ਹੈਂਡਪੰਪ ਦੀ ਹੱਥੀ ਨਾਲ ਸਿਰ ਤੇ ਵਾਰ ਕਰਕੇ ਇੱਕ ਵਿਅਕਤੀ ਦਾ ਕਤਲ

ਹੈਂਡਪੰਪ ਦੀ ਹੱਥੀ ਨਾਲ ਸਿਰ ਤੇ ਵਾਰ ਕਰਕੇ ਇੱਕ ਵਿਅਕਤੀ ਦਾ ਕਤਲ
ਵਾਈ ਪੀ ਐਸ ਚੌਂਕ ਦੇ ਨੇੜੇ ਖਾਲੀ ਥਾਂ ਵਿੱਚ ਪਈ ਮਿਲੀ ਲਾਸ਼, ਮ੍ਰਿਤਕ ਦੀ ਨਹੀਂ ਹੋਈ ਸ਼ਿਨਾਖਤ
ਐਸ ਏ ਐਸ ਨਗਰ, 30 ਜੂਨ (ਸ.ਬ.) ਸਥਾਨਕ ਵਾਈ ਪੀ ਐਸ ਚੌਂਕ ਦੇ ਨਾਲ ਲੱਗਦੇ ਠੇਕੇ ਦੇ ਸੱਜੇ ਪਾਸੇ            ਫੇਜ਼ 8 ਦੀ ਖਾਲੀ ਥਾਂ ਵਿੱਚ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦਾ ਕਤਲ ਹੋਇਆ ਹੈ ਉਹ ਕੋਈ ਪ੍ਰਵਾਸੀ ਮਜਦੂਰ ਹੈ| ਮ੍ਰਿਤਕ ਦੀ ਲਾਸ਼ ਅੱਜ ਸਵੇਰੇ ਬਰਾਮਦ ਹੋਈ ਹੈ ਅਤੇ ਲਾਸ਼ ਦੇ ਨੇੜੇ ਇੱਕ ਨਲਕੇ ਦੀ ਹੱਥੀ ਵੀ ਬਰਾਮਦ ਹੋਈ ਹੈ ਜਿਹੜੀ ਵਾਈ ਪੀ ਐਸ ਚੌਂਕ ਦੇ ਨੇੜੇ ਸਥਿਤ ਠੇਕੇ ਦੇ ਨਾਲ ਲੱਗੇ ਹੈਡ ਪੰਪ ਦੀ ਦੱਸੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਹੱਥੀ ਨਾਲ ਹੀ ਇਸ ਵਿਅਕਤੀ ਦਾ ਕਤਲ ਕੀਤਾ ਗਿਆ ਹੈ| ਮ੍ਰਿਤਕ ਦੇ ਸਿਰ ਤੇ ਕਈ ਜਖਮ ਸਨ ਅਤੇ ਕਾਫੀ ਖੂਨ ਡੁੱਲਿਆ ਹੋਇਆ ਸੀ| ਮ੍ਰਿਤਕ ਦੀ ਉਮਰ 35 ਤੋਂ 40 ਦੇ ਵਿੱਚ ਸੀ|
ਇਸ ਵਿਅਕਤੀ ਦੀ ਪਹਿਚਾਣ ਨਹੀਂ ਹੋਈ ਹੈ| ਪੁਲੀਸ ਅਨੁਸਾਰ ਮ੍ਰਿਤਕ ਵਿਅਕਤੀ ਦੀ ਬਾਂਹ ਤੇ ਇੱਕ ਟੈਟੂ ਬਣਿਆ ਹੋਇਆ ਹੈ ਅਤੇ ਉਸਦਾ ਨਾਮ ਰਾਜਾਰਾਮ ਲਿਖਿਆ ਹੋਇਆ ਹੈ| ਪੁਲੀਸ ਅਨੁਸਾਰ ਅੱਜ ਸਵੇਰੇ ਸੈਰ ਕਰਨ ਵਾਲੇ ਵਿਅਕਤੀਆਂ ਵਲੋਂ ਇੱਥੇ ਲਾਸ਼ ਪਈ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਜਦੋਂ ਪੁਲੀਸ ਟੀਮ ਮੌਕੇ ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਇਹ ਕਤਲ ਦਾ ਮਾਮਲਾ ਹੈ ਅਤੇ ਮੁੱਢਲੀ ਜਾਂਚ ਵਿੱਚ ਇਹ ਮਾਮਲਾ         ਦੇਰ ਰਾਤ ਹੋਏ ਕਤਲ ਦਾ ਹੈ|
ਮੌਕੇ ਤੇ ਪਹੁੰਚੇ ਏ ਐਸ ਆਈ ਰਸ਼ਪ੍ਰੀਤ ਸਿੰਘ ਨੇ ਦੱਸਿਆ ਨੇ ਪੁਲੀਸ ਨੂੰ ਸਵੇਰੇ 9 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਲਾਸ਼ ਪਈ ਹੈ ਅਤੇ ਜਦੋਂ ਪੁਲੀਸ ਦੀ ਟੀਮ ਇੱਥੇ ਪਹੁੰਚੀ ਤਾਂ ਲਾਸ਼ ਦੀ ਹਲਤ ਵੇਖ ਕੇ ਪਤਾ ਚਲਿਆ ਕਿ ਇਹ ਕਤਲ ਦਾ ਮਾਮਲਾ ਹੈ| ਉਹਨਾਂ ਕਿਹਾ ਕਿ ਮ੍ਰਿਤਕ ਵੇਖਣ ਵਿੱਚ ਪ੍ਰਵਾਸੀ ਲੱਗਦਾ ਹੈ ਅਤੇ ਉਸਦੀ ਪਹਿਚਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੇ ਇੱਕ ਹੱਥੀ ਵੀ ਬਰਾਮਦ ਹੋਈ ਹੈ ਅਤੇ ਲੱਗਦਾ ਹੈ ਕਿ ਇਸੇ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ|
ਮੌਕੇ ਤੇ ਫਾਰੈਂਸਿਕ ਵਿਭਾਗ ਦੀ ਟੀਮ ਨੂੰ ਵੀ ਸੱਦਿਆ ਗਿਆ ਸੀ ਤਾਂ ਜੋ ਮਾਮਲੇ ਦੀ ਗਹਿਰਾਈ ਨਾਲ ਜਾਂਚ ਸੰਭਵ ਹੋ ਸਕੇ| ਪੁਲੀਸ ਵਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *