ਖ਼ਾਲਸਾਈ ਸੱਭਿਆਚਾਰਕ ਉਤਸਵ ਕਰਵਾਏ ਜਾਣਗੇ : ਪ੍ਰੋ. ਬਡੂੰਗਰ

ਚੰਡੀਗੜ੍ਹ, 18 ਫਰਵਰੀ (ਸ.ਬ.) ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਉਚੇਰੀ ਵਿਦਿਆ ਦੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਮਿਤੀ 21 ਅਤੇ 22 ਮਾਰਚ, 2017 ਨੂੰ ਖਾਲਸਾ ਕਾਲਜ, ਗੜ੍ਹਦੀਵਾਲਾ (ਹੁਸ਼ਿਆਰਪੁਰ) ਵਿਖੇ ਖ਼ਾਲਸਾਈ ਸੱਭਿਆਚਾਰਕ ਉਤਸਵ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ| ਇਸ ਸਬੰਧੀ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਮੀਟਿੰਗ ਕਰਦੇ ਹੋਏ ਪ੍ਰੋ. ਬੰਡੂਗਰ ਨੇ ਕਿਹਾ ਕਿ ਅੱਜ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਅਸੀਂ ਆਪਣੇ ਨੌਜਵਾਨ ਵਿਦਿਆਰਥੀਆਂ ਨੂੰ ਆਪਣੇ ਗੌਰਵਮਈ ਅਤੇ ਸ਼ਾਨਾਮੱਤੇ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜੀਏ| ਉਨ੍ਹਾਂ ਕਿਹਾ ਕਿ ਇਸ ਉਤਸਵ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀਆਂ ਸਾਰੀਆਂ ਉਚੇਰੀ ਵਿਦਿਆ ਸੰਸਥਾਵਾਂ ਦੇ 1000 ਤੋਂ ਵਧੇਰੇ ਵਿਦਿਆਰਥੀ ਵੱਖ ਵੱਖ ਵੰਨਗੀਆਂ ਵਿਚ ਹਿੱਸਾ ਲੈਣਗੇ|
ਪ੍ਰੋ. ਬੰਡੂਗਰ ਨੇ ਸਮਾਗਮ ਦੇ ਮਨੋਰਥ ਉੱਪਰ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮਨੋਰਥ ਨੌਜਵਾਨ ਵਿਦਿਆਰਥੀਆਂ ਵਿਚ ਪਾਈ ਜਾ ਰਹੀ ਉਦਾਸੀਨਤਾ ਨੂੰ ਦੂਰ ਕਰਕੇ ਉਨ੍ਹਾਂ ਵਿਚ ਆਪਣੀਆਂ ਮਹਾਨ ਪ੍ਰੰਪਰਾਵਾਂ, ਕਦਰਾਂ ਕੀਮਤਾਂ ਅਤੇ ਸੱਭਿਆਚਾਰਕ ਖੂਬਸੂਰਤੀ ਪ੍ਰਤੀ ਚੇਤੰਨਤਾ ਅਤੇ ਜਾਗਰੂਕਤਾ ਪੈਦਾ ਕਰਨਾ ਹੈ| ਉਨ੍ਹਾਂ ਦੱਸਿਆ ਕਿ ਇਸ ਉਤਸਵ ਦੌਰਾਨ ਵਿਦਿਆਰਥੀਆਂ ਦੇ ਵਾਰ ਗਾਇਨ, ਕਵੀਸ਼ਰੀ ਗਾਇਨ, ਧਾਰਮਿਕ ਕਲੀ, ਧਾਰਮਿਕ ਗੀਤ, ਧਾਰਮਿਕ ਕਵਿਤਾ, ਗਰੁੱਪ ਸ਼ਬਦ, ਤਬਲਾ ਵਾਦਨ, ਤੰਤੀ ਸਾਜ ਵਾਦਨ, ਕੋਮਲ ਕਲਾਵਾਂ, ਦਸਤਾਰ ਅਤੇ ਦੁਮਾਲਾ ਸਜਾਉਣ, ਸ਼ੁੱਧ ਗੁਰਬਾਣੀ ਉਚਾਰਨ, ਗੁਰਬਾਣੀ ਕੰਠ, ਧਾਰਮਿਕ/ਇਤਿਹਾਸਕ ਨਾਟਕ, ਨਿਬੰਧ ਲੇਖਣ, ਸਲੋਗਨ ਲੇਖਣ ਅਤੇ ਧਾਰਮਿਕ ਕੁਇੱਜ਼ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੱਖ ਵੱਖ ਇਨਾਮ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ                 ਕਮੇਟੀ ਦੇ ਡਾਇਰੈਕਟਰ ਐਜੂਕੇਸ਼ਨ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਸਥਾਰ ਸਹਿਤ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਉੱਪਰ ਚਾਨਣਾ ਪਾਇਆ|  ਇਸ ਮੀਟਿੰਗ ਵਿਚ ਮੁੱਖ ਸਕੱਤਰ ਸ. ਹਰਚਰਨ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਸਤਵਿੰਦਰ ਸਿੰਘ ਢਿਲੋਂ, ਮੇਜਰ ਜਨਰਲ ਗੁਰਚਰਨ ਸਿੰਘ ਲਾਂਬਾ, ਡਾ. ਜਤਿੰਦਰ ਸਿੰਘ ਸਿੱਧੂ, ਡਾ. ਹਰਬੰਸ ਕੌਰ, ਡਾ. ਰਮਨਜੀਤ ਕੌਰ ਅਤੇ ਪ੍ਰੋ. ਪ੍ਰਭਜੀਤ ਸਿੰਘ ਵੀ ਹਾਜ਼ਰ ਸਨ|

Leave a Reply

Your email address will not be published. Required fields are marked *