ਜ਼ਿਲ੍ਹਾ ਮੈਜਿਸਟਰੇਟ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੇਜ਼ 1 ਅਤੇ 2 ਸਥਿਤ ਦਫਤਰਾਂ ਦੇ ਆਸ ਪਾਸ ਦੇ ਇਲਾਕੇ ਵਿਚ ਧਰਨੇ/ਰੈਲੀਆਂ ਕਰਨ ਤੇ ਪੂਰਨ ਪਾਬੰਦੀ

ਐਸ.ਏ.ਐਸ. ਨਗਰ , 6 ਸਤੰਬਰ (ਸ.ਬ.) ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਆਈ. ਏ. ਐਸ. ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫੌਜਦਾਰੀ ਜਾਬਤਾ ਸੰਘਤਾ1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਫੇਜ 1 ਅਤੇ 2 ਵਿਖੇ ਸਥਿਤ ਦਫਤਰਾਂ ਦੇ ਆਸ ਪਾਸ ਦੇ ਇਲਾਕੇ ਵਿਚ ਧਰਨੇ/ਰੈਲੀਆਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ| ਜ਼ਿਲ੍ਹਾ ਮੈਜਿਸਟਰੇਟ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-3 ਦੇ ਕਾਰਜਕਾਰੀ ਇੰਜੀਨੀਅਰਿੰਗ ਨੇ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਕਰਮਚਾਰੀ ਯੂਨੀਅਨ ਅਤੇ ਹੋਰ ਕਈ ਯੂਨੀਅਨਾਂ ਵਲੋਂ ਆਮ ਤੌਰ ਤੇ ਵਾਰ ਵਾਰ 1 ਅਤੇ 2 ਫੇਜ਼ ਵਿਚ ਇਨ੍ਹਾਂ ਵਿਭਾਗਾਂ ਦੇ ਦਫਤਰਾਂ ਅੱਗੇ ਅਤੇ ਨੇੜੇ ਧਰਨੇ ਤੇ ਮੁਜ਼ਾਹਰੇ ਕੀਤੇ ਜਾਂਦੇ ਹਨ| ਅਜਿਹਾ ਕਰਨ ਨਾਲ ਦਫਤਰਾਂ ਵਿਚ ਕੰਮ ਕਰਦੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਦਫਤਰ ਵਿਚ ਆਉਣ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ| ਇਸ ਤੋਂ ਇਲਾਵਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋ ਸਕਦੀ ਹੈ| ਇਸ ਸਾਰੀ ਸਥਿਤੀ ਦੇ ਮੱਦੇ ਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਦੀ ਸਖਤ ਜ਼ਰੂਰਤ ਹੈ| ਇਸ ਲਈ ਪਾਬੰਦੀ ਦੇ ਹੁਕਮ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਲਗਾਏ ਗਏ ਹਨ ਅਤੇ ਇਹ ਹੁਕਮ 28 ਅਕਤੂਬਰ 2018 ਤਕ ਲਾਗੂ ਰਹਿਣਗੇ|

Leave a Reply

Your email address will not be published. Required fields are marked *