ਹੁਣ ਰੋਜ਼ਾਨਾ ਤੈਅ ਹੋਣਗੇ ਪੈਟਰੋਲ-ਡੀਜ਼ਲ ਦੇ ਰੇਟ

ਨਵੀਂ ਦਿੱਲੀ, 8 ਜੂਨ (ਸ.ਬ.) ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਹੁਣ ਪੂਰੇ ਦੇਸ਼ ਵਿੱਚ ਰੋਜ਼ਾਨਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰ ਸਕਦੀਆਂ ਹਨ| ਜਾਣਕਾਰੀ ਮੁਤਾਬਕ 16 ਜੂਨ ਤੋਂ ਰੋਜ਼ਾਨਾ ਦੇ ਆਧਾਰ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਹੋ ਸਕਦੀਆਂ ਹਨ| ਮੌਜੂਦਾ ਸਮੇਂ ਤਿੰਨ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਕਾਰਪੋਰੇਸ਼ਨ ਹਰ 15 ਦਿਨਾਂ ਬਾਅਦ    ਤੇਲ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ|
ਫਿਲਹਾਲ ਚੰਡੀਗੜ੍ਹ, ਪੁਡੂਚੇਰੀ, ਵਿਸ਼ਾਖਾਪਟਨਮ, ਜਮਸ਼ੇਦਪੁਰ ਅਤੇ ਉਦੈਪੁਰ ਵਿੱਚ ਰੋਜ਼ਾਨਾ ਕੀਮਤਾਂ ਤੈਅ ਹੁੰਦੀਆਂ ਹਨ| ਇਨ੍ਹਾਂ ਸ਼ਹਿਰਾਂ ਵਿੱਚ ਰੋਜ਼ਾਨਾ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਉਤਰਾਅ-ਚੜ੍ਹਾਅ ਦੇ ਆਧਾਰ ਤੇ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ| ਤੇਲ ਕੰਪਨੀਆਂ ਵੱਲੋਂ ਇਹ ਪ੍ਰਾਜੈਕਟ ਪੂਰੇ ਦੇਸ਼ ਵਿੱਚ ਲਾਗੂ ਕੀਤੇ ਜਾਣ ਤੋਂ ਪਹਿਲਾਂ ਇਨ੍ਹਾਂ 5 ਸ਼ਹਿਰਾਂ ਵਿੱਚ ਇਹ ਪ੍ਰਾਜੈਕਟ ਇਸ ਲਈ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਸੰਸਾਰਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਵਿੱਚ ਖੁਦ ਨੂੰ ਢਾਲਿਆ ਜਾ ਸਕੇ| ਤੇਲ ਪਰਚੂਨ ਬਾਜ਼ਾਰ ਵਿੱਚ ਸਭ ਤੋਂ ਵਧ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਕਾਰਪੋਰੇਸ਼ਨ ਦਾ ਦਬਦਬਾ ਹੈ| ਮੰਨਿਆ ਜਾ ਰਿਹਾ ਹੈ ਕਿ ਰਿਲਾਇੰਸ ਇੰਡਸਟਰੀਜ਼ ਅਤੇ ਐਸਾਰ ਆਇਲ ਵੀ ਇਨ੍ਹਾਂ ਦੇ ਰਾਹ ਤੇ ਚੱਲ ਸਕਦੀਆਂ ਹਨ|   ਸੂਤਰਾਂ ਮੁਤਾਬਕ ਇਸ ਪ੍ਰਾਜੈਕਟ ਨੂੰ ਲੈ ਕੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਕ ਬੈਠਕ ਬੁਲਾਈ ਸੀ, ਜਿਸ ਵਿੱਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧਿਕਾਰੀ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਦੇ ਕਈ ਅਧਿਕਾਰੀ ਸ਼ਾਮਲ ਹੋਏ ਸਨ| ਇੰਡਸਟਰੀ ਦੇ ਸੂਤਰਾਂ ਮੁਤਾਬਕ, ਫਿਲਹਾਲ ਪੱਕੀ ਤਰੀਕ ਅਜੇ ਨਿਰਧਾਰਤ ਕੀਤੀ ਜਾਣੀ ਹੈ ਪਰ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ 16 ਜੂਨ ਤੇ ਵਿਚਾਰ ਕੀਤਾ ਜਾ ਰਿਹਾ ਹੈ| ਇਕ-ਦੋ ਦਿਨਾਂ ਤਕ ਤਰੀਕ ਨਿਰਧਾਰਤ ਕਰ ਲਈ ਜਾਵੇਗੀ|

Leave a Reply

Your email address will not be published. Required fields are marked *