ਹੋਰ ਭਖ ਗਈ ਹਲਕਾ ਵਿਧਾਇਕ ਅਤੇ ਮੇਅਰ ਵਿਚਾਲੇ ਚੱਲਦੀ ਖਿੱਚੋਤਾਣ

ਹੋਰ ਭਖ ਗਈ ਹਲਕਾ ਵਿਧਾਇਕ ਅਤੇ ਮੇਅਰ ਵਿਚਾਲੇ ਚੱਲਦੀ ਖਿੱਚੋਤਾਣ
ਵਿਧਾਇਕ ਦੇ ਸਮਰਥਕ ਕੌਂਸਲਰ ਵੀ ਮੈਦਾਨ ਵਿੱਚ ਆਏ, ਅਕਾਲੀ ਕੌਂਸਲਰਾਂ ਨੂੰ ਦਿੱਤੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ

ਐਸ.ਏ.ਐਸ. ਨਗਰ 10 ਅਕਤੂਬਰ (ਸ.ਬ.) ਹਲਕਾ ਵਿਧਾਇਕ ਅਤੇ ਨਗਰ ਨਿਗਮ ਦੇ  ਮੇਅਰ ਵਿਚਾਲੇ ਚਲ ਰਹੀ ਖਿਚੋਤਾਣ ਦੇ ਦੌਰਾਨ ਹੁਣ ਦੋਵਾਂ ਧਿਰਾਂ ਦੇ ਕੌਂਸਲਰ ਵੀ ਇੱਕ ਦੂਜੇ ਦੇ ਸਾਹਮਣੇ ਆ ਗਏ ਹਨ ਅਤੇ ਬੀਤੇ ਦਿਨ ਕੱਲ ਮੇਅਰ ਧੜੇ ਦੇ ਕੌਂਸਲਰਾਂ ਵੱਲੋਂ ਹਲਕਾ ਵਿਧਾਇਕ ਦੇ ਖਿਲਾਫ ਕੀਤੀ ਗਈ ਬਿਆਨਬਾਜੀ ਦੇ ਜਵਾਬ ਵਿੱਚ ਅੱਜ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਅਕਾਲੀ ਕੌਂਸਲਰਾਂ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਖਿਲਾਫ ਕੂੜ ਪ੍ਰਚਾਰ ਕਰਨ ਤੋਂ ਬਾਜ ਆਉਣ ਕਿਉਂਕਿ ਸ੍ਰ. ਸਿੱਧੂ ਦਾ ਰਿਕਾਰਡ ਬੋਲਦਾ ਹੈ ਕਿ ਉਹਨਾਂ ਨੇ ਪਿਛਲੇ 10 ਸਾਲਾਂ ਦੌਰਾਨ ਵਿਧਾਨ ਸਭਾ ਵਿੱਚ ਸਮੇਂ ਸਮੇਂ ਤੇ ਮੁਲਾਜਮਾਂ ਦੇ ਮਸਲੇ ਉਭਾਰ ਕੇ ਮੁਲਾਜਮ ਹਿਤੈਸ਼ੀ ਹੋਣ ਦਾ ਸਬੂਤ ਦਿੰਦੇ ਰਹੇ ਹਨ| ਉਹਨਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਨਿਰਪੱਖ ਹੋ ਕੇ ਡਿਊਟੀ ਨਿਭਾਉਣ ਨਾ ਕਿ ਕਿਸੇ ਧਿਰ ਦਾ ਹੱਥ ਫੋਕਾ ਬਣ ਕੇ ਕੰਮ ਕਰਨ|
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ  ਨਗਰ ਨਿਗਮ ਐਸ.ਏ.ਐਸ. ਨਗਰ  ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸਵ ਜੈਨ, ਕੌਂਸਲਰ ਰਜਿੰਦਰ ਸਿੰਘ ਰਾਣਾ, ਸ੍ਰ ਅਮਰੀਕ ਸਿੰਘ ਸੋਮਲ, ਸੁਰਿੰਦਰ ਸਿੰਘ ਰਾਜਪੂਤ, ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ ਅਤੇ ਜਸਵੀਰ ਸਿੰਘ, ਮਣਕੂ ਨੇ ਕਿਹਾ ਕਿ ਸ੍ਰ: ਬਲਬੀਰ ਸਿੰਘ ਸਿੱਧੂ ਨੂੰ ਲੋਕਾਂ ਨੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਬਦਲੇ ਹੀ ਚੁਣਿਆ ਹੈ, ਜੋ ਕਿ ਅਕਾਲੀ ਦਲ ਨੂੰ ਰਾਸ ਨਹੀਂ ਆ ਰਿਹਾ|
ਇਹਨਾਂ ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਤੇ ਕਾਬਜ ਧੜੇ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਖੋਖਲੇ ਸਾਬਿਤ ਹੋਏ ਹਨ ਕਿਉਂਕਿ ਇਹ ਵਿਕਾਸ ਕਾਰਜ਼ ਕਿਤੇ ਵੀ ਦਿਖਾਈ ਨਹੀਂ ਦਿੰਦੇ ਤੇ ਅੱਜ ਮੁਹਾਲੀ ਸ਼ਹਿਰ ਬੁਨਿਆਦੀ ਸਹੂਲਤਾਂ ਲਈ ਵੀ ਤਰਸ ਰਿਹਾ ਹੈ ਅਤੇ ਕਾਬਜ ਧੜਾ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਕੂੜ ਪ੍ਰਚਾਰ ਕਰ ਰਿਹਾ ਹੈ, ਜਿਸ ਵਿਚ ਕੋਈ ਦਮ ਨਹੀਂ ਹੈ|  ਉਨ੍ਹਾਂ ਕਿਹਾ ਕਿ ਕੁਝ ਅਕਾਲੀ ਕੌਂਸਲਰ ਸ੍ਰ. ਬਲਬੀਰ ਸਿੰਘ ਸਿੱਧੂ ਤੇ  ਵੱਖ ਵੱਖ  ਇਲਜਾਮ ਲਗਾ ਕੇ ਆਪਣੀਆਂ ਰਾਜ਼ਸੀ ਰੋਟੀਆਂ                 ਸੇਕਣ ਦਾ ਯਤਨ ਕਰ ਰਹੇ ਹਨ| ਜਿਸ ਵਿਚ ਉਹ ਕਦੇ ਕਾਮਯਾਬ ਨਹੀਂ           ਹੋਣਗੇ| ਉਨ੍ਹਾਂ ਕਿਹਾ ਕਿ  ਅਕਾਲੀ ਦਲ ਦੇ ਕੌਸਲਰਾਂ ਦੀ ਮਾੜੀ ਕਾਰਗੁਜਾਰੀ ਕਾਰਨ ਪਿਛਲੇ ਦਿਨੀ ਬਰਸਾਤ ਵਿਚ ਸ਼ਹਿਰ ਨਿਵਾਸੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾਂ ਕਰਨਾ ਪਿਆ ਅਤੇ ਸ਼ਹਿਰ ਨਿਵਾਸੀਆਂ ਦਾ ਮਾਲੀ ਨੁਕਸਾਨ ਵੀ ਹੋਇਆ| ਉਨ੍ਹਾਂ ਆਪਣੇ ਬਿਆਨ ਵਿਚ ਸਵਾਲ ਕੀਤਾ ਕਿ ਕਰੋੜਾ ਰੁਪਏ ਖਰਚੀ ਗਰਾਂਟ ਦਾ ਅਕਾਲੀ ਕੌਸਲਰਾਂ ਕੋਲ ਕੋਈ ਜਵਾਬ ਨਹੀਂ ਹੈ| ਉਨ੍ਹਾਂ ਕਿਹਾ ਕਿ ਅਕਾਲੀ ਕੌਸਲਰਾਂ ਨੂੰ ਆਪਣੀ ਮੰਜੀ ਹੇਠਾਂ ਖੁਦ ਸੋਟਾ ਫੇਰਨ ਦੀ ਲੋੜ ਹੈ| ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੇ  ਸ਼ਹਿਰ ਲਈ ਕੀ ਕੀਤਾ ਹੈ|
ਇਸ ਦੌਰਾਨ ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ਼ ਚੰਦ ਸ਼ਰਮਾਂ ਮੱਛਲੀਕਲਾਂ ਨੇ ਕਾਬਜ ਧੜੇ ਦੇ ਕੌਸਲਰਾਂ ਬਾਰੇ ਕਿਹਾ ਕਿ ਪਿਛਲੇ 10 ਸਾਲਾਂ ਵਿਚ  ਇੰਨ੍ਹਾਂ ਵੱਲੋਂ ਸਰਕਾਰੀ ਮੁਲਾਜਮਾਂ ਦੇ ਹੱਕ ਵਿਚ ਕਦੇ ਵੀ ਹਾਅ ਦਾ ਨਾਹਰਾ  ਨਹੀਂ ਮਾਰਿਆ ਗਿਆ ਬਲਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਮੁਲਾਜਮਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਤੇ ਲਾਠੀਆਂ ਵਰਾਂਦੀ ਰਹੀ| ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਪਿਛਲੇ 10 ਸਾਲਾਂ ਦੌਰਾਨ ਹਮੇਸ਼ਾ ਮੁਲਾਜਮਾਂ ਦੇ ਹੱਕਾਂ ਦੀ ਡਟਵੀਂ ਪੈਰਵੀ ਕੀਤੀ ਅਤੇ ਹਮੇਸ਼ਾ ਮੁਲਾਜਮਾਂ ਦਾ ਪੱਖ ਪੂਰਿਆ ਅਤੇ ਉਨ੍ਹਾਂ ਦੀਆਂ ਮੰਗਾਂ ਲਈ ਜੂਝਦੇ ਰਹੇ| ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਸ੍ਰ: ਸਿੱਧੂ ਨੂੰ ਮੁਲਾਜਮ ਵਿਰੋਧੀ ਹੋਣ ਦਾ ਝੂਠਾ ਪ੍ਰਚਾਰ ਕਰ ਰਹੇ ਹਨ ਜਿਸ ਵਿਚ ਰੱਤਾ ਵੀ ਸਚਾਈ ਨਹੀਂ ਹੈ|

Leave a Reply

Your email address will not be published. Required fields are marked *