ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਸੋਮ ਪ੍ਰਕਾਸ਼ ਨੂੰ ਝੱਲਣਾ ਪਿਆ ਕਿਸਾਨਾਂ ਦਾ ਜ਼ਬਰਦਸਤ ਵਿਰੋਧ
ਹੁਸ਼ਿਆਰਪੁਰ, 25ਦਸੰਬਰ (ਸ.ਬ.) ਹੁਸ਼ਿਆਰਪੁਰ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਦਰਅਸਲ ਅੱਜ ਅਟਲ ਬਿਹਾਰੀ ਵਾਜਪੇਈ ਦੀ ਜਯੰਤੀ ਮੌਕੇ ਭਾਜਪਾ ਵੱਲੋਂ ਰੱਖੇ ਗਏ ਇਕ ਪ੍ਰੋਗਰਾਮ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਸੰਬੋਧਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਇਕ ਇਕੱਠ ਕਰਕੇ ਹੁਸ਼ਿਆਰਪੁਰ ਸ਼ਹਿਰ ਵਿੱਚ ਰੋਸ ਮਾਰਚ ਕੱਢ ਦਿੱਤਾ ਗਿਆ।
ਇਸ ਦੇ ਨਾਲ ਹੀ ਜਿੱਥੇ ਸੋਮ ਪ੍ਰਕਾਸ਼ ਨੇ ਸੰਬੋਧਨ ਕਰਨਾ ਸੀ ਉਸ ਸਥਾਨ ਤੇ ਪਹੁੰਚ ਕੇ ਚੌਂਕ ਨੂੰ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਇਸ ਮੌਕੇ ਪੁਲੀਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਬੈਰੀਕੇਡ ਨੂੰ ਤੋੜ ਕੇ ਅੱਗੇ ਵੱਧਦੇ ਹੋਏ ਪ੍ਰੋਗਰਾਮ ਨੂੰ ਰੋਕ ਦਿੱਤਾ।
ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸੋਮ ਪ੍ਰਕਾਸ਼ ਮੋਦੀ ਦੀ ਕੈਬਨਿਟ ਵਿੱਚ ਰਾਜ ਮੰਤਰੀ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਕੋਈ ਵੀ ਸੰਬੋਧਨ ਨਹੀਂ ਕਰਨ ਦਿੱਤਾ ਜਾਵੇਗਾ।