ਹੰਗਾਮਾਖੇਜ ਰਹੀ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੀ ਸ਼ੁਰੂਆਤ

ਚੰਡੀਗੜ੍ਹ, 14 ਜੂਨ (ਸ.ਬ.) ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ  ਦੀ ਸ਼ੁਰੂਆਤ ਅੱਜ ਹੰਗਾਮੇ ਨਾਲ ਹੀ ਹੋਈ| ਕਾਂਗਰਸ ਸਰਕਾਰ ਦੇ ਇਸ ਪਹਿਲੇ ਬਜਟ ਸ਼ੈਸਨ ਦੀ ਸ਼ੁਰੂਆਤ ਮੌਕੇ ਸਾਬਕਾ ਲੋਕ ਸਭਾ ਮੈਂਬਰ ਵਿਨੋਦ ਖੰਨਾ, ਸਾਬਕਾ  ਡੀ ਜੀ ਪੀ ਕੇ ਪੀ ਐਸ ਗਿੱਲ, ਆਜਾਦੀ ਘੁਲਾਟੀਏ ਨਿਸ਼ਾਨ ਸਿੰਘ, ਗੁਰਦੇਵ ਸਿੰਘ, ਬੰਤਾ ਸਿੰਘ, ਪਰਮਜੀਤ ਸਿੰਘ, ਰਘੁਬੀਰ ਸਿੰਘ ਇੰਸਪੈਕਟਰ ਕਮ ਕੰਪਨੀ ਕਮਾਂਡਰ ਸੀ ਆਰ ਪੀ ਐਫ, ਕਾਂਸਟੇਬਲ ਲਭਪ੍ਰੀਤ  ਸਿੰਘ, ਦਿਲਬਾਗ ਸਿੰਘ ਅਟਵਾਲ    ਖੇਤੀ ਵਿਗਿਆਨੀ, ਕਿਰਪਾਲ ਸਿੰਘ ਖੀਰਨੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ| ਇਸ ਮੌਕੇ ਸਾਬਕਾ ਡੀ ਜੀ ਪੀ ਕੇ ਪੀ ਐਸ ਗਿੱਲ ਨੂੰ ਸ਼ਰਧਾਂਜਲੀ ਦੇਣ ਮੌਕੇ ਅਕਾਲੀ ਦਲ ਦੇ ਵਿਧਾਇਕਾਂ ਅਤੇ ਬੈਂਸ ਭਰਾਵਾਂ ਨੇ ਵੱਖੋ-ਵੱਖਰੇ ਤੌਰ ਤੇ ਵਾਕ ਆਊਟ ਕੀਤਾ, ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਇਸ ਵਾਕ ਆਊਟ ਵਿੱਚ ਹਿੱਸਾ ਨਹੀਂ ਲਿਆ ਅਤੇ  ਭਾਜਪਾ ਵਿਧਾਇਕ ਸਦਨ ਵਿੱਚ ਹੀ ਬੈਠੇ ਰਹੇ| ਬਜਟ ਸ਼ੈਸਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਬਹੁਤ ਹੰਗਾਮਾ ਕੀਤਾ|
ਸਾਬਕਾ ਡੀ ਜੀ ਪੀ ਗਿੱਲ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕਰਦਿਆਂ ਸਾਬਕਾ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਬਾਦਲ ਨੇ ਸਪੀਕਰ ਨੂੰ ਕਿਹਾ ਕਿ ਬੇਕਸੂਰ ਨੌਜਵਾਨਾਂ ਨੂੰ ਮਾਰਨ ਵਾਲੇ ਵਿਅਕਤੀ ਗਿੱਲ ਨੂੰ ਸਦਨ ਵਿੱਚ ਸ਼ਰਧਾਂਜਲੀ ਨਹੀਂ ਦਿੱਤੀ ਜਾਣੀ ਚਾਹੀਦੀ| ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ ਵਿੱਚ ਖੁਦ ਮੰਨਿਆ ਹੈ ਕਿ 90 ਦੇ ਦਹਾਕੇ ਵਿੱਚ ਉਨਾਂ ( ਕੈਪਟਨ ) ਨੇ 21 ਖਾੜਕੂਆਂ ਨੂੰ ਸਰਕਾਰ ਅੱਗੇ ਸਮਰਪਣ ਕਰਵਾਇਆ ਸੀ ਪਰ ਪੁਲੀਸ ਨੇ ਬਾਅਦ ਵਿੱਚ ਉਹ ਖਾੜਕੂ ਮਾਰ ਦਿੱਤੇ ਸਨ, ਉਹ ਸਮੇਂ ਡੀ ਜੀ ਪੀ  ਕੇ ਪੀ ਐਸ ਗਿੱਲ ਹੀ ਸੀ|
ਇਸ ਬਜਟ ਸ਼ੈਸਨ ਦੌਰਾਨ ਆਪ ਵਿਧਾਇਕ ਸਾਬਕਾ ਡੀ ਜੀ ਪੀ ਗਿੱਲ ਨੂੰ ਸ਼ਰਧਾਂਜਲੀ ਦੇਣ ਮੌਕੇ ਚੁਪਚਾਪ ਬੈਠੇ ਰਹੇ ਪਰ ਅਕਾਲੀ ਵਿਧਾਇਕਾ ਦੇ ਵਾਕ  ਆਊਟ ਕਰਨ ਤੋਂ ਬਾਅਦ ਬਂੈਸ ਭਰਾਵਾਂ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸ਼ੇਮ-ਸ਼ੇਮ ਦੇ ਨਾਹਰੇ ਲਗਾਏ| ਬੈਂਸ ਭਰਾਵਾਂ ਨੇ ਇਹ ਵੀ ਕਿਹਾ ਕਿ ਸਾਬਕਾ ਡੀ ਜੀ ਪੀ ਗਿੱਲ ਕਾਤਲ ਹੈ, ਇਸ ਲਈ ਉਸਨੂੰ ਸ਼ਰਧਾਂਜਲੀ ਕਿਵੇਂ ਦਿੱਤੀ ਜਾ ਸਕਦੀ ਹੈ| ਉਹਨਾਂ ਕਿਹਾ ਕਿ 20 ਅਗਸਤ 1998 ਨੂੰ ਹਾਈਕੋਰਟ ਨੇ ਰੂਪਨ ਦਿਓਲ ਬਜਾਜ ਛੇੜਛਾੜ ਮਾਮਲੇ ਵਿੱਚ ਗਿੱਲ ਨੂੰ ਆਈ ਪੀ ਸੀ ਦੀ ਧਾਰਾ 354, 509 ਅਧੀਨ ਦੋਸ਼ੀ ਕਰਾਰ ਦਿੱਤਾ ਸੀ|
ਇਸ ਮੌਕੇ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਬਲਜਿੰਦਰ ਕੌਰ ਨੇ  70 ਕਿਸਾਨਾਂ ਵਲੋਂ ਖੁਦਕਸ਼ੀ ਕਰਨ ਦਾ ਮਾਮਲਾ ਚੁੱਕਿਆ ਅਤੇ ਮੰਗ ਕੀਤੀ ਕਿ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨਾਲ ਸਹਿਮਤੀ ਪ੍ਰਗਟ ਕੀਤੀ ਅਤੇ ਸਦਨ ਵਿੱਚ ਖੁਦਕਸ਼ੀ ਕਰ ਚੁੱਕੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ|
ਸਦਨ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਸ਼ੇ ਕਾਰਨ ਮਰੇ ਲੋਕਾਂ ਨੂੰ ਵੀ ਸਦਨ ਵਿੱਚ ਸ਼ਰਧਾਂਜਲੀ ਦਿੱਤੀ ਜਾਣੀ ਚਾਹੀਦੀ ਹੈ|
ਇਹ ਬਜਟ ਸ਼ੈਸਨ  23 ਜੂਨ ਤੱਕ ਚਲੇਗਾ ਅਤੇ 20 ਜੂਨ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣਾ ਪਹਿਲਾਂ ਬਜਟ ਪੇਸ਼       ਕਰਨਗੇ|

Leave a Reply

Your email address will not be published. Required fields are marked *