ਜ਼ਿਲ੍ਹੇ ਵਿੱਚ 1 ਜਨਵਰੀ, 2018 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ 14 ਦਸੰਬਰ ਤੱਕ ਹੋਵੇਗੀ

ਐਸ.ਏ.ਐਸ. ਨਗਰ, 15 ਨਵੰਬਰ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 1 ਜਨਵਰੀ, 2018 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 14 ਦਸੰਬਰ ਤੱਕ ਕੀਤਾ ਜਾਵੇਗਾ| ਕੋਈ ਵੀ ਨੌਜਵਾਨ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਪ੍ਰੋਗਰਾਮਾਂ ਅਨੁਸਾਰ 14 ਦਸੰਬਰ 2017 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ ਫਾਇਲ ਕੀਤੇ ਜਾ ਸਕਣਗੇ| ਉਨ੍ਹਾਂ ਦੱਸਿਆ ਕਿ ਬੂਥ ਲੈਵਲ ਅਫਸਰ 18 ਨਵੰਬਰ ਤੇ 25 ਨਵੰਬਰ (ਦੋਵੇਂ ਛੁੱਟੀ ਵਾਲੇ ਦਿਨ) ਫੋਟੋ ਵੋਟਰ ਸੂਚੀ ਦੀ ਸਬੰਧਤ ਭਾਵ/ਸੈਕਸ਼ਨ, ਗ੍ਰਾਮ ਸਭਾ, ਲੋਕਲ ਬਾਡੀਜ਼ ਅਤੇ ਆਰ ਡਬਲਿਊ ਏ ਦੀ ਮੀਟਿੰਗ ਵਿਚ ਪੜ੍ਹ ਕੇ ਨਾਵਾਂ ਦੀ ਵੈਰੀਫੀਕੇਸ਼ਨ ਕਰਨਗੇ ਜਦਕਿ 19 ਅਤੇ 26 ਨਵੰਬਰ ਨੂੰ ਬੀ.ਐਲ.ਓ. ਪੋਲਿੰਗ ਬੂਥਾਂ ਤੇ ਜਾ ਕੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ| ਉਨ੍ਹਾਂ ਦੱਸਿਆ ਕਿ 3 ਜਨਵਰੀ 2018 ਨੂੰ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 13 ਜਨਵਰੀ 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ|
ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਕੰਮ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਅਤੇ ਜਿਸ ਵਿਅਕਤੀ ਦੀ ਉਮਰ 1 ਜਨਵਰੀ 2018 ਨੂੰ 18 ਸਾਲ ਦੀ ਹੋਣੀ ਹੋਵੇ ਉਨ੍ਹਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਜਸਬੀਰ ਸਿੰਘ ਨੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਅਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ| ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਬੂਥ ਲੈਵਲ ਏਜੰਟ ਨਿਯੁਕਤ ਕਰਨ ਲਈ ਵੀ ਆਖਿਆ| ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਆਪਣੇ ਆਪਣੇ ਬੂਥ ਦੇ ਬੀ.ਐਲ.ਓਜ਼ ਨੂੰ ਜਾਂ ਚੋਣਕਾਰ ਰਜਿਸ਼ਟਰੇਸ਼ਨ ਅਫਸਰ -ਕਮ-ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਦਿੱਤੇ ਜਾ ਸਕਦੇ ਹਨ| ਵੋਟ ਕਟਾਉਣ ਲਈ ਜਾਂ ਜਿਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਜਾਂ ਰਿਹਾਇਸ ਛੱਡ ਗਏ ਹਨ| ਉਹ ਫਾਰਮ ਨੰਬਰ 07 ਭਰ ਕੇ ਦੇ ਸਕਦੇ ਹਨ| ਵੋਟ ਟਰਾਂਸਫਰ ਕਰਾਉਣ ਲਈ ਫਾਰਮ ਨੰਬਰ 8ਏ ਭਰ ਕੇ ਦਿੱਤਾ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਸਮੂਹ ਬੀ.ਐਲ.ਓਜ਼ 30 ਨਵੰਬਰ 2017 ਤੱਕ ਘਰ ਘਰ ਜਾ ਕੇ ਸਰਵੈ ਕਰਨਗੇ ਇਸ ਦੌਰਾਨ ਉਹ 1 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਵੋਟਾਂ ਦਰਜ਼ ਕਰਨਗੇ ਅਤੇ 1 ਜਨਵਰੀ 2019 ਨੂੰ 18 ਸਾਲ ਦੇ ਹੋ ਰਹੇ ਵੋਟਰਾ ਦੀਆਂ ਲਿਸਟਾਂ ਅਤੇ ਓਵਰਸ਼ੀਜ ਵੋਟਰ ਦੇ ਵੀ ਫਾਰਮ ਭਰਨਗੇ| ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਖਿਆ ਕਿ ਉਹ ਆਪੋ ਆਪਣੇ ਵਰਕਰਾਂ ਨੂੰ ਕਹਿਣ ਕਿ ਉਹ ਸਮੂਹ ਬੀ.ਐਲ.ਓਜ਼ ਨੁੰ ਆਪਣਾ ਪੂਰਾ ਸਹਿਯੋਗ ਦੇਣ|
ਮੀਟਿੰਗ ਵਿਚ ਤਹਿਸੀਲਦਾਰ ਚੋਣਾਂ ਹਰਦੀਪ ਸਿੰਘ, ਜਗਤਾਰ ਸਿੰਘ ਅਤੇ ਜਸਵਿੰਦਰ ਸਿੰਘ, ਕੁਲਦੀਪ ਸਿੰਘ, ਚੰਦਰ ਸੇਖਰ, ਮੋਹਿੰਦਰ ਪਾਲ, ਸੁਖਦੇਵ ਸਿੰਘ, ਸਮੇਤ ਹੋਰਨਾਂ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ|

Leave a Reply

Your email address will not be published. Required fields are marked *