੋਟਿਕਸ ਵਿੱਚ ਇੱਕ ਵੱਡੀ ਸਮੱਸਿਆ ਬਿਜਲਈ ਸਪਲਾਈ ਦੀ ਵੀ ਹੈ, ਕਿਉਂਕਿ ਊਰਜਾ ਸਪਲਾਈ ਕਰਨ ਵਾਲਾ ਉਪਕਰਨ ਰੋਬੋਟ ਤੋਂ ਵੱਡਾ ਹੁੰਦਾ ਹੈ| ਬਾਇਆਹਾਈਬ੍ਰਿਡ ਰੋਬੋਟ ਇਸ ਸਮੱਸਿਆ ਨਾਲ ਨਿਪਟ ਸਕਦੇ ਹਨ| ਰਿਕੋਟੀ ਦੇ ਸਾਥੀ ਸਿਲਵੇਨ ਮਾਰਟੇਲ ਕੈਂਸਰ ਕੋਸ਼ਿਕਾਵਾਂ ਨੂੰ ਦਵਾਈ ਪਹੁੰਚਾਉਣ ਲਈ ਇੱਕ ਅਜਿਹੇ ਬੈਕਟੀਰੀਆ ਦਾ ਪ੍ਰਯੋਗ ਕਰ ਰਹੇ ਹਨ ਜੋ ਚੁੰਬਕੀ ਖੇਤਰ ਦੇ ਸਮਾਨ ਅੱਗੇ ਵਧਦਾ ਹੈ| ਮਾਰਟੇਲ ਦੀ ਟੀਮ ਬਾਹਰੀ ਚੁੰਬਕਾਂ ਨਾਲ ਇਸ ਬੈਕਟੀਰੀਆ ਨੂੰ ਨਿਰਦੇਸ਼ਿਤ ਕਰ ਸਕਦੀ ਹੈ| ਪਰ ਇਸ ਬਾਇਆਹਾਈਬ੍ਰਿਡ ਰੋਬੋਟਾਂ ਦੀ ਵੀ ਇੱਕ ਸੀਮਾ ਹੈ| ਜਿੰਦਾ ਕੋਸ਼ਿਕਾਵਾਂ ਦਾ ਪੋਸ਼ਣ ਜਰੂਰੀ ਹੈ| ਇਸਦਾ ਮਤਲਬ ਇਹ ਹੋਇਆ ਕਿ ਇਸ ਤਰ੍ਹਾਂ ਦੇ ਰੋਬੋਟ ਅਲਪਕਾਲਿਕ ਹੋਣਗੇ, ਮਤਲਬ ਉਨ੍ਹਾਂ ਦੀ ਲਾਈਫ ਲਿਮਟਿਡ ਹੋਵੇਗੀ| ਇਸ ਤੋਂ ਇਲਾਵਾ ਉਹ ਜੀਵਨ ਦੇ ਅਨੁਕੂਲ ਤਾਪਮਾਨ ਵਿੱਚ ਹੀ ਕੰਮ ਕਰ ਸਕਣਗੇ | ਤੇਜ ਗਰਮੀ ਜਾਂ ਠੰਡ ਵਿੱਚ ਇਨ੍ਹਾਂ ਦਾ ਇਸਤੇਮਾਲ ਨਹੀਂ ਹੋ ਪਾਵੇਗਾ| ਇਹਨਾਂ ਤਮਾਮ ਚੁਣੌਤੀਆਂ ਦੇ ਬਾਵਜੂਦ ਬਾਇਆਹਾਈਬ੍ਰਿਡ ਰੋਬੋਟ ਵਿਗਿਆਨ ਪ੍ਰਯੋਗਸ਼ਾਲਾ ਤੋਂ ਨਿਕਲ ਕੇ ਅਸਲੀ ਵਰਤੋਂ ਵੱਲ ਤੇਜੀ ਨਾਲ ਵੱਧ ਰਿਹਾ ਹੈ| ਨਿਰਮਲ

Leave a Reply

Your email address will not be published. Required fields are marked *