ਹੰਗਾਮਾ ਭਰਪੂਰ ਰਹੀ ਨਗਰ ਨਿਗਮ ਦੀ ਮੀਟਿੰਗ

ਹੰਗਾਮਾ ਭਰਪੂਰ ਰਹੀ ਨਗਰ ਨਿਗਮ ਦੀ ਮੀਟਿੰਗ
ਕਮਿਸ਼ਨਰ ਅਤੇ ਭਾਜਪਾ ਕੌਂਸਲਰ ਉਲਝੇ, ਤਲਖਕਲਾਮੀ ਤੋਂ ਬਾਅਦ ਹੱਥੋਪਾਈ ਹੁੰਦੀ ਹੁੰਦੀ ਬਚੀ
ਐਸ. ਏ. ਐਸ. ਨਗਰ, 27 ਅਪ੍ਰੈਲ (ਸ.ਬ.) ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਹੰਗਾਮਾ ਭਰਪੂਰ ਰਹੀ ਅਤੇ ਇਸ ਦੌਰਾਨ ਨਿਗਮ ਦੇ ਕਮਿਸ਼ਨਰ ਅਤੇ ਭਾਜਪਾ ਕੌਂਸਲਰ ਸ੍ਰੀ ਬੌਬੀ ਕੰਬੋਜ ਅਤੇ ਹਰਦੀਪ ਸਿੰਘ ਸਰਾਉਂ ਵਿਚਾਲੇ ਤਲਖਕਲਾਮੀ ਹੋਣ ਤੋਂ ਬਾਅਦ ਹੱਥੋਂਪਾਈ ਦੀ ਨੋਬਤ ਆ ਗਈ ਅਤੇ ਇਸ ਦੌਰਾਨ ਮੇਅਰ ਅਤੇ ਹੋਰਨਾਂ ਕੌਂਸਲਰਾਂ ਵੱਲੋਂ ਵਿੱਚ ਬਚਾਉ ਕਰਨ ਤੇ ਮਾਮਲਾ ਸ਼ਾਂਤ ਹੋਇਆ|
ਮੀਟਿੰਗ ਦੀ ਸ਼ੁਰੂਆਤ ਵਿੱਚ ਸੈਕਟਰ-68 ਦੇ ਕੌਂਸਲਰ ਸ੍ਰੀ ਬੌਬੀ ਕੰਬੋਜ ਸੈਕਟਰ 68 ਵਿੱਚ ਬਣਾਏ ਗਏ ਕੂੜੇਦਾਨ ਨੂੰ ਚੁਕਵਾਉਣ ਦੀ ਮੰਗ ਨੂੰ ਲੈ ਕੇ ਮੀਟਿੰਗ ਹਾਲ ਵਿੱਚ ਮੇਅਰ ਦੀ ਕੁਰਸੀ ਦੇ ਸਾਮਹਣੇ (ਜਮੀਨ ਤੇ) ਧਰਨੇ ਉਪਰ ਬੈਠ ਗਏ|
ਇਸ ਤੋਂ ਬਾਅਦ ਸ਼ਹਿਰ ਵਿੱਚ ਹੋਏ ਨਾਜਾਇਜ ਕਬਜਿਆਂ ਅਤੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਬਾਰੇ ਬੋਲਦਿਆਂ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਅਤੇ ਨਾਜਾਇਜ ਕਬਜਿਆ ਦੇ ਹਲ ਲਈ ਕੀਤੀ ਜਾਣ ਵਾਲੀ ਕਾਰਵਾਈ ਲਈ ਕੌਂਸਲਰਾਂ ਦਾ ਸਹਿਯੋਗ ਮੰਗਿਆ| ਇਸ ਮੌਕੇ ਭਾਜਪਾ ਕੌਂਸਲਰ ਸ੍ਰੀ ਹਰਦੀਪ ਸਿੰਘ ਸਰਾਉਂ ਨੇ ਕਿਹਾ ਕਿ ਉਹ ਇਸ ਕਾਰਵਾਈ ਵਿੱਚ ਸਾਥ ਦੇਣ ਲਈ ਤਿਆਰ ਹਨ ਪਰੰਤੂ ਇਹ ਕਾਰਵਾਈ ਪਿਕ ਅਤੇ ਚੂਜ ਦੇ ਆਧਾਰ ਤੇ ਨਾ ਹੋਵੇ| ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਫੇਜ਼-10 ਅਤੇ 11 ਦੇ ਵਸਨੀਕਾਂ ਵਲੋਂ ਗ੍ਰੀਨ ਬੈਲਟਾਂ ਤੇ ਕੀਤੇ ਗਏ ਨਾਜਾਇਜ ਕਬਜਿਆਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਦੂਜੇ ਪਾਸੇ ਉਦਯੋਗਿਕ ਖੇਤਰ ਵਿੱਚ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਬਣਾ ਕੇ ਕਾਰਵਾਈ ਕੀਤੀ ਜਾਂਦੀ ਹੈ|
ਇਸ ਮੌਕੇ ਸ੍ਰੀ ਸਰਾਉਂ ਨੇ ਨਾਲ ਭਾਜਪਾ ਕੌਂਸਲਰ ਸ੍ਰੀ ਅਰੁਣ ਸ਼ਰਮਾ ਅਤੇ ਸ੍ਰੀ ਬੌਬੀ ਕੰਬੋਜ ਨੇ ਵੀ ਆਪਣਾ ਵਿਰੋਧ ਜਾਹਿਰ ਕੀਤਾ ਅਤੇ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਇਹਨਾਂ ਕੌਂਸਲਰਾਂ ਨੂੰ ਸ਼ਾਂਤ ਕਰਦਿਆਂ ਕਮਿਸ਼ਨਰ ਦੀ ਗੱਲ ਸੁਨਣ ਲਈ ਕਿਹਾ| ਉਹਨਾਂ ਕਿਹਾ ਕਿ ਨਿਗਮ ਵਲੋਂ ਬਿਨਾ ਕਿਸੇ ਭੇਦਭਾਵ ਦੇ ਕਾਰਵਾਈ ਕੀਤੀ ਜਾਵੇਗੀ| ਇਸ ਮੌਕੇ ਭਾਜਪਾ ਕੌਂਸਲਰ ਵਲੋਂ ਕਮਿਸ਼ਨਰ ਤੇ ਭੇਦਭਾਵ ਦੀ ਨੀਤੀ ਤਹਿਤ ਕਾਰਵਾਈ ਕਰਨ ਦੇ ਇਲਜਾਮ ਤੇ ਕਮਿਸ਼ਨਰ ਵੀ ਭੜਕ ਗਏ ਅਤੇ ਅਚਾਨਕ ਹੀ ਮਾਹੌਲ ਬੁਰੀ ਤਰ੍ਹਾਂ ਗਰਮੀ ਫੜ ਗਿਆ| ਕਮਿਸ਼ਨਰ ਵਲੋਂ ਸ੍ਰੀ ਸਰਾਉਂ ਨੂੰ ਇਹ ਕਹਿਣ ਤੇ ਕਿ ਉਹਨਾਂ ਨੇ ਇੱਕ ਵਿਅਕਤੀ ਦੇ ਖਿਲਾਫ ਤਾਂ ਕਾਰਵਾਈ ਕੀਤੀ ਹੈ ਫਿਰ ਕੌਂਸਲਰ ਇਤਰਾਜ ਕਿਉਂ ਕਰ ਰਹੇ ਹਨ ਭਾਜਪਾ ਦੇ ਕੌਂਸਲਰ ਵੀ ਭੜਕ ਪਏ| ਇਸ ਮੌਕੇ ਕਮਿਸ਼ਨਰ ਆਪਣੀ ਕੁਰਸੀ ਤੋਂ ਖੜੇ ਹੋ ਗਏ ਅਤੇ ਬਾਹਾਂ ਉਲਾਰ ਕੇ ਭਾਜਪਾ ਕੌਂਸਲਰਾਂ ਨੂੰ ਬੋਲਣ ਲੱਗ ਪਏ ਜਿਹਨਾਂ ਨੂੰ ਮੇਅਰ ਅਤੇ ਨਿਗਮ ਦੇ ਹੋਰਨਾਂ ਅਧਿਕਾਰੀਆਂਨੇ ਸ਼ਾਂਤ ਕੀਤਾ| ਦੂਜੇ ਪਾਸੇ ਕੌਂਸਲਰ ਬੌਬੀ ਕੰਬੋਜ ਵੀ ਭੜਕ ਗਏ ਤੇ ਕਮਿਸ਼ਨਰ ਵਲੋਂ ਵਧੇ ਜਿਹਨਾਂ ਨੂੰ ਸਾਥੀ ਕੌਂਸਲਰਾਂ ਨੇ ਰੋਕਿਆ ਅਤੇ ਉਥੇ ਹੱਥੋਪਾਈ ਤੋਂ ਬਚਾਉ ਹੋ ਗਿਆ|
ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਦੋਵਾਂ ਧਿਰਾਂ ਨੂੰ ਸ਼ਾਤ ਕਰਦਿਆ ਕਿਹਾ ਕਿ ਨਿਗਮ ਵੀ ਮਜਬੂਰ ਹੈ ਕਿਉਂਕਿ ਆਵਾਰਾ ਪਸ਼ੂਆਂ ਦੇ ਮਾਲਕ ਨਿਗਮ ਕਰਮਚਾਰੀਆਂ ਤੇ ਹਮਲੇ ਕਰ ਦਿੰਦੇ ਹਨ ਤੇ ਇਸ ਸਬੰਧੀ ਨਿਗਮ ਦੇ ਕਮਿਸ਼ਨਰ ਵਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਪੁਲੀਸ ਮਾਮਲਾ ਦਰਜ ਨਹੀਂ ਕਰਦੀ|
ਇਸ ਮੌਕੇ ਹੋਰਨਾਂ ਕੌਂਸਲਰਾਂ ਵੱਲੋਂ ਸ਼ਹਿਰ ਵਿੱਚ ਲੱਗਦੀਆਂ ਰੇਹੜੀਆਂ ਫੜੀਆ ਦਾ ਮੁੱਦਾ ਚੁੱਕਿਆ ਗਿਆ ਅਤੇ ਇਸ ਸੰਬੰਧੀ ਕਾਰਵਾਈ ਦੀ ਮੰਗ ਕੀਤੀ ਗਈ| ਕੌਂਸਲਰਾਂ ਵਲੋਂ ਇੱਕ ਇੱਕ ਕਰਕੇ ਆਪਣੇ ਵਾਰਡਾਂ ਦੇ ਮੁੱਦੇ ਵੀ ਚੁੱਕੇ ਜਾਂਦੇ ਰਹੇ|
ਮੀਟਿੰਗ ਦੌਰਾਨ ਦਰਖਤਾਂ ਦੀ ਛਾਂਗਾਈ ਲਈ ਖਰੀਦੀ ਗਈ ਪ੍ਰਸਿੰਗ ਮਸ਼ੀਨ ਦਾ ਮੁੱਦਾ ਵੀ ਉਠਿਆ ਅਤੇ ਕੌਂਸਲਰਾਂ ਵੱਲੋਂ ਇਸ ਮੁੱਦੇ ਤੇ ਮਤਾ ਪਾਸ ਕਰਨ ਦੀ ਮੰਗ ਕੀਤੀ ਗਈ | ਸ੍ਰੀ ਆਰ. ਪੀ. ਸ਼ਰਮਾ ਨੇ ਇਲਜਾਮ ਲਗਾਇਆ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਜਾਣ ਬੁੱਝ ਕੇ ਨਿਗਮ ਵਲੋਂ ਪਾਸ ਕੀਤੇ ਮਤਿਆਂ ਤੇ ਰੋਕ ਲਗਾ ਕੇ ਸ਼ਹਿਰ ਕੇ ਵਿਕਾਸ ਕਾਰਜਾਂ ਵਿੱਚ ਰੁਕਾਵਟ ਖੜੀ ਕੀਤੀ ਜਾ ਰਹੀ ਹੈ| ਕੌਂਸਲਰ ਹਰਮਨਪ੍ਰੀਤ ਪ੍ਰਿੰਸ ਨੇ ਫੇਜ਼-3 ਬੀ-2 ਦੇ ਕਮਿਊਨਿਟੀ ਸੈਂਟਰ ਦਾ ਮੁੱਦਾ ਚੁੱਕਦਿਆਂ ਇਸਦਾ ਚਾਰਜ ਗਮਾਡਾ ਤੋਂ ਲੈਣ ਦੀ ਮੰਗ ਕੀਤੀ ਜਿਸਤੇ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ| ਕੌਂਸਲਰ ਰੂਬੀ ਵਲੋਂ ਐਨ ਚੋਅ ਵਿੱਚ ਖੜ੍ਹੀਆਂ ਜੰਗਲੀ ਝਾੜੀਆਂ ਨੂੰ ਸਾਫ ਕਰਵਾਉਣ ਦੀ ਮੰਗ ਕੀਤੀ ਗਈ| ਕੌਸਲਰ ਸਤਵੀਰ ਸਿੰਘ ਧਨੋਆ ਨੇ ਫੇਜ਼ -8 ਦੇ ਬੱਸ ਅੱਡੇ ਨੂੰ ਬੰਦ ਕਰਨ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਮੁੜ ਚਾਲੂ ਕਰਨ ਲਈ ਮਤਾ ਪਾਸ ਕਰਨ ਦੀ ਮੰਗ ਕੀਤੀ|
ਇਸ ਗਹਿਮਾ ਗਹਿਮੀ ਦੇ ਮਾਹੌਲ ਵਿੱਚ ਮੀਟਿੰਗ ਵਿੱਚ ਪੇਸ਼ ਮਤੇ ਇੱਕ ਇੱਕ ਕਰਕੇ ਪਾਸ ਕਰ ਦਿੱਤੇ ਗਏ|

Leave a Reply

Your email address will not be published. Required fields are marked *