ਹੁਲੱੜਬਾਜੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਸ਼ੋਹਦਿਆਂ ਦੇ ਖਿਲਾਫ ਸਖਤੀ ਕਰੇ ਪੁਲੀਸ

ਕਹਿਣ ਨੂੰ ਤਾਂ ਸਾਡੇ ਸ਼ਹਿਰ ਨੂੰ ਪੰਜਾਬ ਦੇ ਇੱਕ ਅਜਿਹੇ ਵੀ ਵੀ ਆਈ ਪੀ ਸ਼ਹਿਰ ਦਾ ਦਰਜਾ ਹਾਸਿਲ ਹੈ ਜਿੱਥੇ ਪੁਲੀਸ ਫੋਰਸ ਵਲੋਂ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਕਾਬੂ ਹੇਠ ਰੱਖਣ ਲਈ ਹਰ ਸੰਭਵ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਅਸਲੀਅਤ ਇਹ ਵੀ ਹੈ ਕਿ ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ| ਇਹ ਗੁੰਡਾ ਅਨਸਰ ਸ਼ਹਿਰ ਦੇ ਵੱਖ ਵੱਖ ਰਿਹਾਇਸ਼ੀ ਖੇਤਰਾਂ ਵਿੱਚ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ, ਕੁੜੀਆਂ ਤੇ ਅਸ਼ਲੀਲ ਫਿਕਰੇ ਕਸਦੇ ਹਨ ਅਤੇ ਜੇਕਰ ਕੋਈ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ ਤਾਂ ਇਹ ਹੁੱਲੜਬਾਜ ਉਸ ਵਿਕਅਤੀ ਤੇ ਹਮਲਾ ਤਕ ਕਰ ਦਿੰਦੇ ਹਨ|
ਸ਼ਹਿਰ ਦੀ ਪੁਲੀਸ ਫੋਰਸ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਜਿਸ ਤਰੀਕੇ ਨਾਲ ਵਿਹਲੜ ਨੌਜਵਾਨ ਝੁੰੜ ਬਣਾ ਕੇ ਖਰਮਸਤੀਆਂ ਅਤੇ ਹੁਲੱੜਬੀ ਕਰਦੇ ਹਨ ਉਸ ਨਾਲ ਤਾਂ ਅਜਿਹਾ ਬਿਲਕੁਲ ਨਹੀਂ ਲੱਗਦਾ ਕਿ ਅਜਿਹੇ ਅਨਸਰਾਂ ਦੇ ਦਿਲੋ ਦਿਮਾਗ ਵਿੱਚ ਪੁਲੀਸ ਦਾ ਕੋਈ ਡਰ ਬਚਿਆ ਹੈ|
ਸਾਡੇ ਸ਼ਹਿਰ ਵਿੱਚ ਇਕੱਲੀਆਂ ਰਹਿਣ ਵਾਲੀਆਂ ਅਜਿਹੀਆਂ ਕੁੜੀਆਂ ਦੀ ਗਿਣਤੀ ਕਾਫੀ ਜਿਆਦਾ ਹੈ ਜਿਹੜੀਆਂ ਆਪਣੀ ਪੜ੍ਹਾਈ ਜਾਂ ਨੌਕਰੀ ਦੇ ਸੰਬੰਧ ਵਿੱਚ ਆਪਣੇ ਮੂਲ ਸ਼ਹਿਰ ਅਤੇ ਪਰਿਵਾਰ ਤੋਂ ਦੂਰ ਆ ਕੇ ਇੱਥੇ ਇਕੱਲੀਆਂ ਰਹਿੰਦੀਆਂ ਹਨ| ਇਹ ਕੁੜੀਆਂ ਜਾਂ ਤਾਂ ਕਿਤੇ ਪੇਇੰਗ ਗੈਸਟ ਵਜੋਂ ਰਹਿੰਦੀਆਂ ਹਨ ਜਾਂ ਫਿਰ ਤਿੰਨ ਚਾਰ ਕੁੜੀਆਂ ਵਲੋਂ ਇਕੱਠੇ ਹੋ ਕੇ  ਕੋਈ ਮਕਾਨ ਕਿਰਾਏ ਤੇ ਲੈ ਕੇ ਉੱਥੇ ਆਪਣੀ ਰਿਹਾਇਸ਼ ਕਰ ਲਈ ਜਾਂਦੀ ਹੈ| ਇਹਨਾਂ ਕੁੜੀਆਂ ਤੇ ਅੱਗੇ ਟੌਹਰ ਮਾਰਨ ਅਤੇ ਆਪਣਾ ਰੌਹਬ ਜਮਾਉਣ ਲਈ ਵਿਹਲੜ ਕਿਸਮ ਦੇ ਇਹ ਨੌਜਵਾਨ (ਜਿਹਨਾਂ ਵਿੱਚ ਜਿਆਦਾਤਰ ਵੱਡੇ ਘਰਾਂ ਦੇ ਕਾਕੇ ਹੁੰਦੇ ਹਨ) ਗਲੀ ਮੁਹੱਲਿਆਂ ਵਿੱਚ ਗੇੜੀਆਂ ਕੱਢਦੇ ਹਨ ਅਤੇ ਇਹਨਾਂ ਵਲੋਂ ਆਮ ਲੋਕਾਂ ਨਾਲ ਦੁਰਵਿਵਹਾਰ ਦੀਆਂ ਕਾਰਵਾਈਆਂ ਵੀ ਆਮ ਹਨ|
ਅਜਿਹੇ ਹੁੱਲੜਬਾਜਾਂ ਵਲੋਂ ਆਮ ਲੋਕਾਂ ਨਾਲ ਝਗੜੇ ਕਰਨ ਅਤੇ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕਰਨ ਦੇ ਮਾਮਲੇ ਵੀ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੇ ਰਹਿੰਦੇ ਹਨ| ਮਹਿੰਗੀਆਂ ਕਾਰਾਂ ਜਾਂ ਖੁੱਲੀਆਂ ਜੀਪਾਂ ਵਿੱਚ ਘੁੰਮਣ ਵਾਲੇ ਅਜਿਹੇ ਹੁੱਲੜਬਾਜ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਵਿੱਚ ਗੇੜੀਆਂ ਤਾਂ ਕੱਢਦੇ ਹੀ ਹਨ, ਉਹਨਾਂ ਵਲੋਂ ਆਪਣੇ ਵਾਹਨ ਵਿੱਚ ਉੱਚੀ ਆਵਾਜ ਵਿੱਚ ਸਟੀਰਿਊ ਵੀ ਵਜਾਇਆ ਜਾਂਦਾ ਹੈ| ਬਿਨਾ ਵਜ੍ਹਾ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਵਿੱਚ ਗੇੜੀਆਂ ਕੱਢਣ ਵਾਲੇ ਇਹ ਨੌਜਵਾਨ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਕਈ ਵਾਰ ਇਹਨਾਂ ਨੂੰ ਅਸ਼ਲੀਲ ਇਸ਼ਾਰੇ ਕਰਦਿਆਂ ਵੀ ਵੇਖਿਆ ਜਾ ਸਕਦਾ ਹੈ| ਇਸ ਦੌਰਾਨ ਜੇਕਰ ਕੋਈ ਵਿਅਕਤੀ ਇਹਨਾਂ ਸ਼ੋਹਦਿਆਂ ਦੀ ਇਸ ਕਾਰਵਾਈ ਦਾ ਵਿਰੋਧ ਕਰਦਾ ਹੈ ਤਾਂ ਇਹ ਵਿਅਕਤੀ ਉਸ ਨਾਲ ਕੁੱਟਮਾਰ ਤਕ ਕਰਨ ਤੇ ਉਤਾਰੂ ਹੋ ਜਾਂਦੇ ਹਨ| ਇਹਨਾਂ ਨੌਜਵਾਨਾਂ ਦੇ ਵੱਖੋ ਵੱਖਰੇ ਗਰੁੱਪ ਬਣੇ ਹੋਏ ਹਨ ਜਿਹਨਾਂ ਵਲੋਂ ਟੋਲੇ ਬਣਾ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ| ਨੌਜਵਾਨਾਂ ਦੇ ਇਹਨਾਂ ਗਰੁੱਪਾਂ ਵਿੱਚ ਕਈ ਵਾਰ ਆਪਸੀ ਝਗੜੇ ਵੀ ਹੁੰਦੇ ਹਨ ਜਿਸ ਦੌਰਾਨ ਇਹਨਾਂ ਵਿੱਚ ਹਿੰਸਕ ਟਕਰਾਓ ਵੀ ਹੁੰਦਾ ਹੈ|
ਸ਼ਹਿਰ ਵਿੱਚ ਲਗਾਤਾਰ ਵੱਧਦੀਆਂ ਹੁੱਲੜਬਾਜੀ ਦੀਆਂ ਅਜਿਹੀਆਂ ਘਟਨਾਵਾਂ ਕਾਰਨ ਜਿੱਥੇ ਸ਼ਹਿਰਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਨਪਦਾ ਹੈ ਉੱਥੇ ਉਹਨਾਂ ਵਿੱਚ ਅਸੁਰਖਿਆ ਦੀ ਭਾਵਨਾ ਵਧਣ ਕਾਰਨ ਪ੍ਰਸ਼ਾਸ਼ਨ ਤੋਂ ਭਰੋਸਾ ਵੀ ਘੱਟਦਾ ਹੈ| ਸ਼ਹਿਰਵਾਸੀ ਆਮ ਗੱਲਬਾਤ ਵਿੱਚ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਕਿਉਂਕਿ ਇਹ ਅਨਸਰ ਅਮੀਰ ਅਤੇ ਉੱਚੀ ਪਹੁੰਚ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਹੁੰਦੇ ਹਨ ਇਸ ਲਈ ਪੁਲੀਸ ਵੀ ਅਜਿਹੇ ਵਿਅਕਤੀਆਂ ਤੇ ਹੱਥ ਪਾਉਣ ਤੋਂ ਝਿਝਕਦੀ ਹੈ|
ਆਪਣੀਆਂ ਕਾਰਵਾਈਆਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਲੇ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਹੁੱਲੜਬਾਜਾਂ ਨੂੰ ਕਾਨੂੰਨ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ| ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਲਗਾਤਾਰ ਵਾਪਰਦੇ ਅਪਰਾਧਾਂ ਤੇ ਕਾਬੂ ਕਰਨ ਲਈ ਯੌਜਨਾਬੱਧ ਢੰਗ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਵੱਧ ਰਹੀ ਅਸੁਰਖਿਆ ਦੀ ਭਾਵਨਾ ਘੱਟ ਹੋਵੇ ਅਤੇ ਉਹਨਾਂ ਦਾ ਪ੍ਰਸ਼ਾਸ਼ਨ ਵਿੱਚ ਭਰੋਸਾ ਬਹਾਲ ਰਹੇ|

Leave a Reply

Your email address will not be published. Required fields are marked *