ਹੜ੍ਹ ਕਾਰਨ ਮਨੀਟੋਬਾ ਦੇ ਕਾਰਮੈਨ ਸ਼ਹਿਰ ਵਿੱਚ ਐਮਰਜੈਂਸੀ ਦਾ  ਐਲਾਨ

ਵਿਨੀਪੈਗ, 3 ਅਪ੍ਰੈਲ (ਸ.ਬ.) ਕੈਨੇਡਾ ਦੇ ਸੂਬੇ ਮਨੀਟੋਬਾ ਦੇ ਦੱਖਣ ਵਿੱਚ ਪੈਂਦੇ ਕਾਰਮੈਨ ਸ਼ਹਿਰ ਵਿੱਚ ਹੜ੍ਹ ਕਾਰਨ ਸੰਕਟਕਾਲ ਦਾ ਐਲਾਨ ਕਰ ਦਿੱਤਾ ਗਿਆ| ਜਿਉਂ-ਜਿਉਂ ਬਰਫ਼ ਪਿਘਲ ਰਹੀ, ਤਿਉਂ-ਤਿਉਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ| ਇਸ ਕਾਰਨ ਮਨੀਟੋਬਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਹੜ੍ਹ ਆ ਗਿਆ ਹੈ ਅਤੇ ਕਾਰਮੈਨ ਵੀ ਉਨ੍ਹਾਂ ਵਿੱਚੋਂ ਇੱਕ ਹੈ| ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ 400 ਲੋਕ ਵੀ ਪ੍ਰਭਾਵਿਤ ਹੋਏ ਹਨ ਅਤੇ ਹੜ੍ਹ ਦਾ ਪਾਣੀ ਹੁਣ ਤੱਕ 40 ਘਰਾਂ ਦੇ ਬੇਸਮੈਂਟਾਂ ਵਿੱਚ ਭਰ ਚੁੱਕਾ ਹੈ| ਸ਼ਹਿਰ ਦੇ ਮੇਅਰ ਬਾਬ        ਮਿਸ਼ੇਲ ਨੇ ਦੱਸਿਆ ਕਿ ਉਸ ਨੂੰ ਸ਼ਹਿਰ ਵਿੱਚ ਰਹਿੰਦਿਆਂ 35 ਸਾਲ ਹੋ ਚੁੱਕੇ ਹਨ ਅਤੇ ਇਸ ਤਰ੍ਹਾਂ ਦਾ ਨਜ਼ਾਰਾ ਉਸ ਨੇ ਪਹਿਲੀ ਵਾਰ ਦੇਖਿਆ ਹੈ|
ਉੱਧਰ ਸ਼ਹਿਰ ਦੇ ਨਜ਼ਦੀਕ ਪੈਂਦੇ ਬੋਏਨ ਦਰਿਆ ਦੇ ਕਿਨਾਰੇ ਤੇ ਬਣੇ ਹੋਏ ਘਰ ਦੀ ਮਾਲਕਣ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਣੀ ਦੇ ਵਧਦੇ ਪੱਧਰ ਕਾਰਨ ਉਹ ਕਾਫੀ ਚਿੰਤਾ ਵਿੱਚ ਹੈ| ਹੜ੍ਹ ਦੇ ਪਾਣੀ ਤੋਂ ਸ਼ਹਿਰ ਦੇ ਮੁੱਖ ਹਾਈਵੇਅ ਨੂੰ ਬਚਾਉਣ ਲਈ ਇਸ ਦੇ ਆਲੇ-ਦੁਆਲੇ ਇੱਕ ਬੰਨ੍ਹ ਬਣਾਇਆ ਗਿਆ ਹੈ| ਹੜ੍ਹ ਕਾਰਨ ਕਾਰਮੈਨ ਵਿੱਚ ਬਣਿਆ ਵਾਟਰ ਪਲਾਂਟ ਵੀ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੂੰ ਦੂਜੇ ਸ਼ਹਿਰ ਤੋਂ ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ| ਇਸ ਦੇ ਨਾਲ ਹੀ ਇਸ ਆਫਤ ਕਾਰਨ ਸ਼ਹਿਰ ਦੇ ਐਲੀਮੈਂਟਰੀ ਅਤੇ ਹਾਈ ਸਕੂਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *