ਹੱਥਾਂ ਵਿੱਚੋਂ ਖੁਰਦੀ ਸਿਆਸੀ ਜਮੀਨ ਨੂੰ ਫੜ ਕੇ ਰੱਖਣ ਦੀ ਕਵਾਇਦ

ਹੱਥਾਂ ਵਿੱਚੋਂ ਖੁਰਦੀ ਸਿਆਸੀ ਜਮੀਨ ਨੂੰ ਫੜ ਕੇ ਰੱਖਣ ਦੀ ਕਵਾਇਦ
ਸਕਾਈ ਹਾਕ ਟਾਈਮਜ਼ ਬਿਊਰੋ
ਐਸ ਏ ਐਸ ਨਗਰ, 2 ਅਕਤੂਬਰ
ਅਕਾਲੀ ਦਲ ਵਲੋਂ ਬੀਤੇ ਕੱਲ ਪੰਜਾਬ ਦੇ ਤਿੰਨ ਤਖਤਾਂ ਤੋਂ ਚੰਡੀਗੜ੍ਹ ਤਕ ਕੱਢੀ ਗਈ ਕਿਸਾਨ ਰੋਸ ਯਾਤਰਾ ਨੂੰ ਚੰਡੀਗੜ੍ਹ ਵਿੱਚ ਦਾਖਿਲ ਨਾ ਹੋਣ ਦੇਣ ਦੀ ਚੰਡੀਗੜ੍ਹ ਪੁਲੀਸ ਦੀ ਪ੍ਰਤੀਬੱਧਤਾ ਅਤੇ ਅਕਾਲੀ ਵਰਕਰਾਂ ਵਲੋਂ ਕਿਸੇ ਵੀ ਹੀਲੇ ਚੰਡੀਗੜ੍ਹ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਦੌਰਾਨ ਚੰਡੀਗੜ੍ਹ ਪੁਲੀਸ ਵਲੋਂ ਕੀਤੇ ਲਾਠੀਚਾਰਜ ਜਿੱਥੇ ਕਈ ਵਰਕਰਾਂ ਅਤੇ ਆਗੂਆਂ ਦੀਆਂ ਦਸਤਾਰਾਂ ਲਹਿ ਗਈਆਂ ਉੱਥੇ ਲਾਠੀਆਂ ਖਾਣ ਕਾਰਨ ਕਈ ਅਕਾਲੀ ਵਰਕਰ ਜਖਮੀ ਵੀ ਹੋ ਗਏ| ਇਸ ਦੌਰਾਨ ਰੈਲੀ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਪਲੀਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲੀਸ ਇਹਨਾਂ ਸਾਰਿਆਂ ਨੁੰ ਆਪਣੇ ਨਾਲ ਥਾਣੇ ਲੈ ਗਈ| 
ਦੋ ਹਫਤੇ ਪਹਿਲਾਂ ਤਕ ਪੂਰੇ ਜੋਰ ਸ਼ੋਰ ਨਾਲ ਕਿਸਾਨ ਆਰਬਡੀਨੈਂਸਾਂ ਦਾ ਸਮਰਥਨ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਜਦੋਂ ਆਪਣੇ ਪੁਰਾਣੇ ਰੁੱਖ ਤੋਂ ਪਲਟੀ ਮਾਰਦਿਆਂ ਇਹਨਾਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਦਿਆਂ ਪਾਰਲੀਮੈਂਟ ਵਿੱਚ ਇਹ ਤਕ ਕਹਿ ਦਿੱਤਾ ਗਿਆ ਸੀ ਕਿ ਕੇਂਦਰ ਸਰਕਾਰ ਵਲੋਂ ਇਹ ਆਰਡੀਨੈਂਸ ਪਾਸ ਕਰਨ ਵੇਲੇ ਅਕਾਲੀ ਦਲ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਉਦੋਂ ਕਈ ਵਿਅਕਤੀਆਂ ਨੂੰ ਬਹੁਤ ਹੈਰਾਨੀ ਹੋਈ ਸੀ ਕਿ ਅਕਾਲੀ ਦਲ ਵਲੋਂ ਅਚਾਨਕ ਆਪਣੇ ਪੁਰਾਣੈ ਸਟੈਂਡ ਤੋਂ ਪਲਟੀ ਕਿਉਂ ਮਾਰੀ ਗਈ ਹੈ ਪਰੰਤੂ ਸਿਆਸੀ ਮਾਹਿਰਾਂ ਵਲੋਂ ਕਿਹਾ ਗਿਆ ਸੀ ਕਿ ਅਕਾਲੀ ਦਲ ਵਲੋਂ ਆਪਣੇ ਹੱਥਾਂ ਵਿੱਚੋਂ ਖੁਰ ਚੁੱਕੇ ਪੇਂਡੂ ਵੋਟ ਨੂੰ ਸਾਂਭਣ ਦੀ ਇੱਕ ਨਵੀਂ ਕੋਸ਼ਿਸ਼ ਹੈ ਅਤੇ ਅਜਿਹਾ ਹੀ ਲੱਗ ਵੀ ਰਿਹਾ ਹੈ| ਸੁਖਬੀਰ ਬਾਦਲ ਵਲੋਂ ਪਾਰਲੀਮੈਂਟ ਵਿੱਚ ਖੇਤੀ ਬਿਲਾਂ ਦਾ ਵਿਰੋਧ ਕਰਨ ਤੋਂ ਬਾਅਦ ਤੇਜੀ ਨਾਲ ਬਦਲੇ ਘਟਨਾ ਚੱਕਰ ਦੌਰਾਨ ਪਹਿਲਾਂ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਫਿਰ ਅਕਾਲੀ ਦਲ ਵਲੋਂ ਐਨ ਡੀ ਏ ਨਾਲ ਨਾਤਾ ਤੋੜਣ ਦੀ ਕਾਰਵਾਈ ਨੇ ਇਹ ਜਾਹਿਰ ਕਰ ਦਿੱਤਾ ਕਿ ਅਕਾਲੀ ਦਲ ਪੇਂਡੂ           ਖੇਤਰਾਂ ਵਿਚਲੇ ਆਪਣੇ ਵੋਟ ਬੈਂਕ ਨੂੰ ਮੁੜ ਹਾਸਿਲ ਕਰਨ ਲਈ ਕਿਸਾਨਾਂ ਦੀ ਗੱਲ ਕਰ ਰਿਹਾ ਹੈ ਅਤੇ ਇਹ ਸਾਰਾ ਕੁੱਝ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ| ਆਪਣੀ ਇਹ ਖਾਹਿਸ਼ ਨੂੰ ਅੱਗੇ ਵਧਾਉਂਦਿਆ ਅਕਾਲੀ ਦਲ ਵਲੋਂ ਬੀਤੇ ਕੱਲ ਤਿੰਨ ਤਖਤਾਂ ਤੋਂ ਕੱਢੇ ਗਏ ਕਿਸਾਨ ਰੋਸ ਮਾਰਚਾਂ ਵਿੱਚ ਭਾਵੇਂ ਕਿਸਾਨਾਂ ਦੀ ਹਾਜਰੀ ਬਹੁਤ ਘੱਟ ਰਹੀ ਪਰੰਤੂ ਫਿਰ ਵੀ ਅਕਾਲੀ ਦਲ ਦਾ ਇਹ ਰੋਸ ਮਾਰਚ ਕਾਫੀ ਪ੍ਰਭਾਵੀ ਰਿਹਾ ਹੈ| ਇਸ ਦੌਰਾਨ ਕੁੱਝ ਥਾਵਾਂ ਤੇ ਤਾਂ ਕਿਸਾਨਾਂ ਵਲੋਂ ਇਸ ਮਾਰਚ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਪਰੰਤੂ ਅਕਾਲੀ ਦਲ  ਦੇ ਆਗੂ ਮਾਰਚ ਵਿੱਚ ਆਪਣੀ ਆਸ ਤੋਂ ਕਿਤੈ ਵੱਧ ਜੁਟੀ ਭੀੜ ਨਾਲ ਹੌਂਸਲੇ ਵਿੱਚ ਦਿਖ ਰਹੇ ਹਨ| 
ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾ ਮੌਕੇ ਅਕਾਲੀ ਦਲ ਨੂੰ ਬਰਗਾੜੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ  ਜਿਹੜਾ ਸਿਆਸੀ ਨੁਕਸਾਨ ਸਹਿਣਾ ਪਿਆ ਸੀ ਉਸਨੂੰ ਮੁੱਖ ਰੱਖਦਿਆਂ ਹੁਣ ਅਕਾਲੀ ਦਲ ਕੋਈ ਵੀ ਰਿਸਕ ਲੈਣ ਲਈ ਤਿਆਰ ਨਹੀਂ ਦਿਖ ਰਿਹਾ ਅਤੇ ਆਪਣੇ ਹੱਥਾਂ ਵਿੱਚੋਂ ਖਿਸਕ ਚੁਕੀ ਸਿਆਸੀ ਤਾਕਤ ਨੂੰ ਮੁੜ ਹਾਸਿਲ ਕਰਨ ਲਈ ਉਹ ਕਿਸਾਨਾਂ ਦੀ ਭਲਾਈ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਹਵਾ ਦੇ ਰਿਹਾ ਹੈ| ਇਹ ਕਿਸਾਨ ਮਾਰਚ ਵੀ ਇਸੇ ਰਣਨੀਤੀ ਦਾ ਹਿੱਸਾ ਹਨ| ਇਹਨਾਂ ਰੋਸ ਮਾਰਚਾਂ ਵਿੱਚ ਜੁਟੀ ਭੀੜ ਨਾਲ ਜੋਸ਼ ਵਿੱਚ ਆਏ ਅਕਾਲੀ ਦਲ ਵਲੋਂ ਆਉਣ ਵਾਲੇ ਦਿਨਾਂ ਦੌਰਾਨ ਖੇਤੀ ਬਿਲਾਂ ਦੇ ਖਿਲਾਫ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਣਾ ਹੈ ਤਾਂ ਜੋ ਉਹ ਆਪਣੀ ਖੁਰਚੁਕੀ ਸਿਆਸੀ ਜਮੀਨ ਮੁੜ ਹਾਸਿਲ ਕਰ ਸਕੇ ਅਤੇ ਵੇਖਣਾ ਇਹ ਹੈ ਕਿ ਅਕਾਲੀ ਦਲ ਦੀ ਇਹ ਮੁਹਿੰਮ ਕਿਸ ਹੱਦ ਤਕ ਕਾਮਯਾਬ ਰਹਿੰਦੀ ਹੈ|

Leave a Reply

Your email address will not be published. Required fields are marked *