ਹੈਦਰਾਬਾਦ ਦੇ ਇਕ ਕਾਰਖਾਨੇ ਵਿੱਚ ਅੱਗ ਲੱਗਣ ਕਾਰਨ 6 ਵਿਅਕਤੀਆਂ ਦੀ ਮੌਤ

ਹੈਦਰਾਬਾਦ, 22 ਫਰਵਰੀ (ਸ.ਬ.) ਅੱਟਾਪੁਰ ਇਲਾਕੇ ਵਿੱਚ ਅੱਜ ਛੋਟੇ ਉਦਯੋਗ ਦੇ ਇਕ ਕਾਰਖਾਨੇ ਵਿੱਚ ਭਿਆਨਕ ਅੱਗ ਲੱਗ ਜਾਣ ਕਾਰਨ 6 ਕਰਮਚਾਰੀਆਂ ਦੀ ਝੁਲਸਣ ਕਾਰਨ ਮੌਤ ਹੋ ਗਈ| ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ| ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤੜਕੇ 5 ਵਜੇ ਪੁਲੀਸ ਦੇ ਇਕ ਦਲ ਨੇ ਕਾਰਖਾਨੇ ਵਿੱਚੋਂ ਧੂੰਆਂ ਨਿਕਲਦੇ ਦੇਖਿਆ|         ਤੇਜੀ ਨਾਲ ਫੈਲਦੀ ਅੱਗ ਨੂੰ ਦੇਖ ਕੇ ਉਨ੍ਹਾਂ ਨੇ ਜਲਦੀ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ| ਸ਼ਮਸ਼ਾਬਾਦ ਜੋਨ ਦੇ ਪੁਲੀਸ ਡਿਪਟੀ ਕਮਿਸ਼ਨਰ ਪੀ.ਵੀ. ਪਦਮਜਾ ਨੇ ਕਿਹਾ ਕਿ 4 ਫਾਇਰ ਬ੍ਰਿਗੇਡ ਗੱਡੀਆਂ ਦੀ ਮਦਦ ਨਾਲ ਅੱਗ ਬੁਝਾਈ ਗਈ ਹੈ| ਕਾਰਖਾਨੇ ਵਿੱਚੋਂ 6 ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ ਅਤੇ ਪੋਸਟਮਾਰਟਮ ਲਈ ਸਰਕਾਰੀ ਓਸਮਾਨੀਆ ਜਨਰਲ ਹਸਪਤਾਲ         ਭੇਜੀਆਂ ਗਈਆਂ ਹਨ| ਅਧਿਕਾਰੀ ਨੇ ਕਿਹਾ ਕਿ ਸਾਰੇ ਮ੍ਰਿਤਕ ਛੱਤੀਸਗੜ੍ਹ ਅਤੇ ਬਿਹਾਰ ਤੋਂ ਹਨ| ਇਹ ਕੰਪਨੀ ਏਅਰ ਕੁੱਲਰ ਅਤੇ ਬੈਟਰੀ ਨਾਲ ਚੱਲਣ ਵਾਲੇ ਵਾਹਨ ਬਣਾਉਂਦੀ ਹੈ ਅਤੇ ਇਸ ਦੇ ਨੇੜੇ-ਤੇੜੇ ਦਾ ਇਲਾਕਾ ਰਿਹਾਇਸ਼ੀ ਹੈ| ਡੀ.ਸੀ.ਪੀ. ਨੇ ਕਿਹਾ ਕਿ ਆਮ ਤੌਰ ਤੇ ਕਾਰਖਾਨੇ ਵਿੱਚ 4 ਕਰਮਚਾਰੀ ਮੌਜੂਦ ਰਹਿੰਦੇ ਹਨ ਪਰ ਕੱਲ੍ਹ 2 ਹੋਰ ਲੋਕ ਆ ਗਏ ਸਨ| ਉਨ੍ਹਾਂ ਨੇ ਕਿਹਾ ਕਿ ਗੌਦਾਮ ਦੇ ਮਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਮੁੱਢਲੀ ਜਾਂਚ ਮੁਤਾਬਕ ਮਾਲਕ ਨੇ ਗੌਦਾਮ ਵਿੱਚ ਜ਼ਰੂਰੀ ਬਚਾਅ ਉਪਾਅ ਨਹੀਂ ਕੀਤੇ ਹੋਏ ਸਨ| ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦਾ ਅਸਲ ਕਾਰਨ ਪਤਾ ਲਗਾਉਣ ਲਈ ਜਾਂਚ ਜਾਰੀ ਹੈ|

Leave a Reply

Your email address will not be published. Required fields are marked *