ਹੰਗਾਮਾਖੇਜ ਰਹੀ ਵਿਧਾਨਸਭਾ ਦੀ ਕਾਰਵਾਈ

ਹੰਗਾਮਾਖੇਜ ਰਹੀ ਵਿਧਾਨਸਭਾ ਦੀ ਕਾਰਵਾਈ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਦੌਰਾਨ ਗੈਰਹਾਜਿਰ ਰਹੇ ਅਕਾਲੀ ਦਲ ਦੇ ਵਿਧਾਇਕ
ਚੰਡੀਗੜ੍ਹ, 28 ਅਗਸਤ (ਸ.ਬ.) ਪੰਜਾਬ ਵਿਧਾਨਸਭਾ ਦੇ ਮੌਜੂਦਾ ਸੈਸ਼ਨ ਦੇ ਅਖੀਰਲੇ ਦਿਨ ਅੱਜ ਦਾ ਸੈਸ਼ਨ ਪੂਰੀ ਤਰ੍ਹਾਂ ਹੰਗਾਮਾ ਭਰਪੂਰ ਰਿਹਾ ਅਤੇ ਇਸ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਗੈਲਰੀ ਵਿੱਚ ਆ ਕੇ ਸਪੀਕਰ ਦੇ ਖਿਲਾਫ ਨਾਹਰੇਬਾਜੀ ਕਰਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਉਛਾਲਣ ਤੋਂ ਬਾਅਦ ਇੱਕ ਵਾਰ ਸਦਨ ਦੀ ਕਾਰਵਾਈ ਨੂੰ 15 ਮਿੰਟ ਲਈ ਮੁਲਤਵੀ ਕਰਨਾ ਪਿਆ| ਅਕਾਲੀ ਦਲ ਦੇ ਵਿਧਾਇਕਾਂ ਨੇ ਸਪੀਕਰ ਵਲੋਂ ਬਹਿਸ ਲਈ ਅਕਾਲੀ ਦਲ ਨੂੰ ਸਿਰਫ 14 ਮਿੰਟਾਂ ਦਾ ਸਮਾਂ ਦੇਣ ਤੇ ਇਤਰਾਜ ਕਰਦਿਆਂ ਬਹਿਸ ਦਾ ਜਵਾਬ ਦੇਣ ਲਈ ਖੁਲ੍ਹਾ ਸਮਾਂ ਦੇਣ ਦੀ ਮੰਗ ਕਰਦਿਆਂ ਸਪੀਕਰ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਜਿਸ ਤੇ ਸਪੀਕਰ ਵਲੋਂ ਕਿਹਾ ਗਿਆ ਕਿ ਬਹਿਸ ਦਾ ਸਮਾਂ ਦੋ ਘੰਟੇ ਤਕ ਸੀਮਿਤ ਨਹੀਂ ਰੱਖਿਆ ਜਾਵੇਗਾ ਅਤੇ ਵਿਧਾਨਸਭਾ ਦੀ ਕਾਰਵਾਈ ਬਹਿਸ ਦੇ ਖਤਮ ਹੋਣ ਤਕ ਜਾਰੀ ਰੱਖੀ ਜਾਵੇਗੀ ਪਰੰਤੂ ਅਕਾਲੀ ਦਲ ਦੇ ਵਿਧਾਇਕ ਇਸ ਨਾਲ ਸੰਤੁਸ਼ਟ ਨਹੀਂ ਹੋਏ ਅਤੇ ਲਗਾਤਾਰ ਨਾਹਰੇਬਾਜੀ ਕਰਦੇ ਰਹੇ ਜਿਸ ਤੇ ਸਪੀਕਰ ਵਲੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ|
ਬਾਅਦ ਵਿੱਚ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਅਤੇ ਅਕਾਲੀ ਵਿਧਾਇਕ ਵੀ ਸਦਨ ਵਿੱਚ ਆਏ ਪਰੰਤੂ ਇਸ ਦੌਰਾਨ ਸਾਬਕਾ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਅਤੇ ਮੌਜੂਦਾ ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਵਿਚਾਲੇ ਨੋਂਕ ਝੋਂਕ ਸ਼ੁਰੂ ਹੋ ਗਈ| ਇਸ ਦੌਰਾਨ ਦੋਵਾਂ ਧਿਰਾਂ ਦੇ ਵਿਧਾਇਕਾਂ ਵਲੋਂ ਇੱਕ ਦੂਜੇ ਦੇ ਖਿਲਾਫ ਟਿੱਪਣੀਆਂ ਕੀਤੀਆਂ ਗਈਆਂ| ਇਸਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਬਹਿਸ ਵਿੱਚ ਭਾਗ ਲਏ ਬਿਨਾ ਸਦਨ ਤੋਂ ਬਾਹਰ ਚਲੇ ਗਏ ਜਿੱਥੇ ਅਕਾਲੀ ਵਿਧਾਇਕਾਂ ਵਲੋਂ ਆਪਣਾ ਵੱਖਰਾ ਮੌਕ ਸੈਸ਼ਨ ਚਲਾਇਆ ਗਿਆ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਮਿਲ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਇਲਜਾਮ ਲਗਾਇਆ ਗਿਆ|
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਹੋਈ ਬਹਿਸ ਵਿੱਚ ਅਕਾਲੀ ਵਿਧਾਇਕਾਂ ਦੀ ਗੈਰਹਾਜਰੀ ਵਿੱਚ ਵੱਖ ਵੱਖ ਬੁਲਾਰਿਆਂ ਨੇ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਸਿੱਧੇ ਤੌਰ ਤੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਦੱਸਦਿਆਂ ਉਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ| ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸੀ ਵਿਧਾਇਕ ਸ੍ਰ. ਹਰਸਿੰਦਰ ਸਿੰਘ ਗਿਲ ਨੇ ਕਿਹਾ ਕਿ ਇਸ ਰਿਪੋਰਟ ਨੇ ਸਾਫ ਕਰ ਦਿੱਤਾ ਹੈ ਕਿ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਦੀ ਇਸ ਮਾਮਲੇ ਵਿੱਚ ਸਿੱਧੀ ਸ਼ਮੂਲੀਅਤ ਸੀ| ਕੈਬਿਨਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਅਕਾਲੀ ਦਲ ਨੇ ਪੰਥ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਵਰਤਿਆਂ ਅਤੇ ਇਹਨਾਂ ਨੇ ਨਾ ਸਿਰਫ ਪੰਥ ਨੂੰ ਖਾਧਾ ਬਲਕਿ ਪੰਥ ਨੂੰ ਵੇਚਿਆ ਹੈ| ਉਹਨਾਂ ਕਿਹਾ ਕਿ ਇਸ ਸਾਰੇ ਕੁੱਝ ਲਈ ਸ੍ਰ. ਬਾਦਲ ਨਿੱਜੀ ਤੌਰ ਤੇ ਜਿੰਮੇਵਾਰ ਹਨ ਅਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ|
ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ. ਐਚ ਐਸ ਫੂਲਕਾ ਨੇ ਬਹਿਸ ਵਿੱਚ ਸ਼ਾਮਿਲ ਹੁੰਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਣਾ ਚਾਹੀਦਾ| ਉਹਨਾਂ ਕਿਹਾ ਕਿ ਸਦਨ ਮਤਾ ਪਾਸ ਕਰਕੇ ਹਾਈਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕਰੇ ਕਿ ਬੇਅਦਬੀ ਦੇ ਮਾਮਲਿਆਂ ਲਈ ਐਕਸਕਲੁਸਿਵ ਕੋਰਟ ਬਣੇ ਅਤੇ ਅਜਿਹੇ ਮਾਮਲਿਆਂ ਵਿੱਚ ਰੋਜਾਨਾ ਸੁਣਵਾਈ ਕਰਕੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ| ਉਹਨਾਂ ਕਿਹਾ ਕਿ ਸਿਰਫ ਛੋਟੀਆਂ ਮੱਛੀਆਂ ਨੂੰ ਹੀ ਨਾ ਫੜਿਆ ਜਾਵੇ ਬਲਕਿ ਵੱਡੇ ਮਗਰਮੱਛ ਵੀ ਕਾਬੂ ਕੀਤੇ ਜਾਣ| ਉਹਨਾਂ ਕਿਹਾ ਕਿ ਘਟਨਾ ਵਾਲੇ ਦਿਨ ਅਧਿਕਾਰੀਆਂ ਨੇ ਗੋਲੀ ਚਲਾਉਣ ਲਈ ਲੋੜੀਂਦੀ ਪ੍ਰਕਿਆ ਦੀ ਪਾਲਣਾ ਨਹੀਂ ਕੀਤੀ ਅਤੇ ਇਹਨਾਂ ਲੋਕਾਂ ਦੇ ਖਿਲਾਫ ਕਤਲ ਦੇ ਮਾਮਲੇ ਦਰਜ ਹੋਣੇ ਚਾਹੀਦੇ ਹਨ|
ਕੈਬਿਨਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਬਹਿਸ ਦੌਰਾਨ ਕਿਹਾ ਕਿ ਬੇਅਦਬੀ ਮਾਮਲੇ ਬਾਦਲਾਂ ਦੇ ਮੱਥੇ ਤੇ ਕਾਲਾ ਧੱਬਾ ਹਨ| ਉਹਨਾਂ ਮੰਗ ਕੀਤੀ ਕਿ ਦੋਸ਼ੀ ਬਖਸ਼ੇ ਨਾ ਜਾਣ| ਖਬਰ ਲਿਖੇ ਜਾਣ ਤੱਕ ਬਹਿਸ ਜਾਰੀ ਸੀ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਸਿਮਰਜੀਤ ਸਿੰਘ ਬੈਂਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਬੋਲ ਰਹੇ ਸਨ|
ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਕਰਨ ਤੋਂ ਬਾਅਦ ਵੀ ਅਕਾਲੀ ਵਿਧਾਇਕ ਵਿਧਾਨ ਸਭਾ ਛੱਡ ਕੇ ਬਾਹਰ ਚਲੇ ਗਏ ਸਨ| ਜਿਕਰਯੋਗ ਹੈ ਕਿ ਬੀਤੇ ਕੱਲ ਸ੍ਰ. ਸੁਖਬੀਰ ਬਾਦਲ ਨੇ ਇਲਜਾਮ ਲਾਇਆ ਸੀ ਕਿ ਕੈਪਟਨ, ਖਹਿਰਾ, ਦਾਦੂਵਾਲ, ਜਸਟਿਸ ਰਣਜੀਤ ਸਿੰਘ, ਸੁੱਖੀ ਰੰਧਾਵਾ ਅਤੇ ਹੋਰਾਂ ਨੇ ਇੱਕਠਿਆਂ ਮੀਟਿੰਗ ਕੀਤੀ ਹੈ ਅਤੇ ਇਸ ਸੰਬੰਧ ਉਹਨਾਂ ਨੇ ਕੁੱਝ ਟਾਵਰ ਲੋਕੇਸ਼ਨਾਂ ਦੱਸੀਆਂ ਸਨ|
ਅੱਜ ਵਿਧਾਨ ਸਭਾ ਵਿੱਚ ਸੁਖਬੀਰ ਬਾਦਲ ਨੇ ਫੇਰ ਕਿਹਾ ਕਿ ਬੀਤੀ ਰਾਤ ਦਾਦੂਵਾਲ ਨੇ ਕੈਪਟਨ ਘਰ ਮੀਟਿੰਗ ਕੀਤੀ ਹੈ| ਇਸਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਝੂਠ ਬੋਲ ਰਿਹਾ ਹੈ, ਜੋ ਟਾਵਰ ਲੋਕੇਸ਼ਨਾਂ ਸੁਖਬੀਰ ਨੇ ਦੱਸੀਆਂ ਉਹ ਸਭ ਝੂਠ ਦਾ ਪੁਲੰਦਾ ਹੈ| ਉਹਨਾਂ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਕਿ ਸੁਖਬੀਰ ਸੀ ਐਮ ਹਾਊਸ ਦੀ ਸੀਸੀਟੀਵੀ ਫੁਟੇਜ ਦੇਖ ਲੈਣ ਤੇ ਜਾਂਚ ਕਰਵਾ ਲੈਣ| ਕਿਤੇ ਕੋਈ ਮੀਟਿੰਗ ਨਹੀਂ ਹੋਈ| ਉਹ ਕਿਸੇ ਇੱਕ ਵੀ ਮੀਟਿੰਗ ਨੂੰ ਸਾਬਿਤ ਕਰਨ| ਇਸ ਚੈਲੰਜ ਤੋਂ ਬਾਦ ਅਕਾਲੀ ਦਲ ਨੇ ਜਵਾਬ ਦੇਣ ਦੀ ਥਾਂ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ|

Leave a Reply

Your email address will not be published. Required fields are marked *