ਜ਼ਿਲ੍ਹੇ ਵਿੱਚ 649  ਕੈਂਸਰ ਪੀੜਤ  ਮਰੀਜਾਂ ਨੂੰ 8 ਕਰੋੜ 40 ਲੱਖ 58 ਹਜਾਰ 195 ਰੁਪਏ ਦੀ ਰਾਸ਼ੀ ਇਲਾਜ ਲਈ ਵਿੱਤੀ ਸਹਾਇਤਾ ਵਜੋਂ ਦਿੱਤੀ : ਸਪਰਾ

ਐਸ.ਏ.ਐਸ.ਨਗਰ, 6 ਨਵੰਬਰ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ ਤੱਕ ਕੈਂਸਰ  ਪੀੜਤ 649 ਮਰੀਜਾਂ ਨੂੰ ਨਾਮਵਰ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਾਉਣ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵਿਚੋਂ 8 ਕਰੋੜ 40 ਲੱਖ 58 ਹਜਾਰ 195 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਚਾਰ ਹੋਰ ਕੈਂਸਰ ਪੀੜਤ ਮਰੀਜਾਂ ਨੂੰ 6 ਲੱਖ  ਰੁਪਏ ਦੀ ਵਿੱਤੀ ਸਹਾਇਤਾ  ਦਿੱਤੀ ਜਾਵੇਗੀ ਜਿੰਨ੍ਹਾਂ ਦੇ ਕੇਸ ਮੰਨਜੂਰੀ ਲਈ ਡਾਇਰੈਕਟਰ ਸਿਹਤ ਵਿਭਾਗ  ਪੰਜਾਬ ਨੂੰ ਭੇਜੇ ਜਾ ਚੁੱਕੇ ਹਨ ਅਤੇ ਜਲਦੀ ਹੀ ਇਹ ਰਾਸ਼ੀ ਪ੍ਰਦਾਨ ਕਰ ਦਿੱਤੀ ਜਾਵੇਗੀ| ਇਸ ਸਬੰਧੀ ਜਾਣਕਾਰੀ ਦਿਦਿੰਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੈਂਸਰ ਪੀੜਤ ਮਰੀਜਾਂ ਦੀਆਂ ਹੁਣ ਤੱਕ 653 ਅਰਜੀਆਂ ਪ੍ਰਾਪਤ ਹੋਈਆਂ ਸਨ|
ਸ੍ਰੀਮਤੀ ਸਪਰਾ  ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਕੈਂਸਰ ਦੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਜਿਥੇ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ| ਉਥੇ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਹੋ ਸਕੇ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਮੁੱਖ ਮੰਤਵ ਮਰੀਜਾਂ ਨੂੰ ਆਪਣੇ ਇਲਾਜ ਲਈ ਪੈਸੇ ਦੀ ਘਾਟ ਮਹਿਸੂਸ ਨਾ ਹੋਵੇ ਅਤੇ ਉਹ ਆਪਣਾ ਇਲਾਜ ਬਿਹਤਰ ਢੰਗ ਨਾਲ ਨਾਮਵਰ ਹਸਪਤਾਲਾਂ ਵਿੱਚ ਕਰਵਾ ਸਕਣ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਕਰਨ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਉਹ ਬਿਮਾਰੀਆਂ ਰਹਿਤ ਆਪਣੀ ਜਿੰਦਗੀ ਬਸਰ ਕਰ ਸਕਣ| ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ -ਸੀ ਰਲੀਫ ਫੰਡ ਸਕੀਮ ਅਧੀਨ ਜ਼ਿਲ੍ਹੇ ਵਿੱਚ ਰਹਿੰਦੇ ਹੈਪੇਟਾਈਟਸ ਸੀ ਦੇ ਮਰੀਜ਼ਾਂ ਦਾ ਸਿਵਲ ਹਸਪਤਾਲ ਮੁਹਾਲੀ ਵਿਖੇ ਮੁਫਤ ਇਲਾਜ ਕੀਤਾ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਹੁਣ ਤੱਕ 224 ਕੇਸ ਰਜਿਸ਼ਟਰਡ ਹੋਏ ਹਨ| ਜਿਸ ਤਹਿਤ 170 ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ| ਜ਼ਿਨ੍ਹਾਂ ਵਿਚੋਂ 52 ਮਰੀਜਾਂ ਦਾ ਇਲਾਜ ਪੂਰਾ ਹੋ ਚੁੱਕਾ ਹੈ| ਇਸ ਸਕੀਮ  ਅਧੀਨ ਹੈਪਾਟਾਈਟਸ ਸੀ ਦੀਆਂ ਮੁਫਤ ਦਵਾਈਆਂ ਉਪਲਬਧ ਕਰਾਈਆਂ ਜਾਂਦੀਆਂ ਹਨ| ਇਸ ਸਕੀਮ ਤਹਿਤ ਮਰੀਜ਼ਾਂ ਦਾ  ਸਸਟੇਨ ਵਾਇਰਲ ਰਿਸਪੌਂਸ (ਐਸ.ਵੀ.ਆਰ) ਮੁਫਤ ਕੀਤਾ ਗਿਆ ਹੈ ਜੋ ਕਿ ਹੈਪਾਟਾਈਟਸ ਸੀ ਦਾ ਇਲਾਜ ਪੂਰਾ ਹੋਣ ਤੋਂ ਬਾਅਦ ਕੀਤਾ ਜਾਂਦਾ ਹੈ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਸਟਰੀ ਬਾਲ ਸਵੱਸਥਾ ਪ੍ਰੋਗਰਾਮ ਅਧੀਨ ਸਕੂਲੀ ਬੱਚਿਆਂ ਅਤੇ ਆਂਗਨਵਾੜ੍ਹੀ ਵਿਚ ਰਜਿਸਟਰਡ ਬੱਚਿਆਂ ਦਾ ਮੈਡੀਕਲ ਚੈਕਅੱਪ ਕੀਤਾ ਜਾਂਦਾ ਹੈ| ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 355 ਸਕੂਲਾਂ ਦੇ 23 ਹਜਾਰ 475 ਸਕੂਲੀ ਬੱਚਿਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ| ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਆਂਗਨਵਾੜ੍ਹੀ ਕੇਂਦਰਾਂ ਦੇ 8106 ਬੱਚਿਆਂ ਦਾ ਮੈਡੀਕਲ ਚੈਕਅਪ ਕੀਤਾ ਗਿਆ|

Leave a Reply

Your email address will not be published. Required fields are marked *