ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਵਿੱਚ ਤੰਬਾਕੂ ਪਦਾਰਥਾਂ ਸਮੇਤ ਦਾਖਲੇ ਤੇ ਰੋਕ

ਐਸ.ਏ.ਐਸ.ਨਗਰ, 9 ਜਨਵਰੀ (ਸ.ਬ.) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਦੀ ਇਮਾਰਤ ਦੇ ਦਾਖਲਾ ਪੁਆਇੰਟਾਂ ਤੇ ਤੰਬਾਕੂ ਡਰਾਪ ਬਾਕਸ ਲਗਾਏ ਗਏ ਹਨ ਅਤੇ ਹੁਣ ਕੋਈ ਵੀ ਵਿਅਕਤੀ ਜਿਸ ਕੋਲ ਤੰਬਾਕੂ ਪਦਾਰਥ ਹੋਣਗੇ, ਨਾਲ ਲੈ ਕੇ ਇਮਾਰਤ ਵਿੱਚ ਦਾਖਲ ਨਹੀਂ ਹੋ ਸਕੇਗਾ| ਉਸ ਨੂੰ ਤੰਬਾਕੂ ਪਦਾਰਥ ਡਰਾਪ ਬਾਕਸ ਵਿੱਚ ਰੱਖਣੇ ਪੈਣਗੇ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲ ਕਦਮੀ ਕਰਦਿਆਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਾਰੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਜਿਲ੍ਹਾ ਪ੍ਰਬੰਧਕੀ ਕਾਂਪਲੈਕਸ ਤੋਂ ਕੀਤੀ ਗਈ ਹੈ| ਉਹਨਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਪਹਿਲਾਂ ਹੀ ਤੰਬਾਕੂ ਮੁਕਤ ਜ਼ਿਲ੍ਹਾ ਐਲਾਨਿਆ ਹੋਇਆ ਹੈ|
ਉਨ੍ਹਾਂ ਦੱਸਿਆ ਕਿ ਸਾਡੇ ਮੁਲਕ ਵਿੱਚ ਹਰ ਸਾਲ ਤੰਬਾਕੂ ਦੇ ਸੇਵਨ ਨਾਲ 10 ਲੱਖ ਦੇ ਕਰੀਬ ਲੋਕ ਮਾਰੇ ਜਾਂਦੇ ਹਨ, ਜੋ ਕਿ ਸਾਡੇ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ| ਉਨ੍ਹਾਂ ਦੱਸਿਆ ਕਿ ਤੰਬਾਕੂ ਦੇ ਸੇਵਨ ਕਰਨ ਨਾਲ ਜਿੱਥੇ ਕੈਂਸਰ, ਟੀ.ਬੀ. ਆਦਿ ਵਰਗੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਹਨ, ਉੱਥੇ ਸਾਡਾ ਵਾਤਾਵਰਨ ਵੀ ਪਲੀਤ ਹੁੰਦਾ ਹੈ| ਉਨ੍ਹਾਂ ਦੱਸਿਆ ਕਿ ਸਿਗਰਟ ਨੋਸ਼ੀ ਕਰਨ ਵਾਲਾ ਵਿਅਕਤੀ ਨਾਲ ਖੜ੍ਹੇ ਵਿਅਕਤੀ ਦੀ ਸਿਹਤ ਤੇ ਵੀ ਮਾੜਾ ਅਸਰ ਪਾਉਂਦਾ ਹੈ ਅਤੇ ਸਿਗਰਟ ਨੋਸ਼ੀ ਦੇ ਧੂੰਏ ਨਾਲ ਬੱਚਿਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ| ਸ੍ਰੀ ਸ਼ਰਮਾ ਨੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਿਸੇ ਵੀ ਪ੍ਰਕਾਰ ਦੇ ਨਸ਼ਿਆਂ ਦੇ ਨਾਲ-ਨਾਲ ਤੰਬਾਕੂ ਪਦਾਰਥਾਂ ਦੀ ਵੀ ਬਿਲਕੁਲ ਵਰਤੋਂ ਨਾ ਕਰਨ ਸਗੋਂ ਨਿਰੋਏ ਸਮਾਜ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਉਣ| ਇਸ ਮੌਕੇ ਜ਼ਿਲ੍ਹਾ ਕੰਸਲਟੈਂਟ, ਤੰਬਾਕੂ ਕੰਟਰੋਲ ਡਾ. ਰੁਪਿੰਦਰ ਕੌਰ, ਸਟੇਟ ਪ੍ਰੋਗਰਾਮ ਮੈਨੇਜਰ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਡਾ. ਆਸਥਾ ਬਾਗਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *