ਹੜ੍ਹਾਂ ਤੋਂ ਬਾਅਦ ਹੌਲੀ-ਹੌਲੀ ਸੁਧਰ ਰਹੇ ਹਨ ਸਸਕੈਚਵਨ ਵਿਚ ਹਾਲਾਤ

ਰੇਜੀਨਾ, 14 ਜੁਲਾਈ (ਸ.ਬ.) ਹੜ੍ਹਾਂ ਦੇ ਪਾਣੀ ਦਾ ਪੱਧਰ ਹੌਲੀ-ਹੌਲੀ ਘਟਣ ਤੋਂ ਬਾਅਦ ਸਸਕੈਚਵਨ ਵਿਚ ਹੁਣ ਹਾਲਾਤ ਸੁਧਰਦੇ ਹੋਏ ਨਜ਼ਰ ਆ ਰਹੇ ਹਨ ਪਰ ਸਰਕਾਰ ਵਲੋਂ ਸੰਕਟਕਾਲ ਦੀ ਜਿਹੜੀ ਸਥਿਤੀ ਲਾਗੂ ਕੀਤੀ ਗਈ ਸੀ, ਉਹ ਫਿਲਹਾਲ ਇਸੇ ਤਰ੍ਹਾਂ ਜਾਰੀ ਰਹੇਗੀ| ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਏ ਭਾਰੀ ਕਾਰਨ ਐਸਟਨ, ਕੈਰਟ ਰੀਵਰ ਤੇ ਅਰਬੋਰਫੀਲਡ ਦੇ ਕਈ ਸ਼ਹਿਰਾਂ ਅਤੇ ਸ਼ੋਕ ਲੇਕ ਕਰੀਕ ਨੇਸ਼ਨ ਸਮੇਤ ਸਸਕੈਚਵਨ ਦੇ ਕਈ ਸ਼ਹਿਰਾਂ ਵਿਚ ਹੜ੍ਹ ਆ ਗਏ ਸਨ, ਜਿਸ ਕਾਰਨ 400 ਵਿਅਕਤੀਆਂ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ ਅਤੇ ਇਸੇ ਦੇ ਮੱਦੇਨਜ਼ਰ ਸਰਕਾਰ ਨੇ ਇੱਥੇ ਸੰਕਟਕਾਲ ਦੀ ਘੋਸ਼ਣਾ ਕਰ ਦਿੱਤੀ ਸੀ|
ਸੰਕਟਕਾਲ ਮੈਨੇਜਮੈਂਟ ਕਮਿਸ਼ਨਰ ਡੋਨ ਮੈਕੇਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬੇ ਅੰਦਰ ਹਾਲਤ ਹੁਣ ਹੌਲੀ-ਹੌਲੀ ਕਾਬੂ ਹੇਠ ਆ ਰਹੇ ਹਨ| ਉਨ੍ਹਾਂ ਕਿਹਾ ਕਿ ਭਾਰੀ ਮੀਂਹ ਨੇ ਸੂਬੇ ਅੰਦਰ ਅਜਿਹੇ ਹਾਲਤ ਪੈਦਾ ਕਰ ਦਿੱਤੇ ਸਨ, ਜਿਨ੍ਹਾਂ ਕਾਰਨ ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ ਪਰ ਹੌਲੀ-ਹੌਲੀ ਪਾਣੀ ਦਾ ਪੱਧਰ ਘਟਣ ਦੇ ਨਾਲ ਹੁਣ ਇੱਥੇ ਹਾਲਤ ਸੁਧਰਦੇ ਹੋਏ ਨਜ਼ਰ ਆ ਰਹੇ ਹਨ| ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ ਕਿ ਸੂਬੇ ਵਿਚ ਮੀਂਹ ਫਿਰ ਤੋਂ ਭਾਰੀ ਮੀਂਹ ਪਵੇ, ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਤਿਆਰੀ ਕੀਤੀ ਜਾਵੇ|

Leave a Reply

Your email address will not be published. Required fields are marked *