ਹੁਣ ਵੋਟਰਾਂ ਦੇ ਫੈਸਲੇ ਦੀ ਉਡੀਕ

4 ਫਰਵਰੀ ਨੂੰ ਵਿਧਾਨਸਭਾ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਣ ਦੇ ਨਾਲ ਹੀ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ ਜਿਸਦਾ ਨਤੀਜਾ ਹੁਣ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦਾ ਅਮਲ ਮੁਕੰਮਲ ਹੋਣ ਤੇ (11 ਮਾਰਚ ਨੂੰ) ਆਉਣਾ ਹੈ ਅਤੇ ਉਸ ਸਮੇਂ ਤਕ ਜਿੱਥੇ ਸਾਰਿਆਂ ਨੂੰ ਵੋਟਰਾਂ ਦੇ ਫੈਸਲੇ ਦੀ ਉਡੀਕ ਕਰਨੀ ਪੈਣੀ ਹੈ ਉੱਥੇ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤਕ ਚੋਣ ਲੜਣ ਵਾਲੇ ਉਮੀਦਵਾਰਾਂ ਵਿੱਚ ਆਪਣੀ ਜਿੱਤ ਹਾਰ ਨੂੰ ਲੈ ਕੇ ਧੁੜਕੂ ਲੱਗਿਆ ਰਹਿਣਾ ਹੈ|
ਇਸ ਵਾਰ ਹੋਈਆਂ ਚੋਣਾਂ ਦੌਰਾਨ ਪੰਜਾਬ ਵਿੱਚ ਚੋਣ ਕਮਿਸ਼ਨ ਵਲੋਂ ਚੋਣ ਜਾਬਤੇ ਦੀ ਪਾਲਣਾ ਲਈ ਚੁੱਕੇ ਗਏ ਸਖਤ ਕਦਮਾਂ ਨੇ ਆਪਣਾ ਭਰਪੂਰ ਰੰਗ ਵਿਖਾਇਆ ਹੈ ਅਤੇ ਚੋਣ ਕਮਿਸ਼ਨ ਦੀ ਇਸ ਸਖਤੀ ਨਾਲ ਚੋਣ ਲੜਣ ਵਾਲੇ ਉਮੀਦਵਾਰਾਂ ਦੀਆਂ ਗਲਤ ਕਾਰਵਾਈਆਂ ਨੂੰ ਵੀ ਕਾਫੀ ਠੱਲ ਪਈ ਹੈ, ਪਰੰਤੂ ਇਸਦੇ ਬਾਵਜੂਦ ਹਾਲੇ ਇਸ ਖੇਤਰ ਵਿੱਚ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ| ਚੋਣ ਅਮਲ ਦੌਰਾਨ ਭਾਵੇਂ ਕਮਿਸ਼ਨ ਦੀ ਚੌਕਸੀ ਕਾਰਨ ਲਗਭਗ 80 ਕਰੋੜ ਰੁਪਏ ਦੀ ਨਕਦੀ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਾਬ ਦੀਆਂ ਬੋਤਲਾਂ ਦੀ ਬਰਾਮਦਗੀ ਕੀਤੀ ਗਈ ਹੈ ਪਰੰਤੂ ਇਹ ਵੀ ਚਰਚਾ ਹੈ ਕਿ ਚੋਣ ਲੜਣ ਵਾਲੇ ਉਮੀਦਵਾਰਾ ਵਲੋਂ ਬਦਲਵੇਂ ਢੰਗ ਤਰੀਕੇ ਅਖਤਿਆਰ ਕਰਕੇ ਚੋਣਾਂ ਦੌਰਾਨ ਵੋਟਰਾਂ ਨੰ ਪ੍ਰਭਾਵਿਤ ਕਰਨ ਲਈ ਆਪਣੀ ਪੂਰੀ ਵਾਹ ਲਗਾਈ ਗਈ ਹੈ ਅਤੇ ਇਸ ਦੌਰਾਨ ਸ਼ਰਾਬ ਅਤੇ ਨਕਦੀ ਦੀ ਵੀ ਵੱਡੇ ਪੱਧਰ ਤੇ ਵਰਤੋਂ ਹੋਈ ਹੈ|
ਚੋਣ ਕਮਿਸ਼ਨ ਇਸ ਵਾਰ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਥਾਂ ਥਾਂ ਤੇ ਆਪਣੇ ਪੋਸਟਰ ਅਤੇ ਬੈਨਰ ਆਦਿ ਲਗਾਉਣ ਅਤੇ ਆਪਣੀ ਤਾਕਤ ਦੇ ਪ੍ਰਦਰਸ਼ਨ ਲਈ ਕੀਤੀ ਜਾਂਦੀ ਰਾਜਨੀਤਿਕ ਹੁਲੱੜਬਾਜੀ ਤੇ ਕਾਬੂ ਕਰਨ ਵਿੱਚ ਕਾਫੀ ਹੱਦ ਤਕ ਕਾਮਯਾਬ ਸਾਬਿਤ ਹੋਇਆ ਹੈ ਪਰੰਤੂ ਉਮੀਦਵਾਰਾਂ ਵਲੋਂ  ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਇੱਕ ਦੂਜੇ ਦੇ ਖਿਲਾਫ ਗੁੰਮਰਾਕੁੰਨ ਪ੍ਰਚਾਰ ਕਰਨ ਦੀਆਂ ਕਾਰਵਾਈਆਂ ਇਸ ਵਾਰ ਬਹੁਤ ਜਿਆਦਾ ਵਰਤੋਂ ਵਿੱਚ ਲਿਆਂਦੀਆਂ ਗਈਆਂ ਹਨ| ਸੂਚਨਾ ਤਕਨੀਕ ਦੇ ਇਸ ਨਵੇਂ ਹਥਿਆਰ ਦੀ ਮਦਦ ਨਾਲ ਉਮੀਦਵਾਰ ਵਲੋਂ ਕਈ ਤਰ੍ਹਾਂ ਦੇ ਝੂਠ ਸੱਚ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸਤੇ ਕਾਬੂ ਕਰਨ ਵਿੱਚ ਚੋਣ ਕਮਿਸ਼ਨ ਕਾਫੀ ਹੱਦ ਤਕ ਨਾਕਾਮ ਰਿਹਾ ਹੈ| ਹਾਲਾਂਕਿ ਚੋਣ ਕਮਿਸ਼ਨ ਵਲੋਂ ਚੁੱਕੇ ਕਦਮਾਂ ਦਾ ਹੀ ਅਸਰ ਹੈ ਕਿ ਇਸ ਵਾਰ ਨਾ ਤਾਂ ਚੋਣਾਂ ਦੇ ਰੌਲੇ ਰੱਪੇ ਨੇ ਆਮ ਜਨਤਾ ਨੂੰ ਜਿਆਦਾ ਪਰੇਸ਼ਾਨ ਕੀਤਾ ਅਤੇ ਨਾ ਹੀ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਤਾਕਤ ਦੇ ਪ੍ਰਦਰਸ਼ਨ ਕਾਰਨ ਪੈਦਾ ਹੋਣ ਵਾਲੀ ਆਪਸੀ ਨਫਰਤ ਦਾ ਹੀ ਜਿਆਦਾ ਪਸਾਰ ਹੋਇਆ| ਚੋਣ ਪ੍ਰਚਾਰ ਅਤੇ ਵੋਟਿੰਗ ਦੌਰਾਨ ਵਾਪਰਦੀਆਂ ਹਿੰਸਾ ਦੀਆਂ ਘਟਨਾਵਾਂ ਤੇ ਕਾਬੂ ਕਰਨ ਵਿੱਚ ਵੀ ਚੋਣ ਕਮਿਸ਼ਨ ਕਾਫੀ ਹੱਦ ਤਕ ਕਾਮਯਾਬ ਰਿਹਾ ਹੈ ਅਤੇ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਹੈ|
ਪੰਜਾਬ ਦੇ ਵੋਟਰਾਂ ਵਲੋਂ ਇਸ ਵਾਰ ਕਿਸ ਧਿਰ ਨੂੰ ਸੱਤਾ ਸਭਾਲੀ ਜਾਵੇਗੀ ਇਸਦਾ ਪਤਾ ਤਾਂ ਚੋਣ ਨਤੀਜਿਆਂ ਦਾ ਰਸਮੀ ਐਲਾਨ ਹੋਣ ਤੋਂ ਬਾਅਦ ਹੀ ਲੱਗੇਗਾ ਪਰੰਤੂ ਇਸ ਵਾਰ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਹਵਾ ਨਾ ਹੋਣ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਚੋਣ ਨਤੀਜੇ ਕਾਫੀ ਹੱਦ ਤਕ ਹੈਰਾਨੀਜਨਕ ਰਹਿਣੇ ਹਨ| ਵੋਟਰਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਅਤੇ ਇਸਦਾ ਸਿਰਫ ਰਸਮੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ|
ਆਉਣ ਵਾਲੀ 11 ਮਾਰਚ ਨੂੰ ਜਦੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਕਿਸਮਤ ਦਾ ਇਹ ਪਿਟਾਰਾ ਖੋਲ੍ਹਿਆ        ਜਾਵੇਗਾ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਵੋਟਰਾਂ ਨੇ ਪੰਜਾਬ ਦੀ ਸੱਤਾ ਕਿਸਦੇ ਹਵਾਲੇ ਕੀਤੀ ਹੈ| ਉਸ ਸਮੇਂ ਤਕ ਸਿਰਫ ਉਡੀਕ ਹੀ ਕੀਤੀ ਜਾ ਸਕਦੀ ਹੈ ਅਤੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਵੋਟਰਾਂ ਦਾ ਇਹ ਫੈਸਲਾ ਪੰਜਾਬ ਲਈ ਨਵੀਂ ਸਵੇਰ ਲੈ ਕੇ ਆਏਗਾ ਅਤੇ ਪੰਜਾਬ ਤਰੱਕੀ ਅਤੇ ਵਿਕਾਸ ਦੇ ਰਾਹ ਤੇ ਚਲਦਿਆਂ ਆਪਣਾ ਪੁਰਾਣਾ ਰੁਤਬਾ ਹਾਸਿਲ ਕਰਨ ਵਿੱਚ ਕਾਮਯਾਬ ਹੋਵੇਗਾ ਜਿਹੜਾ ਪਿਛਲੇ ਸਮੇਂ ਦੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਉਸ ਕੋਲੋ ਖੁਸ ਚੁੱਕਿਆ ਹੈ|

Leave a Reply

Your email address will not be published. Required fields are marked *