ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਜਾਂਚ ਦੇ ਆਧਾਰ ਤੇ ਖਰੜ ਸਥਿਤ ਡਾ.ਸਿੱਧੂ ਨਸ਼ਾ ਛੁਡਾਊ ਕੇਂਦਰ ਦਾ ਲਾਇਸੈਂਸ ਰੱਦ

ਐਸ.ਏ.ਐਸ.ਨਗਰ, 25 ਅਗਸਤ (ਸ.ਬ.) ਜ਼ਿਲ੍ਹੇ ਵਿਚਲੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਪਿਛਲੇ ਮਹੀਨੇ ਕੀਤੀ ਗਈ ਚੈਕਿੰਗ ਦੌਰਾਨ ਖਰੜ ਸਥਿਤ ਡਾ. ਸਿੱਧੂ ਨਸ਼ਾ-ਛੁਡਾਊ ਕੇਂਦਰ ਵਿੱਚ ਗੰਭੀਰ ਊਣਤਾਈਆਂ ਸਾਹਮਣੇ ਆਉਣ ਦੀ ਰਿਪੋਰਟ ਦੇ ਆਧਾਰ ਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਇਸ ਨਸ਼ਾ ਛੁਡਾਊ ਕੇਂਦਰ ਦੇ ‘ਸਬਸਟਾਂਸ ਯੂਜ਼ ਡਿਸਆਰਡਰ ਟਰੀਟਮੈਂਟ ਸੈਂਟਰ’ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ| ਇਹ ਨਸ਼ਾ ਛਡਾਊ ਕੇਂਦਰ ਗਾਰਡਨ ਕਲੋਨੀ, ਖਰੜ ਦੇ ਮਕਾਨ ਨੰਬਰ-897 ਵਿਖੇ ਚੱਲਦਾ ਸੀ|
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਨੂੰ ਮਰੀਜ਼ਾਂ ਦਾ ਮੁਕੰਮਲ ਰਿਕਾਰਡ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ, ਜਿਸ ਵਿਚ ਇਹ ਰਿਕਾਰਡ ਰੱਖਣਾ ਵੀ ਜ਼ਰੂਰੀ ਹੈ ਕਿ ਮਰੀਜ਼ ਕਦੋਂ ਦਾਖਲ ਹੋਇਆ ਅਤੇ ਕਦੋਂ ਇਲਾਜ ਉਪਰੰਤ ਵਾਪਸ ਗਿਆ| ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਮਰੀਜ਼ ਨਸ਼ਾ ਅਤੇ ਮੁੜ ਵਸੇਬਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਅਤੇ ਮੁੜ-ਵਸੇਬੇ ਲਈ ਆਉਂਦੇ ਹਨ, ਉਨ੍ਹਾਂ ਦੇ ਮਾਤਾ-ਪਿਤਾ ਦੀ ਕਾਊਂਸਲਿੰਗ ਵੀ ਜ਼ਰੂਰੀ ਹੈ| ਉਨ੍ਹਾਂ ਨੇ ਨਸ਼ੇ ਦੇ ਮਰੀਜ਼ਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਹੜੇ ਵੀ ਨਸ਼ੇ ਦੇ ਮਰੀਜ਼, ਨਸ਼ਾ ਤਿਆਗ ਕੇ ਘਰ ਜਾਂਦੇ ਹਨ, ਉਨ੍ਹਾਂ ਲਈ ਮੋਹ ਭਰਿਆ ਰਵੱਈਆ ਅਪਣਾਇਆ ਜਾਵੇ ਤਾਂ ਜੋ ਉਹ ਮੁੜ ਆਪਣੀ ਜ਼ਿੰਦਗੀ ਇੱਕ ਚੰਗੇ ਨਾਗਰਿਕ ਵਾਂਗ ਬਸਰ ਕਰ ਸਕਣ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਨੂੰ ਪੰਜਾਬ ਸਬਸਟਾਂਸ ਯੂਜ਼ ਡਿਸਆਰਡਰ ਟਰੀਟਮੈਂਟ ਐਂਡ ਰਿਹੈਬਲਿਟੇਸ਼ਨ ਐਂਡ ਕਾਊਸਲਿੰਗ ਸੈਂਟਰ ਰੂਲਜ਼ 2011 ਅਤੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਚਲਾਉਣ ਸਬੰਧੀ ਦਿੱਤੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ|

Leave a Reply

Your email address will not be published. Required fields are marked *