ਜ਼ਿਲ੍ਹੇ ਵਿਚ ਖਸਰਾ/ਰੁਬੇਲਾ ਜਿਹੀਆਂ ਜਾਨਲੇਵਾ ਬਿਮਾਰੀਆਂ ਦੇ ਖਾਤਮੇ ਲਈ 3 ਲੱਖ ਤੋਂ ਵੱਧ ਬੱਚਿਆਂ ਨੂੰ ਟੀਕੇ ਲਗਾਏ ਜਾਣਗੇ : ਸਪਰਾ

ਐਸ.ਏ.ਐਸ.ਨਗਰ 7 ਮਾਰਚ (ਸ.ਬ.) ਪੋਲੀਉ ਵਾਂਗ ਖਸਰਾ/ਰੁਬੇਲਾ ਜਿਹੀਆਂ ਜਾਨਲੇਵਾ ਬਿਮਾਰੀਆਂ ਨੂੰ ਵੀ ਜੜ੍ਹੋਂ ਖ਼ਤਮ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਵਿੱਚ ਕਰੀਬ 9 ਮਹੀਨੇ ਤੋਂ 15 ਸਾਲ ਤਕ ਦੇ 3 ਲੱਖ ਬੱਚਿਆਂ ਨੂੰ ਮੀਜਲਜ ਅਤੇ ਰੁਬੇਲਾ(ਐਮ.ਆਰ) ਦਾ ਟੀਕਾ ਲਗਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ| ਇਸ ਮੁਹਿੰਮ ਦੀ ਸਫਲਤਾ ਲਈ ਸਿਹਤ ਵਿਭਾਗ ਦੇ ਨਾਲ ਨਾਲ ਹੋਰਨਾਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ| ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ| ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ|
ਇਸ ਮੌਕੇ ਸ੍ਰੀਮਤੀ ਸਪਰਾ ਨੇ ਕਿਹਾ ਕਿ ਇਸ ਵੇਲੇ ਪੂਰੇ ਦੇਸ਼ ਵਿੱਚ ਐਮ.ਆਰ. ਮੁਹਿੰਮ ਚੱਲ ਰਹੀ ਹੈ ਅਤੇ ਪੰਜਾਬ ਵਿੱਚ ਚੌਥੇ ਪੜਾਅ ਤਹਿਤ ਅਪ੍ਰੈਲ/ਮਈ ਦੇ ਮਹੀਨੇ ਇਹ ਮੁਹਿੰਮ ਸ਼ੁਰੂ ਹੋਵੇਗੀ| ਉਨ੍ਹਾਂ ਦਸਿਆ ਕਿ ਪੰਜਾਬ ਵਿਚ 75 ਲੱਖ ਬੱਚਿਆਂ ਨੂੰ ਐਮ.ਆਰ ਦਾ ਟੀਕਾ ਲਾਉਣ ਦਾ ਟੀਚਾ ਹੈ ਅਤੇ ਜ਼ਿਲ੍ਹਾ ਮੁਹਾਲੀ ਵਿੱਚ ਤਿੰਨ ਲੱਖ ਤੋਂ ਵੱਧ ਬੱਚਿਆਂ ਨੂੰ ਇਹ ਟੀਕਾ ਲਾਇਆ ਜਾਣਾ ਹੈ| ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਪਹਿਲਾਂ ਵੀ ਟੀਕੇ ਲੱਗੇ ਚੁਕੇ ਹਨ, ਉਨ੍ਹਾਂ ਲਈ ਵੀ ਇਹ ਟੀਕਾ ਜ਼ਰੂਰੀ ਹੈ| ਸ੍ਰੀਮਤੀ ਸਪਰਾ ਨੇ ਕਿਹਾ ਕਿ ਸਿਹਤ ਕਾਮੇ ਇਹ ਟੀਕੇ ਸਕੂਲਾਂ, ਆਂਗਨਵਾੜੀ ਕੇਂਦਰਾਂ ਤੇ ਹੋਰ ਅਹਿਮ ਜਨਤਕ ਥਾਵਾਂ ਤੇ ਜਾ ਕੇ ਲਾਉਣਗੇ| ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਇਸ ਟੀਕਾ ਮੁਹਿੰਮ ਦੀ ਸਫਲਤਾ ਲਈ ਜਾਗਰੂਕਤਾ ਮੁਹਿੰਮ ਵਿੰਢਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਐਮ.ਆਰ.ਟੀਕੇ ਸਬੰਧੀ ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਕੋਈ ਵੀ ਬੱਚਾ ਖਸਰੇ/ਰੁਬੇਲਾ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਸਕੇ|
ਮੀਟਿੰਗ ਵਿੱਚ ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ, ਡਾ. ਵਿਕਰਮ ਗੁਪਤਾ, ਸਲਾਹਕਾਰ, ਵਿਸ਼ਵ ਸਿਹਤ ਸੰਗਠਨ ਸਮੇਤ ਸਿਹਤ, ਪੁਲੀਸ, ਸਿਖਿਆ, ਗਮਾਡਾ, ਸੀਡੀਪੀਓ, ਲਾਇਨਜ਼ ਕਲੱਬ ਆਦਿ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ|

Leave a Reply

Your email address will not be published. Required fields are marked *