ਹੈਲਪਿੰਗ ਹੈਪਲੈਸ ਦੇ ਯਤਨਾਂ ਸਦਕਾ ਸਾਊਦੀ ਅਰਬ ਦੀ ਜੇਲ੍ਹ ਵਿਚੋਂ ਪੰਜਾਬੀ ਨੌਜਵਾਨ ਮਲਕੀਤ ਸਿੰਘ ਆਪਣੇ ਘਰ ਵਾਪਿਸ ਪਰਤਿਆ

ਚੰਡੀਗੜ੍ਹ, 22 ਜਨਵਰੀ (ਸ.ਬ.) ਸੰਸਥਾ ਹੈਲਪਿੰਗ ਹੈਪਲੈਸ ਪਿਛਲੇ ਤਿੰਨ ਸਾਲਾਂ ਤੋਂ ਵਿਦੇਸ਼ਾਂ ਵਿਚ ਫਸੇ ਪੰਜਾਬੀ ਨੌਜਵਾਨਾਂ ਨੂੰ ਵਾਪਿਸ ਲੈ ਕੇ ਆਉਣ ਲਈ ਕੰਮ ਕਰਦੀ ਆ ਰਹੀ ਹੈ ਜਿਸ ਦੇ ਤਹਿਤ ਸਾਉਦੀ ਅਰਬ ਵਿੱਚ ਫਸੇ ਨੌਜਵਾਨ ਨੂੰ ਵਾਪਸ ਲਿਆਉਣ ਵਿੱਚ ਸਫਲਤਾ ਮਿਲੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੀ ਸੰਚਾਲਕ ਤੇ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦੱਸਿਆ ਕਿ ਜਲੰਧਰ ਵਾਸੀ ਨੌਜਵਾਨ ਮਲਕੀਤ ਸਿੰਘ ਜੋ ਕਿ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ, ਅਚਾਨਕ ਉਥੇ ਫਸ ਗਿਆ| ਉਸ ਦਾ ਭਰਾ ਉਹਨਾਂ ਕੋਲ ਮੱਦਦ ਲੈਣ ਲਈ ਆਇਆ ਸੀ ਅਤੇ ਉਹ ਕੁਝ ਦਿਨ ਪਹਿਲਾਂ ਹੀ ਮਲਕੀਤ ਸਿੰਘ ਨੂੰ ਵਾਪਿਸ ਲੈ ਕੇ ਆਉਣ ਵਿਚ ਸਫਲ ਹੋਏ ਹਨ|
ਇਸ ਮੌਕੇ ਮਲਕੀਤ ਸਿੰਘ ਨੇ ਦੱਸਿਆ ਕਿ ਉਹ 2017 ਵਿਚ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ ਜਿੱਥੇ ਸ਼ੇਖ ਨੇ ਉਸ ਤੋਂ ਤਿੰਨ ਮਹੀਨੇ ਤਕ ਕੰਮ ਕਰਵਾਇਆ| ਉਹ ਉਥੇ ਡਰਾਈਵਰੀ ਕਰਦਾ ਸੀ| ਉਸ ਕੰਪਨੀ ਵਿਚ ਹੋਰ ਵੀ ਪੰਜਾਬੀ ਕੰਮ ਕਰਦੇ ਸਨ, ਜਿਨ੍ਹਾਂ ਨਾਲ ਮਾਰ ਕੁੱਟ ਵੀ ਕੀਤੀ ਜਾਦੀ ਸੀ ਤੇ ਪੈਸੇ ਵੀ ਨਹੀਂ ਸੀ ਦਿੱਤੇ ਜਾਂਦੇ| ਮਲਕੀਅਤ ਅਨੁਸਾਰ ਜਦੋਂ ਉਸਨੇ ਕੰਮ ਦੇ ਪੈਸੇ ਮੰਗੇ ਤਾਂ ਸੇਖ ਨੇ ਦੇਣ ਤੋ ਮਨ੍ਹਾ ਕਰ ਦਿੱਤਾ| ਫਿਰ ਇਕ ਦਿਨ ਜਦੋਂ ਉਹ ਟਰੱਕ ਲੈ ਕੇ ਆਇਆ ਤਾਂ ਉਹਨਾਂ ਨੇ ਟਰੱਕ ਦੀ ਚਾਬੀ ਉਸ ਤੋਂ ਲੈ ਲਈ ਤੇ ਉਸਨੂੰ ਕਮਰੇ ਵਿਚ ਭੇਜ ਦਿੱਤਾ| ਅਗਲੇ ਦਿਨ ਪੁਲੀਸ ਉਸਨੂੰ ਫੜ ਕੇ ਲੈ ਗਈ ਸੇਖ ਨੇ ਉਸ ਉੱਤੇ ਟਰੱਕ ਚੋਰੀ ਕਰਨ ਦਾ ਕੇਸ ਪਾ ਦਿੱਤਾ| ਉਥੇ ਉਸ ਦੀ ਕੋਈ ਵੀ ਸੁਣਵਾਈ ਨਹੀਂ ਸੀ| ਫਿਰ ਉਸ ਨੇ ਆਪਣੇ ਘਰ ਦੱਸਿਆ ਤਾ ਉਸ ਦੇ ਭਰਾ ਨੇ ਸੰਸਥਾ ਹੈਲਪਿੰਗ ਹੈਪਲੈਸ ਤੋਂ ਮਦਦ ਮੰਗੀ| ਬੀਬੀ ਰਾਮੂੰਵਾਲੀਆ ਨੇ ਕੁਝ ਦਿਨਾਂ ਵਿਚ ਹੀ ਉਸ ਨੂੰ ਜੇਲ੍ਹ ਵਿਚੋਂ ਬਾਹਰ ਕੱਢਵਾ ਦਿੱਤਾ| ਇਸ ਦੌਰਾਨ ਉਸ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਸੀ| ਉਸ ਤੋਂ ਬਾਅਦ ਬੀਬੀ ਰਾਮੂੰਵਾਲੀਆ ਨੇ ਲਗਾਤਾਰ ਉਸ ਨਾਲ ਫੋਨ ਤੇ ਰਾਬਤਾ ਕਾਇਮ ਰੱਖਿਆ ਤੇ ਜਲਦੀ ਹੀ ਉਸਨੂੰ ਪੰਜਾਬ ਵਾਪਿਸ ਲੈ ਆਏ|
ਬੀਬੀ ਰਾਮੂੰਵਾਲੀਆ ਨੇ ਦੱਸਿਆ ਉਹਨਾਂ ਨੇ ਇਸ ਸੰਬੰਧੀ ਭਾਰਤੀ ਰਾਜਦੂਤ ਨਾਲ ਤਾਲਮੇਲ ਕੀਤਾ ਜਿਸ ਦੇ ਤਹਿਤ ਸੀਨੀਅਰ ਅਫਸਰ ਰਾਜ ਕੁਮਾਰ ਨੇ ਮਲਕੀਤ ਸਿੰਘ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਇਆ ਤੇ ਪੰਜਾਬ ਵਾਪਿਸ ਭੇਜਣ ਲਈ ਸਾਰੀ ਕਾਰਵਾਈ ਪੂਰੀ ਕੀਤੀ| ਭਾਰਤੀ ਦੂਤਾਵਾਸ ਨੇ ਉਹਨਾਂ ਦੀ ਪੂਰੀ ਮੱਦਦ ਕੀਤੀ| ਜਿਸ ਤੇ ਸਦਕਾ ਹੀ ਮਲਕੀਤ ਸਿੰਘ ਪੰਜਾਬ ਵਾਪਿਸ ਆ ਸਕਿਆ ਹੈ| ਮਲਕੀਤ ਸਿੰਘ ਨੂੰ ਵਾਪਿਸ ਆ ਕੇ ਪੂਰੀ ਤਰ੍ਹਾ ਨਾਲ ਠੀਕ ਹੋਣ ਵਿੱਚ ਦੋ ਮਹੀਨੇ ਲੱਗ ਗਏ| ਇਸ ਮੌਕੇ ਸੰਸਥਾ ਦੇ ਸਕੱਤਰ ਸ: ਕੁਲਦੀਪ ਸਿੰਘ ਬੈਰੋਪੁਰ, ਸ਼ਿਵ ਕੁਮਾਰ ਅਗਰਵਾਲ ਸਲਾਹਕਾਰ ਹਾਜਰ ਸਨ|

Leave a Reply

Your email address will not be published. Required fields are marked *