ਹੁਸ਼ਿਆਰਪੁਰ ਵਿੱਚ ਭਿਆਨਕ ਹਾਦਸੇ ਵਿੱਚ 4 ਦੀ ਮੌਤ

ਹੁਸ਼ਿਆਰਪੁਰ ਵਿੱਚ ਭਿਆਨਕ ਹਾਦਸੇ ਵਿੱਚ 4 ਦੀ ਮੌਤ
ਹਾਦਸੇ ਦੀ ਖਬਰ ਸੁਣਦਿਆਂ ਹੀ ਔਰਤ ਦੀ ਦਿਲ ਦੇ ਦੌਰੇ ਨਾਲ ਮੌਤ
ਦਸੂਹਾ, 7 ਅਪ੍ਰੈਲ (ਸ.ਬ.) ਦਸੂਹਾ-ਹਾਜੀਪੁਰ ਰੋਡ ਤੇ ਸਿੰਘਪੁਰ ਨੇੜੇ  ਅੱਜ ਸਵੇਰੇ ਭਿਆਨਕ ਹਾਦਸੇ ਦੌਰਾਨ ਡਰਾਈਵਰ ਸਮੇਤ 4 ਬੱਚਿਆਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਸਾਢੇ ਸੱਤ ਵਜੇ ਵਾਪਰਿਆ, ਜਦੋਂ ਕੈਂਬ੍ਰਿਜ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ| ਇਸ ਦੌਰਾਨ ਜਲੰਧਰ ਤੋਂ ਆ ਰਹੀ ਇਕ ਵਾਹਨ ਨਾਲ ਸਿੰਘਪੁਰ ਨੇੜੇ ਬੱਸ ਦੀ ਟੱਕਰ ਹੋ ਗਈ| ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ ਤੇ ਹੀ 3 ਸਕੂਲੀ ਬੱਚਿਆਂ ਸਮੇਤ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਜ਼ਖਮੀ ਹੋ ਗਏ| ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਡਿਟੈਕਟਿਵ) ਹਰਪ੍ਰੀਤ ਸਿੰਘ ਨੇ ਕਿਹਾ ਕਿ ਕੈਂਬਰਿਜ ਸਕੂਲ ਦੀ ਬੱਸ ਹਾਜੀਪੁਰ ਤੋਂ ਦਸੂਹਾ ਵੱਲ ਆ ਰਹੀ ਸੀ| ਦੂਜੇ ਪਾਸੇ ਸਾਹਮਣੇ ਤੋਂ ਜਲੰਧਰ ਤੋਂ ਦਸੂਹਾ ਜਾ ਰਹੇ ਆਲੂਆਂ ਦੇ ਭਰੇ ਹੋਏ ਮਿੰਨੀ ਮਹਿੰਦਰਾ ਪੀਕੱਪ ਨਾਲ ਬੱਸ ਦੀ ਸਾਹਮਣੇ ਤੋਂ ਟੱਕਰ ਹੋ ਗਈ ਹੈ| ਉਨ੍ਹਾਂ ਕਿਹਾ ਸਾਰੇ ਜ਼ਖ਼ਮੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤੇ ਹਨ| ਇੱਥੇ ਤੋਂ ਨਾਜ਼ੁਕ ਹਾਲਤ ਬੱਚਿਆਂ ਨੂੰ ਹੁਸ਼ਿਆਰਪੁਰ ਦੇ ਸ਼ਿਵਮ, ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ| ਮੌਕੇ ਤੇ ਬੱਚਿਆਂ ਦੇ ਮਾਪੇ ਵੀ ਪਹੁੰਚ ਗਏ ਹਨ|
ਇਸੇ ਦੌਰਾਨ ਬੱਸ ਹਾਦਸੇ ਦੀ ਖਬਰ ਸੁਣਦੇ ਹੀ ਹਾਜੀਪੁਰ ਦੀ ਰਹਿਣ ਵਾਲੀ ਇਕ ਔਰਤ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਕ ਜਿਵੇਂ ਹੀ ਮ੍ਰਿਤਕ ਔਰਤ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਉਸ ਦੇ ਦਿਲ ਵਿੱਚ ਇਹ ਗੱਲ ਆ ਗਈ ਕਿ ਕਿਤੇ ਇਹ ਉਹ ਬੱਸ ਨਾ ਹੋਵੇ, ਜਿਸ ਵਿੱਚ ਉਸ ਦੇ ਬੱਚੇ ਸਕੂਲ ਗਏ ਹਨ| ਇਸੇ ਸੋਚ ਨੇ ਉਸ ਨੂੰ ਇੰਨੀ ਘਬਰਾਹਟ ਵਿੱਚ ਪਾ ਦਿੱਤਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਨੇ ਦਮ ਤੋੜ ਦਿੱਤਾ, ਹਾਲਾਂਕਿ ਉਸ ਦੇ ਬੱਚੇ ਸਹੀ-ਸਲਾਮਤ ਦੱਸੇ ਜਾ ਰਹੇ ਹਨ|

Leave a Reply

Your email address will not be published. Required fields are marked *