ਹੰਗਾਮਾ ਭਰਪੂਰ ਰਿਹਾ ਵਿਧਾਨ ਸਭਾ ਸ਼ੈਸ਼ਨ ਦਾ ਦੂਜਾ ਦਿਨ

ਹੰਗਾਮਾ ਭਰਪੂਰ ਰਿਹਾ ਵਿਧਾਨ ਸਭਾ ਸ਼ੈਸ਼ਨ ਦਾ ਦੂਜਾ ਦਿਨ
ਪੰਜਾਬ ਸਰਕਾਰ ਵਲੋਂ ਦਰਬਾਰ ਸਾਹਿਬ ਦੇ ਲੰਗਰ ਤੋਂ ਜੀ ਐਸ ਟੀ ਮਾਫ
ਚੰਡੀਗੜ੍ਹ, 21 ਮਾਰਚ (ਸ.ਬ.) ਪੰਜਾਬ ਵਿਧਾਨ ਸਭਾ ਵਿੱਚ ਬਜਟ ਸ਼ੈਸਨ ਦੇ ਦੂਜੇ ਦਿਨ ਦੀ ਕਾਰਵਾਈ ਹੰਗਾਮੇ ਦੀ ਭੇਂਟ ਚੜ ਗਈ| ਇਸ ਮੌਕੇ ਅਕਾਲੀ ਦਲ ਦੇ ਹੰਗਾਮੇ ਦੌਰਾਨ ਅੱਧੇ ਘੰਟੇ ਲਈ ਵਿਧਾਨ ਸਭਾ ਨੂੰ ਮੁਲਤਵੀ ਵੀ ਕੀਤਾ ਗਿਆ| ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਅਕਾਲੀ ਵਿਧਾਇਕ ਇਸ ਕਾਰਵਾਈ ਵਿੱਚ ਹਿੱਸਾ ਲੈਣ ਲਈ ਕਾਲੇ ਕੱਪੜੇ ਪਾ ਕੇ ਪੁੱਜੇ, ਜਿਸ ਦਾ ਕਾਰਨ ਕੈਪਟਨ ਸਰਕਾਰ ਦਾ ਵਿਰੋਧ ਕਰਨਾ ਸੀ|
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਕਾਲੀ ਵਰਦੀ ਪਾਈ ਹੋਈ ਸੀ ਅਤੇ ਗਲੇ ਵਿੱਚ ਬੈਨਰ ਲਟਕਾਇਆ ਹੋਇਆ ਸੀ, ਜਿਸ ਤੇ ਲਿਖਿਆ ਸੀ ਕਿ ‘ਕਿਸਾਨ, ਦਲਿਤ ਅਤੇ ਮਜ਼ਦੂਰਾਂ ਦਾ 90 ਹਜ਼ਾਰ ਕਰੋੜ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ| ਉਨ੍ਹਾਂ ਦੇ ਨਾਲ ਬਾਕੀ ਅਕਾਲੀ ਵਿਧਾਇਕਾਂ ਨੇ ਕਾਲੀਆਂ ਵਰਦੀਆਂ ਪਹਿਨ ਕੇ ਗਲੇ ਵਿੱਚ ਬੈਨਰ ਲਟਕਾਏ ਹੋਏ ਸਨ|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਬਣਨ ਵਾਲੇ ਲੰਗਰ ਤੇ ਵੱਡਾ ਫੈਸਲਾ ਲੈਂਦੇ ਹੋਏ ਇਸ ਤੇ ਸੂਬੇ ਵਲੋਂ ਲਾਇਆ ਜਾਣ ਵਾਲਾ ਜੀ. ਐਸ. ਟੀ. ਦਾ ਹਿੱਸਾ ਮੁਆਫ ਕਰ ਦਿੱਤਾ ਹੈ| ਕੈਪਟਨ ਨੇ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਨੂੰ ਸੂਬੇ ਵਲੋਂ ਜੀ. ਐਸ. ਟੀ. ਦਾ ਹਿੱਸਾ ਵਾਪਸ ਮੋੜ ਦਿੱਤਾ ਜਾਵੇਗਾ| ਕੈਪਟਨ ਦੇ ਇਸ ਫੈਸਲੇ ਦੀ ਸੁਖਪਾਲ ਖਹਿਰਾ ਸਮੇਤ ਸਭ ਮੈਂਬਰਾਂ ਨੇ ਸ਼ਲਾਘਾ ਕੀਤੀ| ਪੰਜਾਬ ਵਿਧਾਨ ਸਭਾ ਵਿੱਚ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕੇਂਦਰ ਸਰਕਾਰ ਅਤੇ ਜੀ. ਐਸ. ਟੀ. ਕੌਂਸਲ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਦਾ ਜੀ. ਐਸ. ਟੀ. ਮਾਫ ਕੀਤਾ ਜਾਵੇ|
ਅੱਜ ਦੇ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਗਵਰਨਰ ਦੇ ਭਾਸ਼ਣ ਉਪਰ ਬਹਿਸ ਹੋਈ, ਜਿਸ ਦੌਰਾਨ ਵਿਧਾਇਕਾਂ ਵੱਲੋਂ ਸਰਕਾਰ ਤੋਂ ਪੰਜਾਬ ਦੇ ਮਸਲਿਆਂ ਉਤੇ ਸਵਾਲ ਕੀਤੇ ਗਏ| ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਖਾਲੀ ਅਸਾਮੀਆਂ ਕਦੋਂ ਭਰੀਆਂ ਜਾਣਗੀਆਂ ਅਤੇ ਐਸ. ਐਸ. ਬੋਰਡ ਕਦੋਂ ਬਣਾਇਆ ਜਾਵੇਗਾ|
ਅੱਜ ਪੰਜਾਬ ਵਿਧਾਨ ਸਭਾ ਵਿੱਚ ਸ. ਭਗਤ ਸਿੰਘ ਦਾ ਮੁੱਦਾ ਵੀ ਗੂੰਜਿਆ, ਜਿਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ| ਸਿਮਰਜੀਤ ਬੈਂਸ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਦੀ ਕੋਈ ਅਜਿਹੀ ਤਜਵੀਜ ਹੈ, ਜਿਸ ਵਿੱਚ ਉਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਕੇਂਦਰ ਨੂੰ ਕੋਈ ਪ੍ਰਸਤਾਵ ਪਾਸ ਕਰਕੇ ਭੇਜਣਗੇ| ਇਸੇ ਤੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਜਵਾਬ ਦਿੱਤਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਉਹ ਉਨ੍ਹਾਂ ਦੀ ਸਲਾਹ ਤੇ ਗੌਰ ਕਰਨਗੇ| ਉਨ੍ਹਾਂ ਕਿਹਾ ਕਿ ਭਗਤ ਸਿੰਘ ਆਪਣੇ ਆਪ ਵਿੱਚ ਇੱਕ ਸੰਸਥਾ ਹਨ| ਉਨ੍ਹਾਂ ਨੇ ਕਿਹਾ ਕਿ ਅਸੀਂ ਖਟਕੜ ਕਲਾਂ ਸਮਾਗਮ ਤੇ ਤਿੰਨ ਕਰੋੜ ਰੁਪਇਆ ਖਰਚ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ 15 ਕਰੋੜ ਰੁਪਿਆ ਹੁਸੈਨੀਵਾਲਾ ਬਾਰਡਰ ਦੇ ਲਈ ਵੀ ਕੇਂਦਰ ਤੋਂ ਮੰਗਿਆ ਹੈ|
ਇਸੇ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਨੇ ਕੰਮ ਰੋਕੂ ਮਤਾ ਪੇਸ਼ ਕੀਤਾ, ਜਿਸ ਨੂੰ ਸਪੀਕਰ ਵਲੋਂ ਰੱਦ ਕਰ ਦਿੱਤਾ ਗਿਆ| ਅਕਾਲੀ ਦਲ ਕਿਸਾਨੀ ਦੇ ਮੁੱਦੇ ਤੇ ਬਹਿਸ ਕਰਨਾ ਚਾਹੁੰਦਾ ਸੀ| ਅਕਾਲੀ ਦਲ ਵਲੋਂ ਸਪੀਕਰ ਵੈਲ ਵਿੱਚ ਆ ਕੇ ਨਾਅਰੇਬਾਜ਼ੀ ਕੀਤੀ ਗਈ| ਅਕਾਲੀ ਦਲ ਵਲੋਂ ਕਿਸਾਨ ਕਰਜ਼ਾ ਮਾਫੀ ਦੀ ਮੰਗ ਕੀਤੀ ਗਈ| ਇਸ ਦੌਰਾਨ ਹੰਗਾਮੇ ਕਾਰਨ ਵਿਧਾਨਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ|
ਵਿਧਾਨ ਸਭਾ ਵਿੱਚ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ‘ਸ਼ਗਨ ਸਕੀਮ’ ਸਬੰਧੀ ਸਵਾਲ ਕਿ ਉਹ ਦੱਸਣ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਸ਼ਗਨ ਸਕੀਮ (ਆਸ਼ੀਰਵਾਦ) ਦੀ ਕਿੰਨੀ ਰਾਸ਼ੀ ਜਾਰੀ ਕੀਤੀ ਹੈ, ਜਿਸ ਤੇ ਧਰਮਸੋਤ ਨੇ ਜਵਾਬ ਦਿੱਤਾ ਕਿ 1-7-2017 ਤੋਂ 21,000 ਰੁਪਏ ਪ੍ਰਤੀ ਲਾਭਪਾਤਰੀ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ|

Leave a Reply

Your email address will not be published. Required fields are marked *