ਹੁਲੱੜਬਾਜਾਂ ਤੇ ਕਾਬੂ ਕਰਨ ਲਈ ਪੁਲੀਸ ਨੇ ਚਲਾਈ ਵਿਸ਼ੇਸ਼ ਮੁਹਿੰਮ

ਮੁਹਾਲੀ ਦੇ ਫੇਜ਼ 3 ਬੀ 2 ਦੀ ਮੁਕੰਮਲ ਨਾਕੇਬੰਦੀ ਕਰਕੇ ਹੁਲੱੜਬਾਜਾਂ ਦੇ ਖਿਲਾਫ ਕੀਤੀ ਗਈ ਕਾਰਵਾਈ, ਗੱਡੀਆਂ ਦੀ ਚੈਕਿੰਗ ਦੌਰਾਨ ਵਾਹਨਾਂ ਦੇ ਚਾਲਾਨ ਕੀਤੇ, ਵੱਡੀ ਗਿਣਤੀ ਵਿੱਚ ਵਾਹਨ ਹੋਏ ਜਬਤ
ਐਸ.ਏ.ਐਸ.ਨਗਰ, 18 ਸਤੰਬਰ (ਸ.ਬ.) ਨੌਜਵਾਨ ਮੁੰਡੇ ਕੁੜੀਆਂ ਵਲੋਂ ਰੋਜਾਨਾ ਕੀਤੀ ਜਾਂਦੀ ਹੁਲੱੜਬਾਜੀ ਅਤੇ ਮਾਰਕੀਟ ਦੀ ਪਾਰਕਿੰਗ ਨੂੰ ਗੇੜੀ ਰੂਟ ਬਣਾ ਕੇ ਵਰਤੇ ਜਾਣ ਲਈ ਮਸ਼ਹੂਰ ਹੋ ਚੁੱਕੀ ਮੁਹਾਲੀ ਦੇ ਫੇਜ਼ 3 ਬੀ2 ਦੀ ਮੇਨ ਮਾਰਕੀਟ ਦੀ ਪਾਰਕਿੰਗ ਵਿੱਚ ਬੀਤੇ ਦਿਨੀਂ ਧਨਾਢ ਘਰਾਂ ਦੀਆਂ ਕੁੱਝ ਕੁੜੀਆਂ ਵਿਚਾਲੇ ਹੋਈ ਲੜਾਈ ਦੀ ਵੀਡੀਓ ਵਇਰਲ ਹੋਣ ਤੋਂ ਬਾਅਦ ਮੁਹਾਲੀ ਪੁਲੀਸ ਹਰਕਤ ਵਿੱਚ ਆ ਗਈ ਹੈ ਅਤੇ ਮਾਰਕੀਟ ਵਿੱਚ ਨਿੱਤ ਹੁੰਦੀ ਹੁਲੱੜਬਾਜੀ ਤੇ ਰੋਕ ਲਗਾਉਣ ਲਈ ਮਾਰਕੀਟ ਦੇ ਦੁਕਾਨਦਾਰਾਂ ਦੀ ਜੱਥੇਬੰਦੀ ਅਤੇ ਮੁਹਾਲੀ ਵਪਾਰ ਮੰਡਲ ਵਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਮੁਹਾਲੀ ਦੇ ਡੀ.ਐਸ.ਪੀ. ਸਿਟੀ 1 ਸ੍ਰ. ਗੁਰਸ਼ੇਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਲੋਂ ਬੀਤੀ ਸ਼ਾਮ ਮਾਰਕੀਟ ਦੀ ਨਾਕੇਬੰਦੀ ਕਰਕੇ ਇੱਥੇ ਘੁੰਮ ਰਹੀਆਂ ਗੱਡੀਆਂ ਦੀ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ ਵੱਡੀ ਗਿਣਤੀ ਗੱਡੀਆਂ ਦੇ ਚਾਲਾਨ ਕੀਤੇ ਗਏ ਅਤੇ ਜਿਹਨਾਂ ਗੱਡੀਆਂ ਦੇ ਚਾਲਕਾਂ ਕੋਲ ਗੱਡੀਆਂ ਦੇ ਪੂਰੇ ਕਾਗਜ ਨਹੀਂ ਸਨ ਉਹਨਾਂ ਨੂੰ ਜਬਤ ਵੀ ਕੀਤਾ ਗਿਆ|
ਬੀਤੀ ਦੇਰ ਸ਼ਾਮ 7 ਵਜੇ ਦੇ ਕਰੀਬ ਸ਼ੁਰੂ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲੀਸ ਵਲੋਂ ਮਾਰਕੀਟ ਵਿੱਚ ਦਾਖਿਲ ਹੋਣ ਅਤੇ ਬਾਹਰ ਨਿਕਲਣ ਲਈ ਇੱਕ ਇੱਕ ਰਾਹ ਛੱਡਕੇ ਬਾਕੀਆਂ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਅਤੇ ਮਾਰਕੀਟ ਵਿੱਚ ਘੁੰਮਦੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਵਾਹਨਾਂ ਦੇ ਚਾਲਾਨ ਵੀ ਕੀਤੇ ਗਏ| ਪੁਲੀਸ ਦੀ ਇਹ ਕਾਰਵਾਈ ਇੰਨੀ ਜਬਰਦਸਤ ਸੀ ਕਿ ਪੁਲੀਸ ਵਲੋਂ ਕਿਸੇ ਨੂੰ ਵੀ ਚੈਕਿੰਗ ਤੋਂ ਬਿਨਾ ਨਹੀਂ ਜਾਣ ਦਿੱਤਾ ਗਿਆ| ਇਸ ਦੌਰਾਨ ਥਾਣਾ ਫੇਜ਼ 1, ਥਾਣਾ ਮਟੌਰ ਦੇ ਮੁਖੀਆਂ ਅਤੇ ਟ੍ਰੈਫਿਕ ਇੰਚਾਰਜ ਦੀ ਕਮਾਨ ਹੇਠ ਚਲਾਈ ਗਈ ਇਸ ਕਾਰਵਾਈ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਡੀ.ਐਸ.ਪੀ. ਗੁਰਸ਼ੇਰ ਸਿੰਘ ਵਲੋਂ ਪੁਲੀਸ ਅਧਿਕਾਰੀਆਂ ਨੂੰ ਆਪੋ ਆਪਣੇ ਮੋਬਾਈਲ ਫੋਨ ਬੰਦ ਕਰਨ ਅਤੇ ਕਿਸੇ ਵੀ ਤਰ੍ਹਾਂ ਦਾ ਸਿਫਾਰਸ਼ੀ ਫੋਨ ਨਾ ਸੁਣਨ ਦੀ ਹਿਦਾਇਤ ਦਿੰਦਿਆਂ ਕਾਰਵਾਈ ਕਰਨ ਲਈ ਤੈਨਾਤ ਕਰ ਦਿੱਤਾ ਗਿਆ ਸੀ ਅਤੇ ਪੁਲੀਸ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ| ਪੁਲੀਸ ਦੀ ਇਹ ਕਾਰਵਾਈ ਰਾਤ 9 ਵਜੇ ਤਕ ਜਾਰੀ ਸੀ| 
ਇਸ ਮੌਕੇ ਡੀ.ਐਸ.ਪੀ. ਗੁਰਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਹੁੰਦੀ ਹੁੱਲੜਬਾਜੀ ਦੀ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਉਨ੍ਹਾਂ ਨੂੰ ਮਿਲ ਕੇ ਇਸ ਖਿਲਾਫ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਇਸ ਤੋਂ ਬਾਅਦ ਪੁਲੀਸ ਵਲੋਂ ਇੱਥੇ ਇਹ ਤਲਾਸ਼ੀ ਮਹਿੰਮ ਆਰੰਭ ਕੀਤੀ ਗਈ| ਉਹਨਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਲਗਾਤਾਰ ਜਾਰੀ ਰਹੇਗੀ|  
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਇਸ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਉਨ੍ਹਾਂ ਨੂੰ ਮਿਲ ਕੇ ਇਸ ਸੱਮਸਿਆ ਤੋਂ ਜਾਣੂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵਲੋਂ ਪੁਲੀਸ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਹੁਲੱੜਬਾਜੀ ਨੂੰ ਰੋਕਣ ਲਈ ਕਾਰਵਾਈ ਦੀ ਮੰਗ ਕੀਤੀ ਗਈ ਸੀ| ਉਹਨਾਂ ਕਿਹਾ ਕਿ ਸ਼ਹਿਰ ਦੀ ਮਾਰਕੀਟ ਵਿੱਚ ਅਜਿਹੀ ਹੁੱਲੜਬਾਜੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ                   ਜਾਵੇਗੀ|
ਇਸ ਮੌਕੇ ਫੇਜ਼ 3 ਬੀ 2 ਮਾਰਕੀਟ ਦੇ ਪ੍ਰਧਾਨ ਸ੍ਰ. ਦਿਲਾਵਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਮਾਰਕੀਟ ਵਿੱਚ ਰੋਜਾਨਾ ਸ਼ਾਮ ਵੇਲੇ ਹੁੰਦੀ ਇਸ ਹੁਲੱੜਬਾਜੀ ਨੂੰ ਰੋਕਣ ਲਈ ਇਸਦੀ ਸ਼ਿਕਾਇਤ ਡੀ.ਐਸ.ਪੀ. ਨੂੰ ਕੀਤੀ ਗਈ ਸੀ ਜਿਸਤੋਂ ਬਾਅਦ ਉਨ੍ਹਾਂ ਵਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ| ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਕੁਝ ਦਿਨ ਪਹਿਲਾ ਦੋ ਕੁੜੀਆਂ ਦੀ ਲੜਾਈ ਦਾ ਵਿਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ|  
ਪੁਲੀਸ ਵਲੋਂ ਕੀਤੀ ਗਈ ਇਸ ਸਖਤ ਕਾਰਵਾਈ ਨਾਲ ਫੇਜ਼ 3ਬੀ2 ਦੀ ਮਾਰਕੀਟ ਵਿੱਚ ਕੀਤੀ ਜਾਂਦੀ ਇਸ ਹੁਲੱੜਬਾਜੀ ਤੇ ਰੋਕ ਲੱਗਣ ਦੀ ਆਸ ਬਣ ਗਈ ਹੈ ਪਰੰਤੂ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਇਹ ਕਾਰਵਾਈ ਲਗਾਤਾਰ ਜਾਰੀ ਰਹੇ|

Leave a Reply

Your email address will not be published. Required fields are marked *