ਹੋਰ ਮਸਲਿਆਂ ਵਾਂਗ ਸਭਿਆਚਾਰਕ ਪ੍ਰਦੂਸ਼ਣ ਵਰਗਾ ਗੰਭੀਰ ਮਸਲਾ ਕਦੇ ਵੀ ਕਿਉਂ ਨਹੀਂ ਬਣਦਾ ਚੋਣ ਮੁੱਦਾ

ਪਤਾ ਨਹੀਂ ਕਿਉਂ ਹੋਰ ਮਸਲਿਆਂ ਵਾਂਗ ਸਭਿਆਚਾਰਕ ਪ੍ਰਦੂਸ਼ਣ ਵਰਗਾ ਗੰਭੀਰ ਮਸਲਾ ਕਦੇ ਵੀ ਚੋਣ ਮੁੱਦਾ ਨਹੀ ਬਣਦਾ| ਬੇਸ਼ਕ ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ| ਇਨ੍ਹਾਂ ਨੂੰ ਪਹਿਲ ਵੀ             ਦੇਣੀ ਚਾਹੀਦੀ ਹੈ| ਪਰ ਜੇ ਸਮਾਜ ਜ਼ਹਿਨੀ ਅਤੇ ਮਾਨਿਸਕ ਤੌਰ ਤੇ ਬਿਮਾਰ, ਅਪੰਗ ਅਤੇ ਕੰਗਾਲ ਹੋ ਜਾਵੇਗਾ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ ਪਰ ਮਾਨਿਸਕ ਤੌਰ ਤੇ ਬਿਮਾਰ ਅਤੇ ਅਪੰਗ ਬੰਦੇ ਲਈ ਸਭ ਕੁੱਝ ਅਰਥਹੀਣ ਹੈ| ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਪੰਜਾਬੀ ਗਾਇਕੀ ਸਾਡੇ ਸਮਾਜ ਨੂੰ ਜ਼ਹਿਨੀ ਤੌਰ ਤੇ ਬਿਮਾਰ ਕਰਦੀ ਹੈ| ਸਾਡੇ ਸਭਿਆਚਾਰ ਵਿੱਚ ਵੱਧਦਾ ਇਹ ਪ੍ਰਦੂਸ਼ਨ ਸਮਾਜ ਵਿਚ ਬਲਾਤਕਾਰ, ਗੁੰਡਾਗਰਦੀ, ਨਸ਼ੇ ਫੈਲਾ ਰਿਹਾ ਹੈ| ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ| ਰਿਸ਼ਤਿਆਂ ਨੂੰ ਤਾਰ ਤਾਰ ਕਰ ਰਿਹਾ ਹੈ|
ਬੀਤੇ ਤਕਰੀਬਨ ਦੋ ਦਹਾਕਿਆਂ ਤੋਂ ਇਪਟਾ, ਪੰਜਾਬ ਨੇ ਤਕਰੀਬਨ ਹਰ ਰਾਜਨੀਤਿਕ ਪਾਰਟੀ ਨੂੰ ਹਰ ਚੋਣ ਵੇਲੇ ਸਭਿਆਚਾਰਕ ਪ੍ਰਦੂਸ਼ਣ ਨੂੰ ਚੋਣ ਮੁੱਦੇ ਵੱਜੋਂ ਉਭਾਰਨ ਅਤੇ ਆਪੋ-ਆਪਣੇ ਚੋਣ ਮੈਨੀਫੈਸਟੋ ਪੱਤਰਾਂ ਵਿਚ ਸ਼ਾਮਿਲ ਕਰਨ ਦੀਆਂ ਅਨੇਕਾਂ                 ਬੇਨਤੀਆਂ ਕੀਤੀਆਂ ਹਨ| ਪਰ ਕਿਸੇ ਪਾਸਿਓ ਕੋਈ ਹੁੰਗਾਰਾ ਨਹੀਂ ਮਿਲਿਆਂ| ਇਪਟਾ ਵੱਲੋਂ ਆਪਣੀਆਂ ਮਾਲਵਾ, ਮਾਝਾ, ਦੁਆਬਾ ਅਤੇ ਪੁਆਧ ਇਕਾਈਆਂ, ਭਰਾਤਰੀ ਜੱਥੇਬੰਦੀਆਂ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਪਾਸ਼ਕਾਂ ਦੇ ਸਰਗਰਮ ਸਹਿਯੋਗ ਨਾਲ ਪੰਜਾਬ ਭਰ ਵਿਚ ਜ਼ਿਲਾ ਪੱਧਰ ਤੇ ਸਭਿਆਚਾਰਕ ਪ੍ਰਦੂਸ਼ਣ ਦੇ ਖਿਲਾਫ ਮੁਹਿੰਮ ਵੀ ਵਿੱਢੀ ਹੋਈ ਹੈ| ਜਿਸ ਤਹਿਤ ਲੱਚਰ, ਅਸ਼ਲੀਲ ਅਤੇ ਹਿੰਸਕ ਅਤੇ ਨਸ਼ਿਆ ਨੂੰ ਉਤਸ਼ਾਹਿਤ ਕਰਦੇ ਪੰਜਾਬੀ ਗੀਤਾਂ ਨੂੰ ਸਖਤੀ ਨਾਲ ਨੱਥ ਪਾਉਂਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਹਰ ਜ਼ਿਲੇ ਦੇ ਡੀ.ਸੀ. ਸਾਹਿਬ ਰਾਹੀਂ ਮੰਗ-ਪੱਤਰ ਦੇਣ ਦੇ ਨਾਲ ਨਾਲ ਸਭਿਆਚਾਰਕ ਪ੍ਰਦੂਸ਼ਣ ਦੇ ਪੁਤਲੇ ਫੁਕੇ ਜਾਂਦੇ ਹਨ| ਇਸ ਤੋਂ ਇਲਾਵਾ ਮੁਹਾਲੀ ਤੋਂ  ਸਰਘੀ ਕਲਾ ਕੇਂਦਰ,  ਮੋਰਿਡਾ ਤੋਂ ਸੱਜਰੀ ਸਵੇਰ ਕਲਾ ਕੇਂਦਰ, ਖੰਨਾ ਤੋਂ ਇਪਟਾ ਖੰਨਾ, ਲੁਧਿਆਣਾ ਤੋਂ ਇਪਟਾ ਲੁਧਿਆਣਾ, ਸੰਗਰੂਰ ਤੋਂ ਮਾਲਵਾ ਸਭਿਆਚਾਰਕ ਕੇਂਦਰ, ਪਟਿਆਲਾ ਤੋਂ ਆਦਿ ਰੰਗਮੰਚ, ਮੋਗੇ ਤੋਂ ਰੈਡ ਆਰਟ ਅਤੇ ਰੋਜ਼ਗਾਰ ਪ੍ਰਾਪਤੀ ਮੰਚ, ਕਪੂਰਥਲਾ ਤੋਂ ਲੋਕ ਕਲਾ ਮੰਚ ਅਤੇ ਇਪਟਾ ਆਰ. ਸੀ. ਐਫ, ਮੱਝਵਿੰਡ ਅੰਮ੍ਰਿਤਸਰ ਤੋਂ ਪੰਜ ਪਾਣੀ ਸਭਿਆਚਾਰਕ ਮੰਚ ਸਮੇਤ ਇਸਤਰੀ ਜਾਗਰਤੀ ਮੰਚ ਸਮੇਤ ਕਈ ਹੋਰ ਜੱਥੇਬੰਦੀਆਂ ਕਲਮਕਾਰਾਂ ਅਤੇ ਵਿਦਵਾਨਾਂ ਨੇ ਵੀ ਸਮੇਂ ਸਮੇਂ ਸਭਿਆਚਾਰਕ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਆਵਾਜ਼ ਬੁਲੰਦ ਕੀਤੀ ਹੈ| ਇਸ ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾ ਨੂੰ ਠੱਲ ਪਾਉਣਾ ਪ੍ਰਮੁੱਖਤਾ ਦੇ ਆਧਾਰ ਤੇ ਕਰਨ ਵਾਲਾ ਕੰਮ ਹੈ ਪਰ ਇਹ ਸਭ ਕੱਲੇ-ਕਾਰੇ ਵਿਅਕਤੀ ਜਾਂ ਸੰਸਥਾਂ ਦੇ ਵੱਸ ਦਾ ਰੋਗ ਨਹੀਂ ਸਗੋਂ ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਵੀ ਲੋੜ ਹੈ|
1947 ਤੋਂ ਪਹਿਲਾਂ ਨੌਜਵਾਨਾਂ ਕੋਲ ਮਕਸਦ ਸੀ ਦੇਸ਼ ਨੂੰ ਆਜ਼ਾਦ ਕਰਵਾਉਣਾ, ਦੇਸ਼ ਦੀ ਅਜ਼ਾਦੀ ਤੋਂ ਬਾਅਦ ਉਦੇਸ਼ ਸੀ ਦੇਸ਼ ਦੀ ਤੱਰਕੀ| ਹੁਣ ਯੁਵਕ ਦਿਸ਼ਾਹੀਣ ਅਤੇ ਉਦੇਸ਼ ਰਹਿਤ ਹੈ| ਅਜਿਹੀ ਨੌਜਵਾਨੀ ਨੂੰ ਬਹੁਤ ਛੇਤੀ ਗੁੰਮਰਾਹ ਕੀਤਾ ਜਾ ਸਕਦਾ ਹੈ| ਗੁੰਮਰਾਹ ਕੀਤਾ ਜਾ ਸਕਦਾ ਨਹੀਂ ਬਲਕਿ ਕੀਤਾ ਜਾ ਰਿਹਾ ਹੈ| ਗੁੰਮਰਾਹ ਕੀਤਾ ਜਾ ਰਿਹਾ ਹੈ, ਇਨਸਾਨੀਅਤ ਸਮਾਜ ਅਤੇ ਦੇਸ਼ ਵਿਰੋਧੀ ਤਾਕਤਾਂ ਵੱਲੋਂ| ਅਮੀਰ ਭਾਰਤੀ ਸਭਿਆਚਾਰ, ਵਿਰਸੇ ਅਤੇ ਭਾਸ਼ਾ ਤੇ ਬੜੀ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲਾ ਕਰਕੇ|
ਵੈਸੇ ਤਾਂ ਟੀ.ਵੀ. ਚੈਨਲਾਂ ਅਤੇ ਫਿਲਮਾਂ ਵਿਚ ਲੱਚਰ, ਅਸ਼ਲੀਲ ਅਤੇ ਹਿੰਸਕ ਗੀਤਾਂ ਅਤੇ ਹੋਰ ਪ੍ਰਸਾਰਣਾਂ ਤੇ ਪਾਬੰਦੀ ਲਈ ਸੈਂਸਰ ਬੋਰਡ ਅਤੇ ਭਾਰਤੀ ਸੰਵਿਧਾਨ ਵਿਚ ਪਹਿਲਾਂ ਹੀ ਵਿਵਸਥਾ ਹੈ ਪਰ ਕਾਨੂੰਨ ਸਹੀ ਅਰਥਾਂ ਵਿਚ ਲਾਗੂ ਨਹੀਂ ਹੋ ਰਹੇ| ਪਹਿਲਾਂ ਹੀ ਸਰਕਾਰ ਨੇ ਚੈਨਲਾਂ ਦੇ ਪ੍ਰੋਗਰਾਮਾਂ ਦੀ ਅਪ-ਲਿੰਕਗ ਵਿਦੇਸ਼ੀ ਧਰਤੀ ਤੋਂ ਕਰਨ ਦੀ ਇਜ਼ਾਜਤ ਦੇ ਕੇ ਪ੍ਰਈਵੇਟ ਚੈਨਲਾਂ ਨੂੰ ਮਨ-ਆਈਆਂ ਕਰਨ ਦੀ ਖੁੱਲ ਦੇ ਦਿੱਤੀ ਹੈ| ਜਿਸ ਮੁਲਕ ਤੋਂ ਅਪ-ਲਿਕੰਗ ਹੁੰਦੀ ਹੈ ਉਥੇ ਦੇ ਪ੍ਰਸਾਰਣ ਨਿਯਮ ਲਾਗੂ ਹੁੰਦੇ ਹਨ| ਜਿਹੜੀ ਪ੍ਰਸਾਰਣ ਸੱਮਗਰੀ ਸਾਡੀ ਪੀੜੀ ਦਾ ਜ਼ਿਹਨੀ ਤਵਾਜ਼ਨ ਵਿਗਾੜ ਰਹੀ ਹੈ ਉਸ ਨੂੰ ਸਿੰਗਾਪੁਰ ਵਰਗਾ ਖੁੱਲੇ ਸਭਿਆਚਾਰ ਵਰਗਾ ਮੁਲਕ ਸਧਾਰਣ ਵਰਤਾਰੇ ਦੇ ਤੌਰ ਤੇ  ਲੈਂਦਾ ਹੋਵੇ| ਰਹਿੰਦੀ-ਖਹੁੰਦੀ ਕਸਰ ਐਫ.ਡੀ.ਆਈ ਨੇ ਟੀ.ਵੀ. ਚੈਨਲਾਂ ਦੀ ਨਿੱਜੀ            ਹਿੱਸੇਦਾਰੀ ਵਧਾ ਕੇ ਪੂਰੀ ਕਰ ਦਿੱਤੀ ਹੈ| ਜਦ ਤੱਕ ਚੈਨਲਾਂ ਦੇ ਪ੍ਰਸਾਰਣ ਲਈ ਅਪ-ਲਿਕੰਗ ਅਤੇ ਡਾਊਨ-ਲਿਕੰਗ ਸਾਡੇ ਮੁਲਕ ਤੋਂ ਨਹੀ ਹੁੰਦੀ ਉਦੋਂ ਤਕ ਟੀ. ਵੀ. ਚੈਨਲਾਂ ਦੀ ਨਿੱਜੀ ਹਿੱਸੇਦਾਰੀ ‘ਤੇ ਲਗਾਮ ਨਹੀਂ ਕਸੀ ਜਾਂਦੀ, ਉਦੋਂ ਤੱਕ ਪੰਜਾਬ ਅਤੇ ਸਾਰੇ ਭਾਰਤ ਵਿਚ ਸਭਿਆਚਾਰਕ , ਸਮਾਜਿਕ, ਆਰਿਥਕ ਜਾਂ ਸਿਆਸੀ ਪ੍ਰਦੂਸ਼ਣ ਰੂਪੀ ਦੈਂਤ ਨੂੰ ਨੱਥ ਪਾਉਣੀ ਨਾ-ਮੁਮਕਿਨ ਹੈ|
ਪੁਰਾਣੇ ਸਮਿਆਂ ਵਾਂਗ ਅੱਜ ਕਿਸੇ ਵੀ ਮੁਲਕ ਨੂੰ ਗੁਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ ਮਜ਼ਾਇਲਾਂ ਦੀ ਲੋੜ ਨਹੀਂ| ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ| ਮੁਲਕ ਖੁਦ ਬ ਖੁਦ ਗੁਲਾਮ ਬਣ ਜਾਵੇਗਾ|ਇਹ ਵੀ ਕਿਹਾ ਜਾ ਸਕਦਾ ਹੈ  ਕਿ ਸਮਰਾਜੀ ਤਾਕਤਾਂ ਵੱਲੋਂ ਸਾਡੇ ਮੁਲਕ ਤੇ ਬੜੀ ਸੋਚੀ ਸਮਝੀ ਸਾਜਿਸ਼ ਤਾਹਿਤ ਆਰਿਥਕ ਅਤੇ ਸਭਿਆਚਾਰਕ ਤੌਰ ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਸਾਡੇ ਹੁਕਰਾਨਾਂ ਨੂੰ ਇਸ ਸਾਰੇ ਕੁੱਝ ਤੇ ਰੋਕ ਲਗਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ ਪਰੰਤੂ ਸਾਡੇ ਹੁਕਮਰਾਨ (ਸਿਆਸੀ ਆਗੂ) ਤਾਂ ਇਸ ਸੰਬੰਧੀ ਕੋਈ ਗੱਲ ਤਕ ਸੁਣਨ ਲਈ ਤਿਆਰ ਨਹੀਂ ਹਨ ਅਤੇ ਇਹੀ ਕਾਰਨ ਹੈ ਕਿ ਇਹ ਸਭਿਆਚਾ ਪ੍ਰਦੂਸ਼ਨ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ|
ਇਸ ਵਾਰ ਵੀ ਚੋਣਾਂ ਤੋਂ ਪਹਿਲਾਂ ਇਹ ਆਸ ਕੀਤੀ ਜਾ ਰਹੀ ਸੀ ਕਿ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਦੀਆਂ ਚਾਹਵਾਨ ਪਾਰਟੀਆਂ ਲਗਾਤਾਰ ਵੰਧਦੇ ਸਭਿਆਚਾਰ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣਗੀਆਂ ਪਰੰਤੂ ਅਜਿਹਾ ਕਰਨਾ ਤਾਂ ਦੂਰ ਉਹਨਾਂ ਵਲੋਂ ਇਸ ਸੰਬੰਧੀ ਕੋਈ ਗੱਲ ਤਕ ਨਹੀਂ ਕੀਤੀ ਗਈ ਹੈ| ਜਾਹਿਰ ਤੌਰ ਤੇ ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਲਈ ਸਮਾਜ ਵਿੱਚ ਵੱਡੇ ਪੱਧਰ ਤੇ ਵਧ ਰਿਹਾ ਇਹ ਸਭਿਆਚਾਰਕ ਪ੍ਰਦੂਸ਼ਣ ਕੋਈ ਮਾਇਨੇ ਨਹੀਂ ਰੱਖਦਾ ਅਤੇ ਉਹ ਇਸ ਬਾਰੇ ਕੋਈ ਗੱਲ ਕਰਨ ਜਾਂ ਸੁਣਨ ਤਕ ਲਈ ਵੀ ਤਿਆਰ ਨਹੀਂ ਹਨ|
ਇਪਟਾ ਵਲੋਂ ਪੰਜਾਬ ਅਤੇ ਦੇਸ਼ ਭਰ ਵਿੱਚ ਲਗਾਤਾਰ ਵੱਧਦੇ ਇਸ ਸਭਿਆਚਾਰ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਚਲਾਈ ਜਾਂਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਅਤੇ ਇਸਨੂੰ ਹੋਰ ਮਜਬੂਤ ਕਰਨ ਲਈ ਨਵੇਂ ਢੰਗ ਤਰੀਕੇ ਅਖਤਿਆਰ ਕਰਨ ਦੀ ਲੋੜ ਹੈ ਤਾਂ ਜੋ  ਇਸ ਕੰਮ ਵਾਸਤੇ ਵੱਧ ਤੋਂ ਵੱਧ ਲੋਕਾਂ ਦਾ ਸਮਰਥਨ ਹਾਸਿਲ ਕੀਤਾ ਜਾ ਸਕੇ| ਸਾਡੇ ਰਾਜਨੇਤਾ ਇਸ ਗੱਲ ਨੂੰ ਤਾਂ ਹੀ ਮੁੱਦਾ ਬਣਾਉਣਗੇ ਜਦੋਂ ਉਹਨਾਂ ਨੂੰ ਇਹ ਅਹਾਸ ਹੋਵੇਗਾ ਮਿ ਜੇਕਰ ਉਹਨਾਂ ਨੇ ਇਸ ਗੱਲ ਨੂੰ ਗੰੀਰਤਾ ਨਾਲ ਨਾ ਲਿਆ ਤਾਂ ਉਹਨਾਂ ਨੂੰ ਇਸਦਾ ਸਿਆਸੀ ਨੁਕਸਾਨ ਸਹਿਣਾ ਪੈ ਸਕਦਾ ਹੈ ਅਤੇ ਉਸਤੋਂ ਬਾਅਦ ਹੀ ਲਗਾਤਾਰ ਵੱਧਦੇ ਸਭਿਆਚਾਰ ਪ੍ਰਦੂਸ਼ਨ ਨੂੰ ਇੱਕ ਮੁੱਦੇ ਦਾ ਰੂਪ ਹਾਸਿਲ ਹੋਣਾ ਹੈ|
ਸੰਜੀਵਨ ਸਿੰਘ

Leave a Reply

Your email address will not be published. Required fields are marked *