ਜ਼ਿਲ੍ਹੇ ਵਿੱਚ 4471 ਪਰਿਵਾਰਾਂ ਨੂੰ 516.92 ਮੀਟ੍ਰਿਕ ਟਨ ਕਣਕ ਦੀ ਵੰਡ ਈ-ਪੌਸ ਮਸ਼ੀਨਾਂ ਰਾਹੀਂ ਕੀਤੀ: ਸੋਢੀ

ਐਸ.ਏ.ਐਸ ਨਗਰ, 31 ਜੁਲਾਈ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ 2 ਰੁਪਏ ਕਿਲੋ ਕਣਕ ਦੇਣ ਦੀ ਸਮਾਰਟ ਰਾਸ਼ਣ ਕਾਰਡ ਸਕੀਮ ਅਧੀਨ ਈ-ਪੌਸ ਮਸ਼ੀਨਾਂ ਰਾਹੀਂ ਪੰਜਾਬ ਵਿੱਚ ਐਸ.ਏ.ਐਸ ਨਗਰ ਤੋਂ ਸਭ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਰਾਜ ਵਿੱਚ ਕਣਕ ਈ-ਪੌਸ ਮਸ਼ੀਨਾਂ ਰਾਹੀਂ ਵੰਡੀ ਜਾਂਦੀ ਹੈ ਅਤੇ ਯੋਗ ਲਾਭਪਾਤਰੀ ਹੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਫੂਡ ਸਪਲਾਈ ਕੰਟਰੋਲਰ ਸ੍ਰੀ ਅਮਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ ਛੇ ਮਹੀਨਿਆਂ ਦੌਰਾਨ 4471 ਕਾਰਡ ਧਾਰਕ ਪਰਿਵਾਰ ਜਿਹਨਾਂ ਦੇ 16,500 ਦੇ ਕਰੀਬ ਮੈਂਬਰ ਬਣਦੇ ਹਨ, ਨੂੰ ਈ-ਪੌਸ ਮਸ਼ੀਨਾਂ ਰਾਹੀਂ 516.92 ਮੀਟ੍ਰਿਕ ਟਨ ਕਣਕ ਦੀ ਵੰਡ ਕੀਤੀ ਗਈ ਹੈ|
ਸ੍ਰੀ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 99,872 ਸਮਾਰਟ ਕਾਰਡ ਧਾਰਕ ਪਰਿਵਾਰ ਹਨ ਅਤੇ ਇਹਨਾਂ ਪਰਿਵਾਰਾਂ ਦੇ 3,78,405 ਮੈਂਬਰਾਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਜਾਂਦਾ ਹੈ| ਉਹਨਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਕਣਕ ਈ-ਪੌਸ ਮਸ਼ੀਨਾਂ ਨਾਲ ਕਣਕ ਵੰਡਣ ਵਿੱਚ ਪਾਰਦਰਸ਼ਤਾ ਆਈ ਹੈ, ਉਥੇ ਕਣਕ ਵੰਡਣ ਦੇ ਕੰਮ ਵਿੱਚ ਤੇਜੀ ਵੀ ਆਈ ਹੈ ਅਤੇ ਜ਼ਿਲ੍ਹੇ ਵਿੱਚ ਕਣਕ ਡਿੱਪੂ ਹੋਲਡਰਾਂ ਰਾਹੀਂ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕਰਵਾਈ ਜਾਂਦੀ ਹੈ| ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਹੁਣ ਕੋਈ ਵੀ ਅਯੋਗ ਵਿਅਕਤੀ ਇਸ ਸਕੀਮ ਦਾ ਨਜ਼ਾਇਜ਼ ਲਾਭ ਨਹੀਂ ਉਠਾ ਸਕਦੇ ਅਤੇ ਹੁਣ ਕੇਵਲ ਲੋੜਵੰਦ ਅਤੇ ਯੋਗ ਲਾਭਪਾਤਰੀ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ|
ਉਨ੍ਹਾਂ ਦੱਸਿਆ ਕਿ ਈ-ਪੌਸ ਮਸ਼ੀਨਾਂ ਨਾਲ ਕਣਕ ਦੀ ਵੰਡ ਬਾਇਓਮੈਟਰਿਕ ਢੰਗ ਨਾਲ ਹੁੰਦੀ ਹੈ| ਜਿਸ ਲਾਭਪਾਤਰੀ ਦੇ ਅੰਗੂਠਾ ਲਗਾਉਣ ਨਾਲ ਪਰਚੀ ਬਾਹਰ ਨਿਕਲਦੀ ਹੈ ਉਸ ਨੂੰ ਹੀ ਕਣਕ ਜਾਰੀ ਕੀਤੀ ਜਾਂਦੀ ਹੈ| ਉਹਨਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਛੇ ਮਹੀਨੇ ਦੀ ਕਣਕ ਵੰਡੀ ਗਈ ਹੈ ਅਤੇ ਸਤੰਬਰ ਮਹੀਨੇ ਬਾਅਦ ਛੇ ਮਹੀਨੇ ਲਈ ਕਣਕ ਵੰਡੀ ਜਾਵੇਗੀ| ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੁਹਾਲੀ, ਭਾਗੋਮਾਜਰਾ, ਜਗਤਪੁਰਾ, ਬਨੂੰੜ, ਖਰੜ, ਮੁੱਲਾਂਪੁਰ, ਕੁਰਾਲੀ, ਮਾਜਰੀ, ਡੇਰਾਬਸੀ, ਲਾਲੜੂ, ਭਬਾਤ ਵਿਖੇ ਏਰੀਆ ਆਫਿਸ ਹਨ ਅਤੇ ਜ਼ਿਲ੍ਹੇ ਵਿੱਚ 268 ਡਿੱਪੂ ਹੋਲਡਰਾਂ ਰਾਹੀਂ ਕਣਕ ਦੀ ਵੰਡ ਕਰਵਾਈ ਜਾਂਦੀ ਹੈ| ਸ੍ਰ. ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਈ-ਪੌਸ ਮਸ਼ੀਨਾਂ ਨਾਲ ਕਣਕ ਵੰਡਣ ਦਾ ਕੰਮ ਤਸੱਲੀਬਖਸ਼ ਨਾਲ ਹੁੰਦਾ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਂਦੀ|

Leave a Reply

Your email address will not be published. Required fields are marked *