ਹੁਣ 1 ਸਤੰਬਰ ਨੂੰ ਹੋਵੇਗੀ ਨਗਰ ਨਿਗਮ ਦੀ ਵਾਰਡਬੰਦੀ ਸੰਬੰਧੀ ਬੋਰਡ ਦੀ ਮੀਟਿੰਗ

ਹੁਣ 1 ਸਤੰਬਰ ਨੂੰ ਹੋਵੇਗੀ ਨਗਰ ਨਿਗਮ ਦੀ ਵਾਰਡਬੰਦੀ ਸੰਬੰਧੀ ਬੋਰਡ ਦੀ ਮੀਟਿੰਗ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 26 ਅਗਸਤ
ਪੰਜਾਬ ਸਰਕਾਰ  ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਲਈ ਬਣਾਏ ਗਏ ਬੋਰਡ ਦੀ ਮੀਟਿੰਗ ਹੁਣ 1 ਸਤੰਬਰ ਨੂੰ ਹੋਵੇਗੀ| ਇਸ ਮੀਟਿੰਗ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ| 
ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਗਰ ਨਿਗਮ ਐਸ ਏ ਐਸ ਨਗਰ ਦੀ ਨਵੇਂ ਸਿਰਿਊਂ ਵਾਰਡਬੰਦੀ ਤਜਵੀਜ ਤਿਆਰ/ ਵਿਚਾਰ ਕਰਨ ਸੰਬੰਧੀ ਸਰਕਾਰ ਵਲੋਂ ਗਠਿਤ ਕੀਤੇ ਗਏ ਡੀਲਿਮਿਟੇਸ਼ਨ ਬੋਰਡ ਦੀ ਇਕਤਰਤਾ 1 ਸਤੰਬਰ ਨੂੰ ਪੰਜਾਬ ਮਿਉਂਸਪਲ ਭਵਨ ਸੈਕਟਰ 35  ਚੰਡੀਗੜ੍ਹ ਦੇ ਕਮੇਟੀ ਰੂਮ  ਵਿੱਚ  ਕੀਤੀ ਜਾਵੇਗੀ|
ਇੱਥੇ ਜਿਕਰਯੋਗ ਹੈ ਕਿ ਬੀਤੀ 24 ਅਗਸਤ ਨੂੰ ਹੋਣ ਵਾਲੀ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਪ੍ਰਸ਼ਾਸ਼ਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਇਹ ਮੀਟਿੰਗ ਹੁਣ 1 ਸਤੰਬਰ ਨੂੰ ਕੀਤੀ ਜਾਣੀ ਹੈ| ਉਸ ਵੇਲੇ ਕਿਹਾ ਗਿਆ ਸੀ ਕਿ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਦੇ ਇਕਾਂਤਵਾਸ ਵਿੱਚ ਹੋਣ ਅਤੇ ਨਗਰ ਨਿਗਮ ਦੀ ਜਾਂਇੰਟ ਕਮਿਸ਼ਨਰ ਦੇ ਬਿਮਾਰ ਹੋਣ ਕਾਰਨ ਇਸ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਸੀ ਕਿਉਂਕਿ ਨਗਰ ਨਿਗਮ ਦੇ ਇਹਨਾਂ ਦੋਵਾਂ ਸੀਨੀਅਰ ਅਧਿਕਾਰੀਆਂ ਦੀ ਗੈਰ ਹਾਜਰੀ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਕੋਈ ਫੈਸਲਾ ਲਏ ਜਾਣ ਦੀ ਸੰਭਾਵਨਾ ਨਹੀਂ ਸੀ ਇਸ ਲਈ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ| ਜਦੋਂਕਿ ਇਸ ਗੱਲ ਦੀ ਚਰਚਾ ਵੀ ਜੋਰਾਂ ਤੇ ਸੀ ਕਿ ਜੀਰਕਪੁਰ ਨਗਰ ਕੌਂਸਲ ਦੀ ਵਾਰਡਬੰਦੀ ਦੀ ਕਾਰਵਾਈ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੰਤਰਿਮ ਸਟੇਅ ਦੇ ਹੁਕਮ ਦਿੱਤੇ ਜਾਣ ਕਾਰਨ ਇਹ ਮੀਟਿੰਗ ਮੁਲਤਵੀ ਕੀਤੀ ਗਈ ਹੈ ਅਤੇ ਬੋਰਡ ਦੀ ਮੀਟਿੰਗ ਜੀਰਕਪੁਰ ਦੀ ਵਾਰਡੰਬਦੀ ਬਾਰੇ ਅਦਾਲਤ ਦੀ ਅਗਲੀ ਤਰੀਕ (27 ਅਗਸਤ) ਤੋਂ ਬਾਅਦ ਹੀ ਹੋਵਗੀ ਅਤੇ ਹੁਣ 1 ਸਤੰਬਰ ਨੂੰ ਮੀਟਿੰਗ ਹੋਣ ਸੰਬੰਧੀ ਪੱਤਰ ਸਾਮ੍ਹਣੇ ਆਉਣ ਨਾਲ ਇਹ ਚਰਚਾ ਹੋਰ ਜੋਰ ਫੜ ਗਈ ਹੈ| 
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਦੀ ਚਰਚਾ ਕਾਫੀ ਸਮੇਂ ਤੋਂ ਚਲ ਰਹੀ ਹੈ ਅਤੇ ਇਹ ਆਮ ਚਰਚਾ ਹੈ ਕਿ ਇਸ ਵਾਰ ਕੀਤੀ ਜਾਣ ਵਾਲੀ ਨਵੀਂ ਵਾਰਡਬੰਦੀ ਦੌਰਾਨ ਸਾਬਕਾ              ਮੇਅਰ ਸ੍ਰ. ਕੁਲਵੰਤ ਸਿੰਘ ਸਮੇਤ ਅਕਾਲੀ ਭਾਜਪਾ ਗਠਜੋੜ ਦੇ ਕਈ ਸਾਬਕਾ ਕੌਂਸਲਰਾਂ ਦੇ ਵਾਰਡਾਂ ਨਾਲ ਬਹੁਤ ਜਿਆਦਾ ਭੰਨਤੋੜ ਕੀਤੀ ਗਈ ਹੈ ਅਤੇ ਸੱਤਾਧਾਰੀਆਂ ਵਲੋਂ ਵਾਰਡਬੰਦੀ ਦਾ ਕੱਚਾ ਖਰੜਾ ਤਿਆਰ ਕੀਤਾ ਜਾ ਚੁੱਕਿਆ ਹੈ ਜਿਹੜਾ ਇਸ ਮੀਟਿੰਗ ਵਿੱਚ ਪੇਸ਼ ਕਰਕੇ ਉਸਨੂੰ ਪ੍ਰਵਾਨਗੀ ਦੇ ਦਿੱਤੀ ਜਾਵੇਗੀ|

Leave a Reply

Your email address will not be published. Required fields are marked *