ਜ਼ਿਲ੍ਹੇ ਦੇ 105 ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸਵੈ ਰੱਖਿਆ ਦੀ ਸਿਖਲਾਈ ਦਿੱਤੀ: ਜ਼ਿਲ੍ਹਾ ਸਿੱਖਿਆ ਅਫਸਰ

ਐਸ.ਏ.ਐਸ. ਨਗਰ, 4 ਅਪ੍ਰੈਲ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 105 ਸਰਕਾਰੀ ਸਕੂਲਾਂ ਦੀਆਂ ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਵੈ ਰੱਖਿਆ ਦੀ ਸਿਖਲਾਈ ਦੇਣ ਲਈ 9 ਲੱਖ 45 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ. ਸ਼ਰਨਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਸਵੈ ਰੱਖਿਆ ਸਿਖਲਾਈ ਦੇਣ ਲਈ ਪ੍ਰਤੀ ਸਕੂਲ 9 ਹਜ਼ਾਰ ਰੁਪਏ ਖ਼ਰਚ ਕੀਤੇ ਗਏ| ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੂੰ ਸਵੈ ਰੱਖਿਆ ਵਿੱਚ ਪਰਪੱਕ ਬਣਾਉਣ ਦੇ ਮੰਤਵ ਲਈ ਸਕੂਲਾਂ ਵਿੱਚ 60 ਦਿਨਾਂ ਦੀ ਸਿਖਲਾਈ ਦਿੱਤੀ ਗਈ ਅਤੇ ਇਸ ਦੌਰਾਨ ਵਿਦਿਆਰਥਣਾਂ ਦੇ ਕਰਾਟੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥਣਾਂ ਨੂੰ ਨਕਦ ਇਨਾਮ ਵੰਡੇ ਗਏ| ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੂੰ ਸਵੈ ਰੱਖਿਆ ਦੀ ਸਿਖਲਾਈ ਦੇਣ ਦਾ ਮੁੱਖ ਮੰਤਵ ਇਹ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਕਿਸੇ ਵੀ ਭੈੜੇ ਅਨਸਰ ਨਾਲ ਮੁਕਾਬਲਾ ਕਰਨ ਦੇ ਸਮਰੱਥ ਹੋ ਸਕਣ|
ਉਹਨਾਂ ਦੱਸਿਆ ਕਿ ਇਸੇ ਅਭਿਆਨ ਤਹਿਤ ਦਸਵੀਂ ਦੇ 1293 ਵਿਦਿਆਰਥੀਆਂ ਨੂੰ ਸਾਇੰਸ ਅਤੇ ਹਿਸਾਬ ਵਿਸ਼ਿਆਂ ਤੇ ਵਿਸ਼ੇਸ਼ ਕੋਚਿੰਗ ਦਿੱਤੀ ਗਈ, ਜਿਸ ਲਈ 6 ਲੱਖ 46 ਹਜ਼ਾਰ 500 ਰੁਪਏ ਖਰਚੇ ਗਏ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲੀ ਸਿੱਖਿਆ ਦੀ ਬਿਹਤਰੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਅਤੇ ਦੇਸ਼ ਦਾ ਭਵਿੱਖ ਚੰਗਾ ਬਣ ਸਕੇ| ਸ. ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸਿਵਲ ਵਰਕਸ ਗਰਾਂਟ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਲਈ 51.29 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ, ਜਿਸ ਨਾਲ ਕਲਾਸ ਰੂਮ ਅਤੇ ਲੈਬਜ਼ ਬਣਾਉਣ ਦੇ ਨਾਲ ਨਾਲ ਫਰਨੀਚਰ ਵੀ ਖਰੀਦਿਆ ਜਾਣਾ ਹੈ| ਉਨ੍ਹਾਂ ਦੱÎਸਿਆ ਕਿ ਇਸ ਪ੍ਰਾਜੈਕਟ ਤਹਿਤ ਕੰਮ ਜਾਰੀ ਹੈ| ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜੂੰਆ ਲਈ 0.50 ਲੱਖ ਰੁਪਏ ਨਾਲ ਫਰਨੀਚਰ ਖਰੀਦਿਆ ਗਿਆ ਹੈ| ਇਸ ਤੋਂ ਇਲਾਵਾ 28.64 ਲੱਖ ਰੁਪਏ ਖਰਚ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿੱਚ ਦੋ ਕਲਾਸ ਰੂਮ ਅਤੇ ਦੋ ਲੈਬਜ਼ ਤਿਆਰ ਕੀਤੀਆਂ ਗਈਆਂ ਹਨ|
ਉਨ੍ਹਾਂ ਦੱਸਿਆ ਕਿ ਦਿ ਇੰਡੀਅਨ ਡਿਵੈਲਪਮੈਂਟ ਫਾਊਂਡੇਸ਼ਨ ਆਫ ਓਵਰਸੀਜ਼ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰੜੀ ਵਿੱਚ ਐਡੀਸ਼ਨਲ ਕਲਾਸ ਰੂਮ ਬਣਾਉਣ ਲਈ 6.50 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਸੀ, ਜਿਸ ਦੀ ਵਰਤੋਂ ਕਰਦਿਆਂ ਇਹ ਪ੍ਰਾਜੈਕਟ ਮੁਕੰਮਲ ਕਰ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਮਿਆਰੀ ਸਿੱਖਿਆ ਉਪਲੱਬਧ ਕਰਵਾਈ ਜਾ ਸਕੇ ਅਤੇ ਮਾਪਿਆਂ ਦਾ ਆਪਣੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਕਰਵਾਉਣ ਵਿੱਚ ਰੁਚੀ ਪੈਦਾ ਕੀਤੀ ਜਾ ਸਕੇ|

Leave a Reply

Your email address will not be published. Required fields are marked *