ਹੰਗਾਮੇ ਦੀ ਭੇਂਟ ਚੜਿਆ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦਾ ਆਖਰੀ ਦਿਨ

ਹੰਗਾਮੇ ਦੀ ਭੇਂਟ ਚੜਿਆ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦਾ ਆਖਰੀ ਦਿਨ
ਅਕਾਲੀ ਅਤੇ ਆਪ ਵਿਧਾਇਕਾਂ ਵਲੋਂ ਵਾਕ ਆਊਟ
ਚੰਡੀਗੜ੍ਹ, 23 ਜੂਨ (ਸ.ਬ.)  ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਆਖਰੀ ਦਿਨ ਵੀ ਹੰਗਾਮੇ ਦੀ ਭੇਂਟ ਚੜ੍ਹਿਆ| ਬੀਤੇ ਦਿਨ ਬਜਟ ਸੈਸ਼ਨ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਿਲ ਸਿੰਘ ਦੀ ਪਗੜੀ ਦੀ ਬੇਅਦਬੀ ਦੇ ਮਾਮਲੇ ਵਿਚ ਅੱਜ ਪ੍ਰਸ਼ਨਕਾਲ ਦੌਰਾਨ ਅਕਾਲੀ ਦਲ ਨੇ ਕਾਲੇ ਚੋਲੇ ਪਾ ਕੇ ਤੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਪ੍ਰਦਰਸ਼ਨ ਕੀਤਾ  ਤੇ ਉਨ੍ਹਾਂ ਵਲੋਂ ਸਪੀਕਰ ਖਿਲਾਫ ਨਾਅਰੇਬਾਜ਼ੀ ਕੀਤੀ  ਗਈ|  ਇਸ ਉਪਰੰਤ ਅਕਾਲੀ ਦਲ ਦੇ ਵਿਧਾਇਕਾਂ  ਨੇ ਪੱਕੇ ਤੌਰ ਉਤੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ| ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ  ਨੇ ਵੀ  ਵਾਕਆਊਟ ਕਰ ਦਿੱਤਾ |
ਪੰਜਾਬ ਦੇ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਦਨ ਵਿਚ ਵਿਵਹਾਰ ਦੀ ਆਲੋਚਨਾ ਕੀਤੀ ਹੈ| ਉਨ੍ਹਾਂ ਕਿਹਾ ਹੈ ਕਿ ਇਸ ਨਾਲ ਵਿਰੋਧੀਆਂ ਦੀ ਗੁੰਡਾਗਰਦੀ ਝਲਕਦੀ ਹੈ| ਵਿਰੋਧੀ ਦਲਾਂ ਵਲੋਂ ਸਦਨ ਦੀ ਪਵਿੱਤਰਤਾ ਭੰਗ ਕਰਨਾ ਨਿੰਦਣਯੋਗ ਹੈ| ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ‘ਆਪ’ ਵਿਧਾਇਕਾਂ ਉਤੇ ਕੀਤੀ ਕਾਰਵਾਈ ਦੀ ਨਿੰਦਾ ਕੀਤੀ ਹੈ|
ਇਸੇ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਅੱਜ 11 ਬਿਲ ਪੇਸ਼ ਕੀਤੇ ਗਏ, ਜਿਨ੍ਹਾਂ ਵਿਚੋਂਂ ਕੁਝ ਬਿਲ ਪਾਸ ਕਰ ਦਿੱਤੇ ਗਏ| ਸਭ ਤੋਂ ਪਹਿਲਾਂ ਪੰਜਾਬ ਸਹਿਕਾਰੀ ਸਭਾ ਏਕਟ ਦੀ ਜ਼ਮੀਨ ਕੁਰਕੀ ਦੀ ਧਾਰਾ 67-ਏ ਖਤਮ ਕਰਨ ਸਬੰਧੀ ਬਿਲ ਪਾਸ ਕੀਤਾ ਗਿਆ| ਇਸ ਬਿਲ ਦੇ ਮੁਤਾਬਕ ਕੋਈ ਵੀ ਸਹਿਕਾਰੀ ਬੈਂਕ ਕਿਸਾਨਾਂ ਦੀ ਕੁਰਕੀ ਨਹੀਂ ਕਰ ਸਕੇਗਾ| ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੇ ਤਹਿਤ ਪੰਜਾਬ ਵਿਧਾਨ ਸਭਾ ਵਲੋਂ ਪੰਜਾਬ ਸਹਿਕਾਰੀ ਸਭਾਵਾਂ ਸੁਧਾਰ ਬਿਲ 2017 ਪਾਸ ਕਰਕੇ ਦਿੱਤਾ ਗਿਆ ਹੈ| ਹਾਲਾਕਿ ਸਹਿਕਾਰੀ ਸੰਸਥਾਵਾਂ ਇਸ ਫੈਸਲੇ ਦੇ ਪੱਖ ਵਿੱਚ ਨਹੀਂ ਸੀ| ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਅਫਸੋਸ ਜ਼ਾਹਿਰ ਕੀਤਾ ਸੀ ਕਿ ਇਹ ਫੈਸਲਾ ਲਾਗੂ ਹੋਣ ਤੋਂ ਬਾਅਦ ਕੋਈ ਵੀ ਕਿਸਾਨ ਕਰਜ਼ ਵਾਪਸ ਨਹੀਂ ਕਰੇਗਾ ਪਰ ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਕਿ ਇਹ ਫੈਸਲਾ ਉਨ੍ਹਾਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈ ਲਿਹਾਜਾ ਉਹ ਹਰ ਹਾਲ ਵਿੱਚ ਇਸ ਲਾਗੂ  ਕਰਨਗੇ| ਜਿਸ ਦੇ ਮੱਦੇਨਜ਼ਰ ਅੱਜ ਪੰਜਾਬ ਵਿਧਾਨ ਸਭਾ ਵਲੋਂ ਬਿਲ ਨੂੰ ਪਾਸ ਕਰ ਕੇ ਇਸ ਫੈਸਲੇ ਤੇ ਕਾਨੂੰਨੀ ਮੋਹਰ ਲਗਾ ਦਿੱਤੀ ਹੈ|
ਇਸ ਤੋਂ ਬਾਅਦ ਯੂਨੀਵਰਸਿਟੀ ਰੀ-ਅਪੀਲ ਬਿਲ ਪਾਸ ਕੀਤਾ ਗਿਆ| ਇਸ ਮੁਤਾਬਕ ਕਾਲਜ ਦਾ ਹੀ ਸਟੇਟਸ ਰਹੇਗਾ, ਯੂਨੀਵਰਸਿਟੀ ਦਾ ਨਹੀਂ|
ਇਸ ਤੋਂ ਬਾਅਦ  ਪੰਚਾਇਤੀ ਰਾਜ ਤੇ ਨਗਰ ਨਿਗਮ  ਮਹਿਲਾਵਾਂ ਨੂੰ 50 ਫੀਸਦੀ ਹਿੱਸੇਦਾਰੀ ਦੇਣ ਵਾਲੇ ਇਸ ਬਿਲ ਮੁਤਾਬਕ ਪੰਜਾਬ ਦੇ ਸਾਰੇ ਪੰਚਾਇਤੀ ਰਾਜ ਸੰਸਥਾਨਾਂ,ਨਗਰ ਨਿਗਮਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਹਿੱਸੇਦਾਰੀ ਮਿਲੇਗੀ| ਜਿਸ ਸਬੰਧਤ ਪੰਜਾਬ ਵਿਧਾਨ ਸਭਾ ਵਲੋਂ ਵੱਖ-ਵੱਖ ਸੋਧ ਬਿਲ ਪਾਸ ਕਰ ਦਿੱਤੇ ਗਏ ਹਨ| ਜ਼ਿਕਰਯੋਗ ਹੈ ਕਿ ਪਹਿਲਾ ਇਨ੍ਹਾਂ ਸੰਸਥਾਨਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਹਿੱਸੇਦਾਰੀ ਮਿਲਦੀ ਸੀ ਪਰ ਕਾਂਗਰਸ ਸਰਕਾਰ ਨੇ ਇਸ ਨੂੰ 33 ਫੀਸਦੀ ਤੋਂ ਵੱਧਾ ਕੇ 50 ਫੀਸਦੀ ਕਰਨ ਦਾ ਫੈਸਲਾ ਕੀਤਾ ਸੀ|
ਇਸ ਉਪਰੰਤ  ਪੰਜਾਬ ਆਬਕਾਰੀ ਸੁਧਾਰ ਬਿਲ 2017 ਪਾਸ ਕੀਤਾ ਗਿਆ| ਪੰਜਾਬ ਵਿਚ ਹੁਣ ਹਾਈਵੇ ਤੋਂ 500 ਮੀਟਰ ਦੇ ਘੇਰੇ ‘ਚ ਆਉਂਦੇ ਬਾਰ, ਰੈਸਟੋਰੈਂਟ ਤੇ ਕਲਬ ਸ਼ਰਾਬ ਦਾ ਇਸਤੇਮਾਲ ਕਰ ਸਕਣਗੇ| ਇਸ ਸਬੰਧਿਤ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਲਏ ਗਏ ਫੈਸਲੇ ਦੇ ਤਹਿਤ ਪੰਜਾਬ ਵਿਧਾਨ ਸਭਾ ਵਲੋਂ ਪੰਜਾਬ ਆਬਕਾਰੀ ਸੁਧਾਰ ਬਿਲ 2017 ਪਾਸ ਕਰ ਦਿੱਤਾ ਗਿਆ ਹੈ| ਸਰਕਾਰ ਦਾ ਤਰਕ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਦਾ ਵੱਡਾ ਪ੍ਰਭਾਵ ਪਿਆ ਸੀ ਲਿਹਾਜ਼ਾ ਸਰਕਾਰ ਨੇ ਇਹ ਬਿਲ ਲਿਆ ਕੇ ਇਸ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਰਾਹਤ ਦਿੱਤੀ ਹੈ ਕਿ ਹਾਈਵੇ ਦੇ 500 ਮੀਟਰ ਦੇ ਘੇਰੇ ਵਿੱਚ ਪੈਂਦੇ ਸਾਰੇ ਬਾਰ, ਰੈਸਟੋਰੈਂਟ ਆਪਣੇ ਗਾਹਕਾਂ ਨੂੰ ਸ਼ਰਾਬ ਪਿਲਾ ਤਾਂ ਸਕਣਗੇ ਪਰ ਉਨ੍ਹਾਂ ਵਲੋਂ ਸ਼ਰਾਬ ਵੇਚਣ ਤੇ ਪਾਬੰਦੀ ਲਾਗੂ ਰਹੇਗੀ|

Leave a Reply

Your email address will not be published. Required fields are marked *