ਜ਼ਿਲ੍ਹਾ ਹਸਪਤਾਲ ਵਿਚ ਮਨਾਇਆ ਗਿਆ ਵਿਸ਼ਵ ਹਾਈਪਰਟੈਂਸ਼ਨ ਦਿਵਸ

ਐਸ. ਏ. ਐਸ. ਨਗਰ, 22 ਮਈ (ਸ.ਬ.) ‘ਹਾਈ ਬਲੱਡ ਪ੍ਰੈਸ਼ਰ ਨੂੰ ਆਮ ਤੌਰ ਤੇ ‘ਸਾਈਲੈਂਟ ਕਿਲਰ’ ਕਿਹਾ ਜਾਂਦਾ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ| ਇਹ ਬਿਮਾਰੀ ਬਹੁਤ ਖਤਰਨਾਕ ਹੈ, ਇਸ ਲਈ ਅਕਸਰ ਬੀ. ਪੀ. ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ|’ ਇਹ ਗੱਲ ਜ਼ਿਲ੍ਹਾ ਪਰਿਵਾਰ ਨਿਯੋਜਨ ਅਫ਼ਸਰ ਡਾ. ਰੁਪਿੰਦਰ ਕੌਰ ਵਾਲੀਆ ਨੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਹਸਪਤਾਲ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਸੰਬੋਧਤ ਕਰਦਿਆਂ ਕਹੀ| ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਨੂੰ ਆਮ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ| ਬੀ.ਪੀ. ਵਧਣਾ ਜਾਂ ਘਟਣਾ ਦੋਹਾਂ ਹਾਲਤਾਂ ਵਿਚ ਸਿਹਤ ਲਈ ਠੀਕ ਨਹੀਂ| ਉਨ੍ਹਾਂ ਕਿਹਾ ਕਿ ਹਾਈ ਬੀ.ਪੀ. ਦੀ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ| ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਵਡੇਰੀ ਉਮਰ ਦੇ ਵਿਅਕਤੀਆਂ ਨੂੰ ਹੀ ਹੁੰਦੀ ਸੀ ਪਰ ਅੱਜਕਲ ਨੌਜਵਾਨ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ| ਹਾਈ ਬੀ.ਪੀ. ਦੇ ਆਮ ਕਾਰਨਾਂ ਵਿਚ ਤਣਾਅ, ਜ਼ਿਆਦਾ ਉਮਰ, ਮੋਟਾਪਾ, ਪਰਿਵਾਰਕ ਹਿਸਟਰੀ, ਲੂਣ ਦੀ ਜ਼ਿਆਦਾ ਵਰਤੋਂ, ਸ਼ਰਾਬਖ਼ੋਰੀ, ਤੰਬਾਕੂਨੋਸ਼ੀ, ਜ਼ਿਆਦਾ ਫੈਟ ਵਾਲੀ ਖ਼ੁਰਾਕ, ਸ਼ੂਗਰ ਦੀ ਬਿਮਾਰੀ, ਸਰੀਰਕ ਕਸਰਤ ਨਾ ਕਰਨਾ ਆਦਿ ਸ਼ਾਮਲ ਹਨ|
ਇਸ ਮੌਕੇ ਬੋਲਦਿਆਂ ਮੈਡੀਸਨ ਦੇ ਡਾਕਟਰ ਭਾਰਤ ਭੂਸ਼ਣ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੀ.ਪੀ. ਦੀ ਸਮੱਸਿਆ ਮੁੱਖ ਤੌਰ ਤੇ ਸਾਡੀ ਜੀਵਨਸ਼ੈਲੀ ਨਾਲ ਜੁੜੀ ਹੋਈ ਹੈ| ਨਿੱਤ ਦੀ ਨੱਠ-ਭੱਜ ਵਿਚ ਜਦੋਂ ਅਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਭੁੱਲ ਜਾਂਦੇ ਹਾਂ ਜਾਂ ਅਣਗਹਿਲੀ ਕਰਦੇ ਹਾਂ ਤਾਂ ਅਜਿਹੀਆਂ ਬਿਮਾਰੀਆਂ ਨਾਲ ਉਲਝਣਾ ਪੈਂਦਾ ਹੈ| ਆਪਣੀਆਂ ਆਦਤਾਂ ਸੁਧਾਰ ਲੈਣ ਨਾਲ ਅਜਿਹੀਆਂ ਬਿਮਾਰੀਆਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਹਾਈ ਬੀ.ਪੀ. ਦੇ ਆਮ ਲੱਛਣਾਂ ਵਿਚ ਭਿਆਨਕ ਸਿਰਦਰਦ, ਥਕੇਵਾਂ, ਬਹੁਤ ਘਬਰਾਹਟ ਜਾਂ ਚਿੰਤਾ ਹੋਣਾ, ਨਜ਼ਰ ਦੀ ਸਮੱਸਿਆ, ਛਾਤੀ ਵਿਚ ਦਰਦ, ਸਾਹ ਲੈਣ ਵਿਚ ਤਕਲੀਫ਼, ਨੀਂਦ ਨਾ ਆਉਣਾ ਆਦਿ ਸ਼ਾਮਲ ਹਨ|
ਉਨ੍ਹਾਂ ਦਸਿਆ ਕਿ ਹਾਈ ਬੀ.ਪੀ. ਕਾਰਨ ਦਿਲ, ਦਿਮਾਗ਼, ਗੁਰਦੇ, ਅੱਖਾਂ ਆਦਿ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਇਸ ਤੋਂ ਬਚਣ ਦਾ ਸੁਖਾਲਾ ਤਰੀਕਾ ਇਹ ਹੈ ਕਿ ਰੋਜ਼ਾਨਾ ਸੈਰ ਅਤੇ ਕਸਰਤ ਕੀਤੀ ਜਾਵੇ, ਕਿਸੇ ਵੀ ਹਾਲਤ ਵਿਚ ਵਜ਼ਨ ਨਾ ਵਧਣ ਦਿੱਤਾ ਜਾਵੇ ਅਤੇ ਜੇ ਵਜ਼ਨ ਵੱਧ ਹੈ ਤਾਂ ਘਟਾਇਆ ਜਾਵੇ| ਲੂਣ ਦੀ ਖਪਤ ਘਟਾਈ ਜਾਵੇ| ਜਿੰਨਾ ਹੋ ਸਕੇ, ਸ਼ਰਾਬ ਅਤੇ ਤੰਬਾਕੂ ਤੋਂ ਬਚਿਆ ਜਾਵੇ| ਉਹਨਾਂ ਕਿਹਾ ਕਿ ਸਭ ਤੋਂ ਅਹਿਮ ਚੀਜ਼ ਹੈ ਖ਼ੁਸ਼ ਰਹਿਣਾ ਕਿਉਂਕਿ ਖ਼ੁਸ਼ ਰਹਿਣ ਨਾਲ ਕਈ ਬਿਮਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ| ਇਸ ਮੌਕੇ ਡਾ. ਰਾਖੀ ਨੇ ਬੀ.ਪੀ. ਨੂੰ ਕਾਬੂ ਵਿਚ ਰੱਖਣ ਲਈ ਯੋਗਾ ਕ੍ਰਿਆਵਾਂ ਕਰਵਾਈਆਂ| ਸਮਾਗਮ ਵਿਚ ਕਾਰਜਕਾਰੀ ਸਿਵਲ ਸਰਜਨ ਡਾ. ਵੀਨਾ ਜ਼ਰੇਵਾਲ, ਐਸ.ਐਮ.ਓ. ਡਾ. ਮਨਜੀਤ ਸਿੰਘ, ਡਾ. ਆਰ.ਪੀ. ਸਿੰਘ, ਡਾ. ਰਾਖੀ, ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਗੁਰਦੀਪ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *