ਜ਼ਿਲਿ੍ਹਆਂ ਦੇ ਨੌਜਵਾਨਾਂ ਵਾਸਤੇ ਫੌਜ ਵਿੱਚ ਭਰਤੀ ਰੈਲੀ 7 ਤੋਂ 26 ਫਰਵਰੀ ਤੱਕ


ਪਟਿਆਲਾ, 22 ਦਸੰਬਰ (ਸ.ਬ.) ਫੌਜ ਦੇ ਆਰਮੀ ਭਰਤੀ ਦਫਤਰ, ਪਟਿਆਲਾ ਵੱਲੋਂ ਭਾਰਤੀ ਫੌਜ ਵਿੱਚ ਵੱਖ-ਵੱਖ ਵਰਗਾਂ ਦੀ ਭਰਤੀ 7 ਤੋਂ 26 ਫਰਵਰੀ 2021 ਤੱਕ ਕਰਵਾਈ ਜਾ ਰਹੀ ਹੈ। ਇਸ ਭਰਤੀ ਵਿੱਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਆਰਮੀ ਭਰਤੀ ਕਰਨਲ ਆਰ. ਆਰ. ਚੰਦੇਲ ਨੇ ਦੱਸਿਆ ਕਿ ਪਟਿਆਲਾ-ਸੰਗਰੂਰ ਰੋਡ ਤੇ ਸਥਿਤ ਫਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕਨੀਕੀ, ਸਿਪਾਹੀ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ (ਐਸ.ਕੇ.ਟੀ.) ਅਤੇ ਸਿਪਾਹੀ ਤਕਨੀਕੀ (ਐਨ.ਏ.) ਦੀ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਪਹਿਲਾਂ ਤੋਂ ਰਜਿਸਟਰਡ ਨੌਜਵਾਨ ਹੀ ਹਿੱਸਾ ਲੈ ਸਕਣਗੇ ਅਤੇ ਇਨ੍ਹਾਂ ਨੂੰ 18 ਤੋਂ 31 ਜਨਵਰੀ 2021 ਦਰਮਿਆਨ ਐਡਮਿਟ ਕਾਰਡ ਉਮੀਦਵਾਰ ਦੇ ਰਜਿਸਟਰਡ ਈ-ਮੇਲ ਤੇ ਭੇਜੇ ਜਾਣਗੇ। ਜੇਕਰ ਕਿਸੇ ਉਮੀਦਵਾਰ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਆਰਮੀ ਭਰਤੀ ਦਫ਼ਤਰ ਪਟਿਆਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਸੰਪਰਕ ਕਰ ਸਕਦੇ ਹਨ।
ਭਰਤੀ ਡਾਇਰੈਕਟਰ ਨੇ ਦੱਸਿਆ ਕਿ ਭਰਤੀ ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਕੋਵਿਡ-19 ਸਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਇਸ ਸਬੰਧੀ ਦੋ ਫਾਰਮ ਭਰਕੇ ਦੇਣੇ ਹੋਣਗੇ।
ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਹਰੇਕ ਉਮੀਦਵਾਰ ਕੋਲ ਮਾਸਕ, ਦਸਤਾਨੇ ਅਤੇ ਆਪਣਾ ਸੈਨੇਟਾਈਜ਼ਰ ਹੋਣਾ ਲਾਜ਼ਮੀ ਹੈ। ਕਰਨਲ ਚੰਦੇਲ ਨੇ ਦੱਸਿਆ ਕਿ ਆਰਮੀ ਵਿੱਚ ਭਰਤੀ ਬਿਲਕੁਲ ਮੁਫ਼ਤ ਅਤੇ ਕੇਵਲ ਮੈਰਿਟ ਤੇ ਕੀਤੀ ਹੀ ਜਾਂਦੀ ਹੈ, ਇਸ ਲਈ ਉਮੀਦਵਾਰ ਇਸ ਭਰਤੀ ਲਈ ਕਿਸੇ ਨੂੰ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ ਅਤੇ ਕਿਸੇ ਵੀ ਤਰ੍ਹਾਂ ਦੇ ਟਾਊਟਾਂ ਤੋਂ ਸਾਵਧਾਨ ਰਹਿਣ।

Leave a Reply

Your email address will not be published. Required fields are marked *