ਹੰਗਾਮਾਖੇਜ਼ ਰਹੇਗਾ ਭਲਕੇ ਤੋਂ ਸ਼ੁਰੂ ਹੋਣ ਵਾਲਾ ਵਿਧਾਨ ਸਭਾ ਸੈਸ਼ਨ

ਹੰਗਾਮਾਖੇਜ਼ ਰਹੇਗਾ ਭਲਕੇ ਤੋਂ ਸ਼ੁਰੂ ਹੋਣ ਵਾਲਾ ਵਿਧਾਨ ਸਭਾ ਸੈਸ਼ਨ
ਵਿਰੋਧੀ ਪਾਰਟੀਆਂ ਦੇ ਇਲਜਾਮਾਂ ਦੇ ਜਵਾਬ ਵਿੱਚ ਹਮਲਾਵਰ ਰੁੱਖ ਅਪਣਾਏਗੀ ਸੱਤਾਧਾਰੀ ਧਿਰ
ਭੁਪਿੰਦਰ ਸਿੰਘ
ਐਸ. ਏ. ਐਸ. ਨਗਰ, 13 ਜੂਨ

ਪੰਜਾਬ ਵਿਧਾਨ ਸਭਾ ਦੇ ਭਲਕੇ ਤੋਂ ਆਰੰਭ ਹੋ ਰਹੇ ਬਜਟ ਪੈਸ਼ਨ ਦੌਰਾਨ ਭਾਵੇਂ ਵਿਰੋਧੀ ਧਿਰ ਵਲੋਂ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਦੇ ਮਾਮਲੇ ਵਿੱਚ ਸੱਤਾਧਾਰੀ ਧਿਰ ਨੂੰ ਘੇਰਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਪਰੰਤੂ ਸਰਕਾਰ ਤੇ ਤੇਵਰ ਦੱਸਦੇ ਹਨ ਕਿ ਉਹ ਇਸ ਮੱਦੇ ਤੇ ਵਿਰੋਧੀ ਧਿਰ ਦੇ ਦਬਾਉ ਵਿੱਚ  ਆਉਣ ਵਾਲੀ ਨਹੀਂ ਹੈ ਅਤੇ ਉਸ ਵਲੋਂ ਵਿਰੋਧੀ ਧਿਰ ਵਲੋਂ ਵਿਖਾਏ ਜਾਂਦੇ ਵਿਰੋਧ ਨੂੰ ਪੂਰੀ ਤਰ੍ਹਾਂ ਦਰ ਕਿਨਾਰ ਕਰਕੇ ਬਜਟ ਪੈਸ਼ਨ ਦੀ ਕਾਰਵਾਈ ਚਲਾਈ ਜਾਵੇਗੀ|
ਇਥੇ ਇਹ ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਵਲੋਂ 20 ਜੂਨ ਨੂੰ ਨਵੀਂ ਸਰਕਾਰ ਵਿਚਲਾ ਆਪਣਾ ਪਹਿਲਾ ਬਜਟ ਪੇਸ਼ ਕਰਨਾ ਹੈ ਅਤੇ ਉਹਨਾਂ ਵਲੋਂ ਆਪਣੇ ਬਜਟ ਵਿੱਚ ਕਈ            ਨਵੇਂ ਐਲਾਨ ਕੀਤੇ ਜਾ ਸਕਦੇ ਹਨ | ਇਸ ਮੌਕੇ ਵਿਰੋਧੀ ਧਿਰ ਖਾਸ ਕਰਕੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਘੇਰਨ ਲਈ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਪਾਰਟੀ ਵਲੋਂ ਮੁੱਖ ਤੌਰ ਤੇ ਵਿਰੋਧੀ ਧਿਰ ਦੇ ਆਗੂ ਸ੍ਰ. ਐਚ ਐਸ ਫੂਲਕਾ, ਭੁੱਲਥ ਦੇ ਵਿਧਾਇਕ ਸ੍ਰ. ਸੁਖਪਾਲ ਸਿੰਘ ਖਹਿਰਾ, ਖਰੜ ਦੇ ਵਿਧਾਇਕ ਸ੍ਰ. ਕੰਵਰ ਸੰਧੂ ਅਤੇ ਸੁਨਾਮ ਦੇ ਵਿਧਾਇਕ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ ਸ੍ਰੀ ਅਮਨ ਅਰੋੜਾ ਵਲੋਂ ਮੋਰਚਾ ਸੰਭਾਲਿਆ ਜਾਣਾ ਹੈ ਅਤੇ ਮੁੱਖ ਤੌਰ ਤੇ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ   ਰੇਤ ਖੱਡਾ ਦੀ ਨਿਲਾਮੀ ਦੌਰਾਨ ਕਥਿਤ ਤੌਰ ਤੇ ਬੇਨਾਮੀ ਤਰੀਕੇ ਨਾਲ ਕਬਜੇ ਦੀ ਕਾਰਵਾਈ ਨਸ਼ਿਆ ਦੀ ਸਮੱਸਿਆ ਤੇ ਕਾਬੂ ਕਰਨ ਵਿੱਚ ਸਰਕਾਰ ਦੀ ਨਾਕਾਮੀ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਅਤੇ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦੇ ਬਣਾਉਣ ਦੀ ਤਿਆਰੀ ਕੀਤੀ ਗਈ ਹੈ|
ਦੂਜੇ  ਪਾਸੇ ਅਕਾਲੀ ਦਲ ਭਾਜਪਾ ਗਠਜੋੜ ਵਲੋਂ ਵੀ ਇਹਨਾਂ ਹੀ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਇਸ ਸਬੰਧੀ ਅਕਾਲੀ ਦਲ ਵਲੋਂ ਬੀਤੇ ਕੱਲ ਪੰਜਾਬ ਦੇ ਤਮਾਮ ਜਿਲ੍ਹਾ ਹੈਡਕੁਆਰਟਰਾਂ ਤੇ ਧਰਨੇ ਦੇ ਕੇ ਇਹਨਾਂ ਮੁੱਦਿਆਂ ਨੂੰ ਜਨਤਾ ਦੀ ਕਚਿਹਿਰੀ ਵਿੱਚ ਲਿਜਾਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ| ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੀ ਅਗਵਾਈ ਵਿੱਚ ਦੋਵਾਂ ਪਾਰਟੀਆਂ ਦੇ ਆਗੂਆਂ ਦਾ ਇਕ ਵਫਦ ਅੱਜ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਵੀ ਮੈਮੋਰੈਂਡਮ ਦੇ ਕੇ ਆਇਆ ਹੈ ਅਤੇ ਸ੍ਰ.  ਬਾਦਲ ਵਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਇਹਨਾਂ ਮੁੱਦਿਆਂ ਨੂੰ ਜੋਰ ਸ਼ੋਰ ਨਾਲ ਉਠਾਉਣ ਦੀ ਗੱਲ ਵੀ ਆਖੀ ਗਈ ਹੈ|
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਾਰੇ ਕੁਝ ਤੇ ਵਿਰੋਧੀ ਧਿਰ ਦੇ ਦਬਾਉ ਨੂੰ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ ਜਿਥੋਂ ਤਕ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਦੀ ਗੱਲ ਹੈ ਤਾਂ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾ ਚੁੱਕਿਆ ਹੈ| ਕਾਂਗਰਸ ਪਾਰਟੀ ਵਲੋਂ ਸੱਤਾ ਵਿੱਚ ਆਉਣ ਤੇ ਇੱਕ ਮਹੀਨੇ ਵਿੱਚ ਨਸ਼ਾ ਖਤਮ ਕਰਨ, ਨੌਜਵਾਨਾਂ ਨੂੰ ਰੁਜਗਾਰ ਦੇਣ ਅਤੇ ਕਿਸਾਨਾਂ ਦੀ ਕਰਜਮਈ ਦੇ ਚੋਣ ਵਾਇਦੇ ਅਜਿਹੇ ਹਨ ਜਿਹਨਾਂ ਬਾਰੇ ਸਰਕਾਰ ਹੁਣੇ ਕੋਈ ਸਪਸ਼ਟ ਸਮਾਂ ਹੱਦ ਦੇਣ ਦੀ ਹਾਲਤ ਵਿੱਚ ਨਹੀਂ ਹੈ ਪੰ੍ਰਤੂ ਮੁੱਖ ਮੰਤਰੀ ਅਤੇ ਪਾਰਟੀ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਬਚਾਉ ਦੀ ਪੁਜੀਸ਼ਨ ਵਿੱਚ ਆਉਣ ਦੀ ਥਾਂ ਹਮਲਾਵਰ ਹੋਣ ਦੀ ਰਣਨੀਤੀ ਤਿਆਰ ਕੀਤੀ ਗਈ ਹੈ| ਇਸਦੇ ਤਹਿਤ ਵਿਰੋਧੀ ਧਿਰ ਦੇ ਖਿਲਾਫ ਹਮਲਾਵਰ ਰੁੱਖ ਅਪਣਾਇਆ ਜਾਵੇਗਾ| ਇਸ ਦੌਰਾਨ ਜਿੱਥੇ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਪਿਛਲੇ 10  ਸਾਲਾਂ ਦੀ ਕਾਰਜਗੁਜਾਰੀ ਦੇ ਆਧਾਰ ਤੇ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ| ਉੱਥੇ ਆਮ ਆਦਮੀ ਪਾਰਟੀ ਦਿਲੀ ਵਿਚਲੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਇਦਿਆਂ ਨੂੰ ਪੂਰੀ ਨਾ ਕਰਨ ਲਈ ਉਹਨਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ| ਇਸ ਸਬੰਧੀ ਪਾਰਟੀ ਦੀ ਰਣਨੀਤੀ ਤਿਆਰ ਕਰਨ ਲਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ  ਅੱਜ ਸ਼ਾਮ ਨੂੰ ਹੋਣ ਜਾ ਰਹੀ ਹੈ ਜਦੋਂ ਕਿ ਅਕਾਲੀ ਦਲ ਭਾਜਪਾ ਗਠਜੋੜ ਵਿਧਾਇਕ ਦਲ ਦੀ ਮੀਟਿੰਗ ਭਲਕੇ ਵਿਧਾਨ ਸਭਾ ਵਿੱਚ ਹੀ ਰੱਖੀ ਗਈ ਹੈ| ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦਾ ਵਿਧਾਨ ਸਭਾ ਸੈਸ਼ਨ ਕਾਫੀ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ| ਇਸ ਸੈਸ਼ਨ ਦੌਰਾਨ ਜਿੱਥੇ ਸੱਤਾਧਾਰੀ ਅਤੇ ਵਿਰੋਧੀ ਧਿਰ ਵੱਲੋਂ ਇੱਕ ਦੂਜੇ ਦੇ ਖਿਲਾਫ ਖੁਲ ਕੇ ਹਮਲੇ ਕੀਤੇ ਜਾਣਗੇ | ਉੱਥੇ ਇਸ ਦੌਰਾਨ ਇਹ ਲੜਾਈ ਨਿੱਜੀ ਦੁਸਣਬਾਜੀ ਤੇ ਵੀ ਪਹੁੰਚੇਗੀ ਅਤੇ    ਵੇਖਣਾ ਇਹ ਹੈ ਕਿ ਸੱਤਾਧਾਰੀ ਧਿਰ ਇਸ ਸਾਰੇ ਕੁੱਝ ਨੂੰ ਕਾਬੂ ਕਰਨ ਵਿੱਚ ਕਿਸ ਹੱਦ ਤੱਕ ਕਾਮਯਾਬ ਰਹਿੰਦੀ ਹੈ|

 

Leave a Reply

Your email address will not be published. Required fields are marked *