ਜ਼ਿਲ੍ਹੇ ਵਿੱਚ ਕੁਸ਼ਟ ਰੋਗ ਦੇ ਮੁਕੰਮਲ ਖਾਤਮੇ ਲਈ ਜਾਗਰੂਕਤਾ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ :îਮਾਨ

ਐਸ.ਏ.ਐਸ.ਨਗਰ, 11 ਫਰਵਰੀ (ਸ.ਬ.) ਜ਼ਿਲ੍ਹੇ ਵਿੱਚ ਕੁਸ਼ਟ ਰੋਗ ਦੇ ਮੁਕੰਮਲ ਖਾਤਮੇ ਲਈ ਜਾਗਰੂਕਤਾ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ ਅਤੇ ਇਸ ਮੁਹਿੰਮ ਦੌਰਾਨ ਪਿੰਡ ਪੱਧਰ ਤੇ ਜਾਗਰੂਕਤਾ ਕੈਂਪ ਲਗਾਉਣ ਦੇ ਨਾਲ ਨਾਲ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਸਵੇਰ ਦੀ ਸਭਾ ਵੇਲੇ ਵਿਦਿਆਰਥੀਆਂ ਨੂੰ ਕੁਸ਼ਟ ਰੋਗ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਰੋਗ ਤੋਂ ਬਚਣ ਦੇ ਉਪਾਅ ਵੀ ਦੱਸੇ ਜਾਣ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚੇ ਜ਼ਿਲ੍ਹਾ ਲੈਪਰੋਸੀ ਸਪਰਸ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ| ਸ੍ਰੀ ਮਾਨ ਨੇ ਕਿਹਾ ਕਿ ਕੁਸ਼ਟ ਰੋਗ ਸਬੰਧੀ ਪਿੰਡਾਂ ਅਤੇ ਸਕੂਲਾਂ ਵਿੱਚ ਢੁਕਵੀਆਂ ਥਾਵਾਂ ਤੇ ਜਾਗਰੂਕਤਾ ਪੋਸਟਰ ਲਗਾਏ ਜਾਣ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਵਿਅਕਤੀ ਕੁਸ਼ਟ ਰੋਗ ਦਾ ਸ਼ਿਕਾਰ ਨਾ ਹੋਵੇ|
ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ ਕਿਉਂਕਿ ਗੰਦਗੀ ਕਾਰਨ ਹੀ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ| ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਭਾਵੇਂ ਪੰਜਾਬੀਆਂ ਵਿਚ ਘੱਟ ਦੇਖਣ ਨੂੰ ਮਿਲਦਾ ਹੈ ਪ੍ਰੰਤੂ ਇਸ ਦੇ 100 ਫੀਸਦੀ ਖਾਤਮੇ ਲਈ ਸੁਚੇਤ ਹੋਣ ਦੀ ਲੋੜ ਹੈ| ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ਼ ਮੁਫਤ ਕੀਤਾ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਵਿਚ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਹਨ|ਇਸ ਮੌਕੇ ਡਾ. ਰਿਸ਼ੂ ਸਾਰੰਗਲ ਮੈਡੀਕਲ ਅਫਸਰ (ਸਕਿੱਨ ਸਪੈਸ਼ਲਿਸਟ) ਨੇ ਕੁਸ਼ਟ ਰੋਗ ਦੇ ਲੱਛਣ ਅਤੇ ਇਲਾਜ਼ ਸਬੰਧੀ ਵੀ ਜਾਣਕਾਰੀ ਦਿੱਤੀ| ਮੀਟਿੰਗ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਸੰਤੋਸ਼ ਰਾਣੀ, ਜ਼ਿਲ੍ਹਾ ਗਾਇਡੈਂਸ ਕਾਊਂਸਲਰ ਹਰਵਿੰਦਰ ਸਿੰਘ ਖਹਿਰਾ, ਸੀਡੀਪੀਓ ਖਰੜ ਸੁਖਮਨੀਤ ਕੌਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *