ਹੰਗਾਮਾ ਖੇਜ ਰਹੀ ਨਗਰ ਨਿਗਮ ਦੀ ਮੀਟਿੰਗ

ਹੰਗਾਮਾ ਖੇਜ ਰਹੀ ਨਗਰ ਨਿਗਮ ਦੀ ਮੀਟਿੰਗ
ਪਾਰਕਾਂ ਤੇ ਫੀਸ ਲਗਾਉਣ ਦਾ ਹੋਇਆ ਤਕੜਾ ਵਿਰੋਧ, ਹੁਣ ਫੀਸ ਦੀ ਥਾਂ ਲੱਗੇਗਾ 500 ਰੁਪਏ ਸਫਾਈ ਖਰਚਾ, ਕਮਿਊਨਿਟੀ ਸੈਂਟਰਾਂ ਦੇ ਰੇਟ ਵੀ ਪਹਿਲਾਂ ਵਾਲੇ ਹੀ ਰਹਿਣਗੇ
ਐਸ. ਏ. ਐਸ. ਨਗਰ, 12 ਮਾਰਚ (ਸ.ਬ.) ਨਗਰ ਨਿਗਮ ਐਸ. ਏ. ਐਸ. ਨਗਰ ਦੀ ਅੱਜ ਹੋਈ ਬਜਟ ਦੀ ਵਿਸ਼ੇਸ਼ ਮੀਟਿੰਗ ਅਤੇ ਹਾਊਸ ਦੀ ਜਨਰਲ ਮੀਟਿੰਗ ਹੰਗਾਮਾ ਭਰਪੂਰ ਰਹੀ ਅਤੇ ਇਸ ਦੌਰਾਨ ਇੱਕ ਵਾਰ ਤਾਂ ਤਲਖਕਲਾਮੀ ਦੀ ਨੌਬਤ ਵੀ ਆਈ ਪਰੰਤੂ ਮੇਅਰ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ| ਮੀਟਿੰਗ ਵਿੱਚ ਕੌਂਸਲਰਾਂ ਵਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਸ਼ਹਿਰ ਦੇ ਰਿਹਾਇਸ਼ੀ ਖੇਤਰਾਂ ਵਿਚਲੇ ਪਾਰਕਾਂ ਵਿੱਚ ਲੋਕਾਂ ਵਲੋਂ ਕੀਤੇ ਜਾਣ ਵਾਲੇ ਸਮਾਗਮਾਂ ਲਈ ਲਗਾਈ ਜਾਣ ਵਾਲੀ ਪ੍ਰਸਤਾਵਿਤ ਫੀਸ ਅਤੇ ਟੈਂਟ ਲਗਾਉਣ ਤੇ ਲਗਾਈ ਜਾਣ ਵਾਲੀ ਪ੍ਰਤੀ ਸੇਕਅਰ ਫੁੱਟ ਤੇ ਲਗਾਈ ਜਾਣ ਵਾਲੀ ਫੀਸ ਦੀ ਥਾਂ ਹੁਣ ਪਾਰਕਾਂ ਦੀ ਵਰਤੋਂ ਵਾਸਤੇ 500 ਰੁਪਏ ਸਫਾਈ ਖਰਚਾ ਲਗਾਉਣ ਦਾ ਫੈਸਲਾ ਹੋਇਆ ਅਤੇ ਕਮਿਊਨਿਟੀ ਸੈਂਟਰਾਂ ਦੀਆਂ ਦਰਾਂ ਵਿੱਚ ਵਾਧੇ ਦਾ ਫੈਸਲਾ ਵੀ ਰੱਦ ਹੋ ਗਿਆ|
ਨਿਗਮ ਦੀ ਮੀਟਿੰਗ ਬਜਟ ਪੜ੍ਹੇ ਜਾਣ ਨਾਲ ਆਰੰਭ ਹੋਈ ਅਤੇ ਇਸ ਦੌਰਾਨ ਸਾਰੇ ਕੌਂਸਲਰ ਤੱਸਲੀ ਨਾਲ ਬਜਟ ਤਜਵੀਜਾਂ ਸੁਣਦੇ ਰਹੇ| ਬਜਟ ਪੜ੍ਹੇ ਜਾਣ ਤੋਂ ਬਾਅਦ ਕੌਂਸਲਰ ਕੁਲਦੀਪ ਕੌਰ ਕੰਗ ਨੇ ਫੇਜ਼ 5 ਵਿੱਚ ਗੋਬਿੰਦ ਸਵੀਟਸ ਦੇ ਪਿਛਲੇ ਪਾਸੇ ਸੜਕ ਤੇ ਢਾਬੇ ਵਾਲਿਆਂ ਦੀ ਗੰਦਗੀ ਦਾ ਮੁੱਦਾ ਚੁੱਕਿਆ ਜਿਸ ਤੇ ਮੇਅਰ ਨੇ ਉਹਨਾਂ ਨੂੰ ਇਹ ਮੁੱਦਾ ਬਜਟ ਮੀਟਿੰਗ ਤੋਂ ਬਾਅਦ ਚੁੱਕਣ ਲਈ ਕਿਹਾ|
ਮੀਟਿੰਗ ਦੌਰਾਨ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਉਠਿਆ| ਇਸ ਮੌਕੇ ਕੌਂਸਲਰ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਫੇਜ਼-3 ਵਿੱਚ ਇੰਨੀਆਂ ਰੇਹੜੀਆਂ ਲੱਗਦੀਆਂ ਹਨ ਕਿ ਲੋਕਾਂ ਦਾ ਲਾਂਘਾ ਤੱਕ ਰੁਕ ਜਾਂਦਾ ਹੈ| ਇਸ ਮੌਕੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ, ਬੀਬੀ ਕੁਲਦੀਪ ਕੌਰ ਕੰਗ ਅਤੇ ਬੀ.ਬੀ. ਮੈਣੀ ਨੇ ਵੀ ਰੇਹੜੀਆਂ ਦੇ ਮੁੱਦੇ ਦੇ ਹੱਲ ਦੀ ਮੰਗ ਕੀਤੀ| ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਇਸ ਸੱਮਸਿਆ ਦੇ ਹੱਲ ਲਈ ਜ਼ਰੂਰੀ ਹੈ ਕਿ ਨਿਗਮ ਦੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨ ਦਿੱਤਾ ਜਾਵੇ ਅਤੇ ਕੋਈ ਵੀ ਕੌਂਸਲਰ ਅਤੇ ਹੋਰ ਆਗੂ ਨਾਜਾਇਜ਼ ਕਬਜਿਆਂ ਦੇ ਰਾਹ ਦੀ ਰੁਕਾਵਟ ਨਾ ਬਣਨ| ਇਸ ਮੌਕੇ ਹਾਊਸ ਵੱਲੋਂ ਕਮਿਸ਼ਨਰ ਨੂੰ ਨਾਜਾਇਜ਼ ਕਬਜੇ ਦੂਰ ਕਰਵਾਉਣ ਲਈ ਪੂਰੇ ਅਧਿਕਾਰ ਦਿੰਦਿਆਂ ਇਸ ਸੰਬੰਧੀ ਸਖਤ ਕਰਵਾਈ ਕਰਨ ਦੀ ਹਿਦਾਇਤ ਕੀਤੀ ਗਈ|
ਮੀਟਿੰਗ ਦੌਰਾਨ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਫੇਜ਼3 ਬੀ-1 ਦੇ ਕਮਿਊਨਿਟੀ ਸੈਂਟਰ ਦਾ ਮੁੱਦਾ ਚੁੱਕਦਿਆਂ ਇਸਨੂੰ ਤੁਰੰਤ ਚਾਲੂ ਕਰਵਾਉਣ ਦੀ ਮੰਗ ਕੀਤੀ| ਇਸ ਮੌਕੇ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਅਤੇ ਅਦਾਲਤ ਦੇ ਕਬਜੇ ਤੋਂ ਕਮਿਊਨਿਟੀ ਸੈਂਟਰ ਨੂੰ ਖਾਲੀ ਕਰਵਾਉਣ ਲਈ ਪੈਰਵੀ ਕੀਤੀ ਜਾਣੀ ਹੈ| ਸ੍ਰ. ਪ੍ਰਿੰਸ ਨੇ ਮੰਗ ਕੀਤੀ ਕਿ ਇਸ ਸੰਬੰਧੀ ਫੇਜ਼-3 ਦੇ ਕੌਂਸਲਰਾਂ ਦੀ ਇਕ ਕਮੇਟੀ ਬਣਾਈ ਜਾਵੇ ਜਿਹੜੀ ਸੰਬੰਧਿਤ ਅਧਿਕਾਰੀਆਂ ਨੂੰ ਨਾਲ ਲੈ ਕੇ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ|
ਮੀਟਿੰਗ ਦੌਰਾਨ ਪਿੰਡ ਕੁੰਭੜਾ ਦੇ ਕੌਂਸਲਰ ਸ੍ਰੀ ਰਵਿੰਦਰ ਬਿੰਦਰਾ ਨੇ ਪਿੰਡ ਵਿੱਚ ਪਾਣੀ ਦੀ ਕਮੀ ਨੂੰ ਮੁੱਖ ਰੱਖਦਿਆਂ ਪਾਣੀ ਸਪਲਾਈ ਲਈ ਟੇਬਲ ਏਜੰਡਾ ਪਾ ਕੇ ਪਿੰਡ ਵਿੱਚ ਟਿਊਬਵੈਲ ਲਗਵਾਉਣ ਦੀ ਮੰਗ ਕੀਤੀ ਜਿਸਨੂੰ ਮੇਅਰ ਨੇ ਪ੍ਰਵਾਨ ਕਰ ਲਿਆ| ਕੌਂਸਲਰ ਸ਼ਰਮਾ ਨੇ ਫੇਜ਼ 5 ਦੇ ਤਿੰਨ ਪਾਰਕਾਂ ਦੇ ਰੱਖ ਰਖਾਓ ਦਾ ਕੰਮ ਇੱਕ ਸਮਾਜਸੇਵੀ ਸੰਸਥਾ ਨੂੰ ਦੇਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਕ ਹੀ ਸੰਸਥਾ ਨੂੰ ਤਿੰਨ ਪਾਰਕਾਂ ਦਾ ਕੰਮ ਨਹੀਂ ਦਿੱਤਾ ਜਾਣਾ ਚਾਹੀਦਾ ਜਿਸਤੇ ਹਾਊਸ ਵਲੋਂ ਫੈਸਲਾ ਕੀਤਾ ਗਿਆ ਕਿ ਸੰਸਥਾ ਨੂੰ ਇੱਕ ਪਾਰਕ ਦਿੱਤਾ ਜਾਵੇ ਜਦੋਂਕਿ ਬਾਕੀ ਦੇ ਪਾਰਕਾਂ ਦੇ ਰੱਖ ਰਖਾਉ ਦਾ ਕੰਮ ਨਿਗਮ ਖੁਦ ਕਰੇਗਾ| ਇਸ ਦੌਰਾਨ ਕੌਂਸਲਰ ਸ੍ਰ ਪਰਮਜੀਤ ਸਿੰਘ ਕਾਹਲੋਂ ਨੇ ਪਾਰਕਾਂ ਦੀ ਸਫਾਈ ਦਾ ਮੁੱਦਾ ਚੁੱਕਿਆ ਅਤੇ ਕੌਂਸਲਰ ਸ੍ਰ. ਜਸਵੀਰ ਸਿੰਘ ਮਣਕੂ ਨੇ ਉਦਯੋਗਿਕ ਖੇਤਰ ਵਿੱਚ ਸਥਿਤ ਇੱਕ ਉਦਯੋਗਪਤੀ ਵਲੋਂ ਪਾਰਕ ਉਪਰ ਕੀਤੇ ਨਾਜਾਇਜ ਕਬਜੇ ਦਾ ਮੁੱਦਾ ਚੁੱਕਿਆ ਜਿਸਤੇ ਮੇਅਰ ਵਲੋਂ ਤੁਰੰਤ ਕਰਵਾਈ ਦੀ ਹਿਦਾਇਤ ਦਿੱਤੀ ਗਈ|
ਕੌਂਸਲਰ ਰਜਨੀ ਗੋਇਲ ਨੇ ਸੈਕਟਰ 66 ਵਿੱਚ ਫਲੈਟਾਂ ਵਿੱਚ ਪਾਣੀ ਦੇ ਵਧੇ ਬਿਲਾਂ ਦਾ ਮੁੱਦਾ ਚੁੱਕਿਆ ਜਿਸਤੇ ਮੇਅਰ ਵਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਸੰਬੰਧੀ ਗਮਾਡਾ ਨੂੰ ਲਿਖਤੀ ਤੌਰ ਤੇ ਭੇਜਿਆ ਜਾਵੇਗਾ|
ਨਿਗਮ ਵਲੋਂ ਸ਼ਹਿਰ ਦੇ ਪਾਰਕਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਲਈ ਫੀਸ ਲਗਾਉਣ ਅਤੇ ਕਮਿਊਨਿਟੀ ਸੈਂਟਰਾਂ ਦੀਆਂ ਫੀਸਾਂ ਵਧਾਉਣ ਦੇ ਮੁੱਦੇ ਤੇ ਕੌਂਸਲਰ ਪਿੰ੍ਰਸ ਨੇ ਮੋਰਚਾ ਸੰਭਾਲਦਿਆਂ ਇਸ ਦਾ ਤਕੜਾ ਵਿਰੋਧ ਕੀਤਾ ਜਿਸਦਾ ਬਾਕੀ ਕੌਂਸਲਰਾਂ ਨੇ ਵੀ ਪੁਰਜੋਰ ਸਮਰਥਨ ਕੀਤਾ| ਇਸ ਮੌਕੇ ਫੈਸਲਾ ਹੋਇਆ ਕਿ ਰਿਹਾਇਸ਼ੀ ਖੇਤਰਾਂ ਵਿਚਲੇ ਪਾਰਕਾਂ ਵਿੱਚ ਸਮਾਗਮਾਂ ਲਈ ਫੀਸ ਨਹੀਂ ਲੱਗੇਗੀ ਅਤੇ ਸਿਰਫ 500 ਰੁਪਏ ਸਫਾਈ ਖਰਚਾ ਹੋਵੇਗਾ| ਵੱਡੇ ਪਾਰਕਾਂ ਵਿੱਚ ਫਿਲਮ ਦੀ ਸ਼ੂਟਿੰਗ ਲਈ 25 ਹਜ਼ਾਰ ਰੁਪਏ ਲਏ ਜਾਣਗੇ ਅਤੇ ਕਮਿਊਨਿਟੀ ਸੈਂਟਰਾਂ ਦੇ ਰੇਟ ਪਹਿਲੇ ਵਾਲੇ ਹੀ ਰਹਿਣਗੇ|
ਮੀਟਿੰਗ ਦੌਰਾਨ ਕੌਂਸਲਰ ਰਜਨੀ ਗੋਇਲ, ਗੁਰਮੀਤ ਕੌਰ , ਸ੍ਰ. ਅਮਰੀਕ ਸਿੰਘ ਤਹਿਸੀਲਦਾਰ, ਸ੍ਰੀ ਅਰੁਣ ਸ਼ਰਮਾ ਅਤੇ ਸ੍ਰੀ ਹਰਦੀਪ ਸਰਾਉ ਨੇ ਮੰਗ ਕੀਤੀ ਕਿ ਅੰਦਰੂਨੀ ਪਾਰਕਾਂ ਵਿੱਚ ਵੱਡੇ ਬੱਚਿਆਂ ਵਲੋਂ ਫੁਟਬਾਲ, ਕ੍ਰਿਕੇਟ, ਵਾਲੀਵਾਲ ਖੇਡਣ ਤੇ ਰੋਕ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲੇ ਬੱਚਿਆਂ ਦੇ ਮਾਂਪਿਆਂ ਤੋਂ ਜੁਰਮਾਨਾ ਵਸੂਲਿਆ ਜਾਵੇ| ਇਸ ਮੌਕੇ ਕੌਂਸਲਰ ਹਰਮਨਪ੍ਰੀਤ ਸਿੰਘ ਅਤੇ ਬੀਬੀ ਕੁਲਦੀਪ ਕੌਰ ਕੰਗ ਨੇ ਇਸਦੇ ਵਿਰੋਧ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਪਾਰਕਾਂ ਵਿੱਚ ਖੇਡਣ ਤੋਂ ਬਿਲਕੁਲ ਨਾ ਰੋਕਿਆ ਜਾਵੇ| ਇਸ ਮੌਕੇ ਬਹਿਸ ਨੂੰ ਨਵਾਂ ਰੂਪ ਦਿੰਦਿਆ ਮੇਅਰ ਨੇ ਮੀਡੀਆ ਕਰਮੀਆਂ ਨੂੰ ਵੀ ਸਲਾਹ ਦੇਣ ਲਈ ਕਿਹਾ ਜਿਸਤੇ ਮੀਡੀਆ ਕਰਮੀ ਵੀ ਬੱਚਿਆਂ ਨੂੰ ਖੇਡਣ ਦੇਣ ਦੀ ਇਜਾਜਤ ਦੇ ਹੱਕ ਵਿੱਚ ਨਜ਼ਰ ਆਏ ਅਤੇ ਇਹ ਮਾਮਲਾ ਵਿਚਾਲੇ ਹੀ ਖਤਮ ਹੋ ਗਿਆ|
ਮੀਟਿੰਗ ਦੌਰਾਨ ਮੇਅਰ ਕੁਲਵੰਤ ਸਿੰਘ ਨੇ ਆਪਣੀ ਸਿਆਸੀ ਸੂਝਬੂਝ ਪ੍ਰਗਟਾਉਂਦਿਆਂ ਜਿੱਥੇ ਹਾਉਸ ਉਪਰ ਆਪਣੀ ਪਕੜ ਕਾਇਮ ਰੱਖੀ ਉੱਥੇ ਸੰਵੇਦਨਸ਼ੀਲ ਮੌਕਿਆਂ ਤੇ ਉਹ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਨ ਵਿੱਚ ਵੀ ਕਾਮਯਾਬ ਰਹੇ ਅਤੇ ਹਾਉਸ ਵਲੋਂ ਬਾਕੀ ਦੇ ਮਤੇ ਬਿਨਾ ਪੜ੍ਹੇ ਹੀ ਪਾਸ ਕਰ ਦਿੱਤੇ ਗਏ|

ਬਾਬਾ ਜੀ ਦਾ ਠੁੱਲੂ ਤੇ ਹੋਈ ਤਲਖ ਕਲਾਮੀ
ਨਿਗਮ ਦੀ ਮੀਟਿੰਗ ਦੌਰਾਨ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਜੁਮਲਾ ਬਾਬਾ ਜੀ ਦਾ ਠੁੱਲੂ ਵੀ ਮੁੱਦਾ ਬਣ ਗਿਆ| ਮੀਟਿੰਗ ਦੌਰਾਨ ਕੌਂਸਲਰ ਬੀ. ਬੀ. ਮੈਣੀ ਨੇ ਇਤਰਾਜ ਕੀਤਾ ਕਿ ਨਿਗਮ ਵਲੋਂ ਕੌਂਸਲਰਾਂ ਨੂੰ ਬਜਟ ਦੌਰਾਨ ਮਹੀਨਿਆਂ ਦਾ ਹਿਸਾਬ ਦਿੱਤਾ ਜਾਂਦਾ ਹੈ ਅਤੇ ਅਖੀਰਲੇ ਤਿੰਨ ਮਹੀਨਿਆਂ ਦਾ ਹਿਸਾਬ ਨਹੀਂ ਦਿੱਤਾ ਜਾਂਦਾ| ਉਹਨਾਂ ਕਿਹਾ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ| ਇਸ ਮੌਕੇ ਮੇਅਰ ਨੇ ਕਿਹਾ ਕਿ ਜਿਸ ਨੇ ਜਾਂਚ ਕਰਵਾਉਣੀ ਹੈ ਕਰਵਾ ਸਕਦਾ ਹੈ ਅਤੇ ਕੌਂਸਲਰ ਆਰ ਪੀ ਸ਼ਰਮਾ ਵਲੋਂ ਇਸ ਮੌਕੇ ਇਹ ਕਹਿਣ ਕਿ ਇਨਕੁਆਰੀ ਨਾਲ ਵੀ ਕੀ ਹੋਵੇਗਾ ”ਬਾਬਾ ਜੀ ਦਾ ਠੁੱਲੂ” ਮੀਟਿੰਗ ਵਿੱਚ ਰੌਲਾ ਪੈ ਗਿਆ| ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਇਸ ਮੌਕੇ ਸ੍ਰੀ ਆਰ ਪੀ ਸ਼ਰਮਾ ਦੇ ਇਹਨਾਂ ਸ਼ਬਦਾਂ ਤੇ ਸਖਤ ਇਤਰਾਜ ਕੀਤਾ ਅਤੇ ਕਿਹਾ ਕਿ ਉਹ ਇਤਰਾਜਯੋਗ ਭਾਸ਼ਾ ਵਰਤ ਰਹੇ ਹਨ| ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਇਹ ਕਹਿ ਕੇ ਸ੍ਰੀ ਸ਼ਰਮਾ ਦਾ ਬਚਾਉ ਕੀਤਾ ਕਿ ਸਥਾਨਕ ਸਰਕਾਰ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਤਾਂ ਇਹ ਲਫਜ ਟੀ. ਵੀ. ਤੇ ਜਨਤਕ ਤੌਰ ਤੇ ਵਰਤਦੇ ਹਨ| ਇਸ ਮੌਕੇ ਮੇਅਰ ਨੇ ਸਾਰਿਆਂ ਨੂੰ ਜਾਬਤੇ ਵਿੱਚ ਰਹਿ ਕੇ ਗੱਲ ਕਰਨ ਦੀ ਅਪੀਲ ਕੀਤੀ ਅਤੇ ਮਾਮਲਾ ਸ਼ਾਂਤ ਕਰਵਾਇਆ|

Leave a Reply

Your email address will not be published. Required fields are marked *