ਜ਼ਿਲ੍ਹੇ ਦੇ ਅਹਿਮ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਜੋਨ ਐਲਾਨਿਆ

ਜ਼ਿਲ੍ਹੇ ਦੇ ਅਹਿਮ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਜੋਨ ਐਲਾਨਿਆ
ਜ਼ਿਲ੍ਹਾ ਹਸਪਤਾਲ ਅਤੇ ਮਿਉਂਸਪਲ ਕਾਰਪੋਰੇਸ਼ਨ ਦੇ ਪ੍ਰਵੇਸ਼ ਦੁਆਰਾਂ ਤੇ ਡਰਾਪ ਬਾਕਸ ਲਗਾਏ
ਐਸ.ਏ.ਐਸ.ਨਗਰ, 30 ਨਵੰਬਰ (ਸ.ਬ.) ਜ਼ਿਲ੍ਹੇ ਦੇ ਅਹਿਮ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਐਲਾਨੇ ਜਾਣ ਮਗਰੋਂ ਜ਼ਿਲ੍ਹਾ ਹਸਪਤਾਲ ਅਤੇ ਮਿਊਂਸਪਲ ਕਾਰਪੋਰੇਸ਼ਨ ਦਫ਼ਤਰ ਦੇ ਪ੍ਰਵੇਸ਼ ਦੁਆਰ ਤੇ ਡਰਾਪ ਬਾਕਸ ਲਾਏ ਗਏ ਹਨ| ਹੁਣ ਕੋਈ ਵੀ ਵਿਅਕਤੀ ਜਿਸ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਤੰਬਾਕੂ ਪਦਾਰਥ ਹੈ, ਇਨ੍ਹਾਂ ਬਕਸਿਆਂ ਵਿੱਚ ਤੰਬਾਕੂ ਪਦਾਰਥ ਰੱਖ ਕੇ ਹੀ ਇਮਾਰਤ ਅੰਦਰ ਦਾਖਲ ਹੋ ਸਕਦਾ ਹੈ| ਇੰਝ ਨਾ ਕਰਨ ਦੀ ਹਾਲਤ ਵਿੱਚ ਉਸ ਨੂੰ ਜੁਰਮਾਨਾ ਹੋ ਸਕਦਾ ਹੈ|
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨਾਲ ਹੋਈ ਬੈਠਕ ਵਿੱਚ ਜ਼ਿਲ੍ਹੇ ਦੀਆਂ ਅਹਿਮ ਅਦਾਰਿਆਂ ਜਿਵੇਂ ਗਮਾਡਾ, ਪੂਡਾ, ਨਾਈਪਰ, ਸਿੱਖਿਆ ਬੋਰਡ ਆਦਿ ਦੀਆਂ ਇਮਾਰਤਾਂ ਨੂੰ ਤੰਬਾਕੂ ਮੁਕਤ ਜ਼ੋਨ ਬਣਾਏ ਜਾਣ ਦਾ ਫੈਸਲਾ ਹੋਇਆ ਸੀ| ਇਸੇ ਫੈਸਲੇ ਤੇ ਅਮਲ ਕਰਦਿਆਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨਾਮਕ ਗੈਰ-ਸਰਕਾਰੀ ਸੰਸਥਾ ਦੀ ਮਦਦ ਨਾਲ ਅੱਜ ਜ਼ਿਲ੍ਹਾ ਹਸਪਤਾਲ ਅਤੇ ਮਿਊਂਸਪਲ ਕਾਰਪੋਰੇਸ਼ਨ ਦੀਆਂ ਇਮਾਰਤਾਂ ਦੇ ਪ੍ਰਵੇਸ਼ ਦਵਾਰਾਂ ਤੇ ਡਰਾਪ ਬਾਕਸ ਲਾਏ ਗਏ ਹਨ|
ਇਹ ਬਕਸੇ ਲਾਉਣ ਦਾ ਮਕਸਦ ਇਹ ਹੈ ਕਿ ਜੇ ਕਿਸੇ ਵਿਅਕਤੀ ਕੋਲ ਸਿਗਰਟ, ਬੀੜੀ, ਜ਼ਰਦਾ, ਖੈਨੀ, ਪਾਨ ਮਸਾਲਾ, ਗੁਟਖ਼ਾ ਆਦਿ ਜਿਹੇ ਤੰਬਾਕੂ ਪਦਾਰਥ ਹਨ ਤਾਂ ਉਹ ਇਨ੍ਹਾਂ ਚੀਜ਼ਾਂ ਨੂੰ ਉਕਤ ਬਕਸਿਆਂ ਅੰਦਰ ਰੱਖ ਕੇ ਹੀ ਇਮਾਰਤ ਅੰਦਰ ਦਾਖ਼ਲ ਹੋ ਸਕਦਾ ਹੈ| ਉਨ੍ਹਾਂ ਦਸਿਆ ਕਿ ਇਹ ਉਪਰਾਲਾ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੀਤਾ ਗਿਆ ਹੈ| ਇਸ ਤੋਂ ਇਲਾਵਾ ਤੰਬਾਕੂ ਵਿਰੋਧੀ ਕਾਨੂੰਨ ਤਹਿਤ ਵੀ ਅਜਿਹੇ ਪਦਾਰਥਾਂ ਦੀ ਜਨਤਕ ਥਾਵਾਂ ਤੇ ਵਰਤੋਂ ਨਹੀਂ ਕੀਤੀ ਜਾ ਸਕਦੀ| ਸਿਵਲ ਸਰਜਨ ਨੇ ਦਸਿਆ ਕਿ ਬਾਕੀ ਦੀਆਂ ਇਮਾਰਤਾਂ ਵਿਚ ਵੀ ਆਉਣ ਵਾਲੇ ਦਿਨਾਂ ਅੰਦਰ ਅਜਿਹੇ ਬਕਸੇ ਲਾ ਦਿਤੇ ਜਾਣਗੇ|
ਡਾ. ਭਾਰਦਵਾਜ ਨੇ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਰਤੋਂ ਸਰੀਰ ਲਈ ਬੇਹੱਦ ਖ਼ਤਰਨਾਕ ਹੈ ਅਤੇ ਇਨ੍ਹਾਂ ਚੀਜ਼ਾਂ ਤੋਂ ਹਰ ਹਾਲਤ ਵਿਚ ਬਚਣ ਦੀ ਲੋੜ ਹੈ| ਤੰਬਾਕੂ ਸੇਵਨ ਦਾ ਸ਼ੌਕ ਹੌਲੀ-ਹੌਲੀ ਪੱਕੀ ਆਦਤ ਬਣ ਜਾਂਦਾ ਹੈ ਜਿਸ ਨੂੰ ਛਡਣਾ ਮੁਸ਼ਕਲ ਹੋ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਜੇ ਕੋਈ ਵਿਅਕਤੀ ਤੰਬਾਕੂ ਦੀ ਆਦਤ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਮੁਹਾਲੀ ਦੇ ਸੈਕਟਰ 66 ਵਿਚ ਪੈਂਦੇ ਨਸ਼ਾ ਛੁਡਾਊ ਕੇਂਦਰ ਵਿਚ ਜਾ ਕੇ ਮਾਹਰ ਡਾਕਟਰ ਨਾਲ ਸੰਪਰਕ ਕਰ ਸਕਦਾ ਹੈ ਜਿੱਥੇ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ| ਇਸ ਮੌਕੇ ਡਾ. ਆਰ.ਪੀ. ਸਿੰਘ, ਡਾ. ਰੁਪਿੰਦਰ ਕੌਰ, ਭੁਪਿੰਦਰ ਸਿੰਘ, ਰਮਨ ਸ਼ਰਮਾ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *