ਜ਼ੀਰਕਪੁਰ ਦੀ ਵੀ ਆਈ ਪੀ ਰੋਡ ਉੱਤੇ ਰਾਤ ਨੂੰ ਠੇਕਾ ਬੰਦ ਹੋਣ ਤੋਂ ਬਾਅਦ ਵੀ ਚੋਰੀ ਛੁਪੇ ਵਿਕਦੀ ਹੈ ਸ਼ਰਾਬ

ਜ਼ੀਰਕਪੁਰ ਦੀ ਵੀ ਆਈ ਪੀ ਰੋਡ ਉੱਤੇ ਰਾਤ ਨੂੰ ਠੇਕਾ ਬੰਦ ਹੋਣ ਤੋਂ ਬਾਅਦ ਵੀ ਚੋਰੀ ਛੁਪੇ ਵਿਕਦੀ ਹੈ ਸ਼ਰਾਬ
ਠੇਕੇ ਦੇ ਕਰਿੰਦੇ ਮਹਿੰਗੀ ਦਾਰੂ ਵੇਚ ਕੇ ਲਾਉਂਦੇ ਨੇ ਲੋਕਾਂ ਨੂੰ ਚੂਨਾ
ਜ਼ੀਰਕਪੁਰ, 22 ਅਗਸਤ ( ਪਵਨ ਰਾਵਤ) ਜ਼ੀਰਕਪੁਰ ਵਿੱਚ ਪੈਂਦੀ ਵੀਆਈਪੀ ਰੋਡ ਉੱਤੇ ਜੈਪੁਰੀਆ ਮਾਰਕੀਟ ਦੇ ਨਾਲ ਇੱਕ ਸ਼ਰਾਬ ਦਾ ਠੇਕਾ ਅੱਧੀ ਰਾਤ ਵੇਲੇ ਵੀ ਖੁੱਲਾ ਰਹਿੰਦਾ ਹੈ| ਇਸ ਠੇਕੇ ਦੇ ਕਰਿੰਦੇ ਲੋਕਾਂ ਨੂੰ ਅੱਧੀ ਰਾਤ ਵੇਲੇ ਵੀ ਸ਼ਰਾਬ ਚੋਰ ਮੋਰੀ ਰਾਹੀਂ ਵੇਚਦੇ ਰਹਿੰਦੇ ਹਨ ਪਰ ਇਹ ਸ਼ਰਾਬ ਅਸਲ ਮੁੱਲ ਨਾਲੋਂ ਮਹਿੰਗੀ ਵੇਚੀ ਜਾਂਦੀ ਹੈ|
ਇਸ ਪੱਤਰਕਾਰ ਨੇ ਬੀਤੀ ਰਾਤ 12 ਵਜੇ ਤੋਂ ਬਾਅਦ ਦੇਖਿਆ ਕਿ ਉਸ ਸਮੇਂ ਵੀ ਇਸ ਠੇਕੇ ਉਪਰ ਸ਼ਰਾਬ ਵੇਚੀ ਜਾ ਰਹੀ ਸੀ| ਅਸਲ ਵਿੱਚ ਠੇਕੇ ਦਾ ਸ਼ਟਰ ਤਾਂ ਬੰਦ ਸੀ ਪਰ ਚੋਰ ਮੋਰੀ ਰਾਹੀਂ ਸ਼ਰਾਬ ਉਸਦੇ ਅਸਲ ਮੁੱਲ ਨਾਲੋਂ ਕਾਫੀ ਮਹਿੰਗੀ ਵੇਚੀ ਜਾ ਰਹੀ ਸੀ| ਇਸ ਪੱਤਰਕਾਰ ਦੇ ਸਾਹਮਣੇ ਹੀ ਅਨੇਕਾਂ ਲੋਕ ਇਸ ਠੇਕੇ ਤੋਂ ਸ਼ਰਾਬ ਖਰੀਦ ਕੇ ਜਾ ਰਹੇ ਸਨ|
ਠੇਕੇ ਦੇ ਨਜਦੀਕ ਹੀ ਖੜੇ ਰਾਹੁਲ ਅਤੇ ਹੋਰਨਾਂ ਨੇ ਕਿਹਾ ਕਿ ਅੱਧੀ ਰਾਤ ਨੂੰ ਇਸ ਠੇਕੇ ਤੋਂ ਮੁੰਡੇ ਕੁੜੀਆਂ ਸ਼ਰਾਬ ਲੈ ਕੇ ਪੀਂਦੇ ਹਨ ਫਿਰ ਇਹ ਮੁੰਡੇ ਕੁੜੀਆਂ ਸੜਕ ਉਪਰ ਹੀ ਡਰਾਮੇਬਾਜੀ ਕਰਨੀ ਸ਼ੁਰੂ ਕਰ ਦਿੰਦੇ ਹਨ| ਇਸ ਠੇਕੇ ਤੋਂ ਸ਼ਰਾਬ ਲੈ ਕੇ ਪੀਣ ਤੋਂ ਬਾਅਦ ਲਗਭਗ ਰੋਜਾਨਾ ਇਹ ਮੁੰਡੇ ਕੁੜੀਆਂ ਇਲਾਕੇ ਵਿੱਚ ਹੰਗਾਮਾ ਕਰਦੇ ਹਨ, ਜਿਸ ਕਾਰਨ ਆਮ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ ਪਰ ਇਹਨਾਂ ਮੁੰਡੇ ਕੁੜੀਆਂ ਤੋਂ ਡਰਦਾ ਕੋਈ ਵੀ ਵਿਅਕਤੀ ਇਹਨਾਂ ਨੂੰ ਰੋਕਣ ਦਾ ਸਾਹਸ ਨਹੀਂ ਕਰਦਾ|
ਇਸ ਸੰਬੰਧੀ ਜਦੋਂ ਠੇਕੇ ਵਿੱਚ ਮੌਜੂਦ ਠੇਕੇ ਦੇ ਮੈਨੇਜਰ ਨੂੰ ਇਸ ਤਰ੍ਹਾਂ ਸ਼ਰਾਬ ਵੇਚਣ ਬਾਰੇ ਪੁਛਿਆ ਗਿਆ ਤਾਂ ਠੇਕੇ ਦੇ ਮੈਨੇਜਰ ਦੌਲਤ ਰਾਮ ਠਾਕੁਰ ਨੇ ਦਸਿਆ ਕਿ ਠੇਕੇ ਦੇ ਮਾਲਕ ਦੂਜੇ ਸ਼ਹਿਰ ਵਿੱਚ ਰਹਿੰਦੇ ਹਨ, ਇਸ ਤਰ੍ਹਾਂ ਸ਼ਰਾਬ ਵੇਚਣ ਬਾਰੇ ਉਹ ਹੀ ਕੁਝ ਕਹਿ ਸਕਦੇ ਹਨ| ਇਸ ਸਬੰਧੀ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਸੰਪਰਕ ਕਾਇਮ ਨਹੀਂ ਹੋ ਸਕਿਆ|

Leave a Reply

Your email address will not be published. Required fields are marked *