ਹੁਣ ਹਵਾਈ ਜਹਾਜ ਦੀ ਤਰ੍ਹਾਂ ਉਡਾਣ ਭਰੇਗਾ ਰਾਕੇਟ

ਸ਼੍ਰੀਹਰਿਕੋਟਾ, 7 ਜਨਵਰੀ (ਸ.ਬ.) ਭਾਰਤੀ ਪੁਲਾੜ ਖੋਜ ਸੰਸਥਾ (ਈਸਰੋ) ਏਅਰ ਬ੍ਰੀਥਿੰਗ ਰਾਕੇਟ ਦਾ ਪਰੀਖਣ ਅਗਲੇ ਮਹੀਨੇ ਕਰ ਸਕਦਾ ਹੈ| ਇਸ ਤਕਨੀਕ ਵਿੱਚ ਰਾਕੇਟ ਨੂੰ ਲਾਂਚ ਨਹੀਂ ਕਰਨਾ ਪਏਗਾ ਸਗੋਂ ਉਹ ਹਵਾਈ ਜਹਾਜ ਦੀ ਤਰਜ ਤੇ ਉਡਾਣ ਭਰੇਗਾ| ਰਾਕੇਟ ਵਾਯੁਮੰਡਲ ਵਿੱਚ ਪ੍ਰਵੇਸ਼ ਕਰਦੇ ਹੀ ਲਗਭਗ 60 ਕਿਲੋਮੀਟਰ ਦੀ ਉਚਾਈ ਤੱਕ ਹਵਾਈ ਜਹਾਜ ਦੀ ਤਰ੍ਹਾਂ ਉਡੇਗਾ| ਵਿਕਰਮ ਸਾਰਾਭਾਈ ਪੁਲਾੜ ਕੇਂਦਰ ਦੇ ਡਾਇਰੈਕਟਰ ਕੇ.ਸ਼ਿਵਨ ਨੇ ਦੱਸਿਆ ਕਿ ਇਸ ਤਕਨੀਕ ਦਾ ਨਾਂ ਏਅਰ ਬ੍ਰੀਥਿੰਗ ਹੈ| ਇਸ ਨੂੰ ਈਸਰੋ ਨੇ ਵਿਕਸਿਤ ਕਰ ਲਿਆ ਹੈ, ਜਿਸ ਦੇ ਤਹਿਤ ਪੁਲਾੜ ਵਿੱਚ ਮੌਜੂਦ ਆਕਸੀਜਨ ਦੀ ਇੰਜਣ ਵਿੱਚ ਵਰਤੋਂ ਹੁੰਦੀ ਹੈ| ਉਨ੍ਹਾਂ ਦੱਸਿਆ ਕਿ ਹੁਣ ਈਸਰੋ ਜੋ ਰਾਕੇਟ ਲਾਂਚ ਕਰਦਾ ਹੈ, ਉਨ੍ਹਾਂ ਵਿੱਚ ਆਕਸੀਜਨ ਤਰਲ ਰੂਪ ਵਿੱਚ ਲਿਜਾਈ ਜਾਂਦੀ ਹੈ| ਇਹ ਇੰਜਣ ਵਾਯੂਮੰਡਲ ਦੀ ਆਕਸੀਜਨ ਦੀ ਵਰਤੋਂ ਨਹੀਂ ਕਰਦੇ ਹਨ| ਜਦਕਿ 60 ਕਿਲੋਮੀਟਰ ਤੱਕ ਉਚਾਈ ਤੱਕ ਆਕਸੀਜਨ ਉਪਲੱਬਧ ਹੈ| ਉਨ੍ਹਾਂ ਦੱਸਿਆ ਕਿ ਈਸਰੋ ਰਾਕੇਟਾਂ ਵਿੱਚ ਸਕਰੈਮਜੈਟ ਇੰਜਣ ਦੀ ਵਰਤੋਂ                ਕਰਾਂਗੇ|
ਸ਼ਿਵਨ ਮੁਤਾਬਕ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ| ਰੀਯੂਜ਼ੇਬਲ ਲਾਂਚ ਵਹੀਕਲ (ਮੁੜ ਵਰਤੇ ਜਾਣ ਵਾਲੇ ਲਾਂਚ ਵਾਹਨ) ਵਿੱਚ ਇਸ ਦਾ ਪਹਿਲਾਂ ਪਰੀਖਣ ਇਸ ਸਾਲ ਹੋਵੇਗਾ| ਇਹ ਰਾਕੇਟ ਹਵਾਈਅੱਡੇ ਤੋਂ ਉਪਗ੍ਰਹਿ ਨੂੰ ਲੈ ਕੇ ਉਡਾਣ ਭਰੇਗਾ| ਬਿਨ੍ਹਾਂ ਪਾਇਲਟ ਦੇ ਜਹਾਜ ਦੀ ਤਰ੍ਹਾਂ 60 ਕਿਲੋਮੀਟਰ ਤੱਕ ਵਾਯੁਮੰਡਲ ਵਿੱਚ ਰਵਾਇਤੀ ਬਾਲਣ ਅਤੇ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਉਡਾਣ ਭਰੇਗਾ| ਇਸ ਦਾਇਰੇ ਤੋਂ ਨਿਕਲਣ ਤੋਂ ਬਾਅਦ ਇਸ ਦਾ ਤਰਲ ਹਾਈਡ੍ਰੋਜਨ ਇੰਜਣ ਚਾਲੂ ਹੋ                   ਜਾਵੇਗਾ| ਇਹ ਰਾਕੇਟ ਜਦੋਂ ਉਪਗ੍ਰਹਿ ਨੂੰ ਪੁਲਾੜ ਵਿੱਚ ਛੱਡ ਕੇ ਵਾਪਸ ਆਏਗਾ ਤਾਂ ਵਾਯੁਮੰਡਲ ਵਿੱਚ ਦਾਖਲ ਹੁੰਦੇ ਹੀ ਸਕਰੈਮਜੈਟ ਇੰਜਣ ਫਿਰ ਚਾਲੂ ਹੋ ਜਾਏਗਾ| ਈਸਰੋ ਮੁਤਾਬਕ ਇਸ ਤਕਨੀਕ ਦੀ ਵਰਤੋਂ ਨਾਲ               ਰਾਕੇਟ ਦੇ ਲਾਂਚ ਦੀ ਲਾਗਤ ਘੱਟ ਹੋ ਜਾਏਗੀ| ਰਾਕੇਟ ਵਿੱਚ ਬਾਲਣ ਲਈ ਟੈਂਕਾਂ ਦਾ ਆਕਾਰ ਛੋਟਾ ਹੋ ਜਾਵੇਗਾ, ਜਿਸ ਦਾ ਫਾਇਦਾ ਇਹ ਹੈ ਕਿ ਉਪਗ੍ਰਹਿ ਦਾ ਭਾਰ ਵਧਾਇਆ ਜਾ ਸਕੇਗਾ| ਦੱਸਣਯੋਗ ਹੈ ਕਿ ਰਿਯੂਜ਼ੇਬਲ (ਮੁੜ ਵਰਤੇ ਜਾਣ ਵਾਲੇ) ਰਾਕੇਟ ਉਪਗ੍ਰਹਾਂ ਨੂੰ ਪੁਲਾੜ ਵਿੱਚ ਸਥਾਪਤ ਕਰ ਕੇ ਵਾਪਸ ਧਰਤੀ ਤੇ ਆ ਜਾਂਦਾ ਹੈ|

Leave a Reply

Your email address will not be published. Required fields are marked *