ਹੈਲੀਕਾਪਟਰ ਹਾਦਸੇ ਵਿੱਚ ਸਾਊਦੀ ਅਰਬ ਦੇ ਸ਼ਹਿਜ਼ਾਦੇ ਦੀ ਮੌਤ

ਰਿਆਦ, 6 ਨਵੰਬਰ (ਸ.ਬ.)  ਸਾਊਦੀ ਅਰਬ ਦੇ ਇਕ ਸ਼ਹਿਜਾਦੇ ਦੀ ਅੱਜ ਇਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ| ਸ਼ਹਿਜ਼ਾਦੇ ਦੇ ਨਾਲ ਹੋਰ ਕਈ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਇਹ ਹੈਲੀਕਾਪਟਰ ਸਾਊਦੀ ਅਰਬ ਦੀ ਯਮਨ ਨਾਲ ਲੱਗਣ ਵਾਲੀ ਦੱਖਣੀ ਸਰਹੱਦ ਨਜ਼ਦੀਕ ਹਾਦਸਾਗ੍ਰਸਤ ਹੋਇਆ| ਇਕ ਸਮਾਚਾਰ ਚੈਨਲ ਨੇ ਅਸੀਰ ਸੂਬੇ ਦੇ ਉਪ-ਗਵਰਨਰ ਅਤੇ ਸਾਬਕਾ ਵਲੀ ਅਹਿਦ (ਕਰਾਊਨ ਪ੍ਰਿੰਸ) ਦੇ ਬੇਟੇ ਸ਼ਹਿਜਾਦੇ ਮੰਸੂਰ ਬਿਨ ਮੋਕਰੇਨ ਦੀ ਮੌਤ ਦੀ ਘੋਸ਼ਣਾ ਕੀਤੀ ਹੈ| ਸਮਾਚਾਰ ਚੈਨਲ ਨੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਪਿੱਛੇ ਦੀ ਵਜ੍ਹਾ ਜਾਂ ਹੈਲੀਕਾਪਟਰ ਉਤੇ ਸਵਾਰ ਹੋਰ ਅਧਿਕਾਰੀਆਂ ਦੀ ਹਾਲਤ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ|
ਜ਼ਿਕਰਯੋਗ ਹੈ ਕਿ ਹਾਦਸੇ ਦੀ ਖਬਰ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਸਾਊਦੀ ਅਰਬ ਨੇ ਪ੍ਰਸ਼ਾਸਨ ਦੇ ਵੱਡੇ ਪੱਧਰ ਉਤੇ ਵੱਡੀ ਫੇਰਬਦਲ ਕੀਤੀ ਹੈ| ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਸੱਤਾ ਉਤੇ ਪਕੜ ਮਜ਼ਬੂਤ ਕੀਤੀ ਹੈ ਅਤੇ ਦਰਜਨਾਂ ਸ਼ਹਿਜਾਦਿਆਂ, ਮੰਤਰੀਆਂ ਅਤੇ ਕਰੋੜਪਤੀ ਉਦਯੋਗਪਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਪਹਿਲਾਂ ਹੀ ਅਘੋਸ਼ਿਤ ਸ਼ਾਸਕ ਦੇ ਤੌਰ ਉਤੇ ਦੇਖਿਆ ਜਾ ਰਿਹਾ ਹੈ ਜੋ ਸਰਕਾਰ ਵਿਚ ਰੱਖਿਆ ਤੋਂ ਲੈ ਕੇ ਆਰਥਿਕ ਖੇਤਰ ਤੱਕ ਨੂੰ ਕੰਟਰੋਲ ਕਰ ਰਿਹਾ ਹੈ| ਅਜਿਹਾ ਲੱਗਦਾ ਹੈ ਕਿ ਉਹ ਆਪਣੇ 81 ਸਾਲਾ ਪਿਤਾ ਸ਼ਾਹ ਸਲਮਾਨ ਤੋਂ ਸੱਤਾ ਹਾਸਲ ਕਰਨ ਤੋਂ ਪਹਿਲਾਂ ਅੰਦਰੂਨੀ ਬਗ਼ਾਵਤ ਨੂੰ ਖਤਮ ਕਰਨ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ| ਇਸ ਹੈਲੀਕਾਪਟਰ ਹਾਦਸੇ ਤੋਂ ਪਹਿਲਾਂ ਐਤਵਾਰ ਨੂੰ ਸਾਊਦੀ ਅਰਬ ਨੇ ਯਮਨ ਵੱਲੋਂ ਦਾਗੀ ਗਈ ਮਿਜ਼ਾਇਲ ਨੂੰ ਰਿਆਦ ਦੇ ਕੌਮਾਂਤਰੀ ਹਵਾਈ ਅੱਡੇ ਨਜ਼ਦੀਕ ਨਸ਼ਟ ਕੀਤਾ ਸੀ|

Leave a Reply

Your email address will not be published. Required fields are marked *