ਚੋਣ ਐਲਾਨਾਂ ਤੋਂ ਪਿਛੜਣ ਅਤੇ ਭਾਜਪਾ ਆਗੂਆਂ ਤੇ ਲੱਗਣ ਵਾਲੇ ਇਲਜਾਮਾਂ ਨੇ ਫਿੱਕੀ ਕੀਤੀ ਮੋਦੀ ਸਰਕਾਰ ਦੀ ਚਮਕ

modi

2014 ਵਿੱਚ ਹੋਈਆਂ ਲੋਕਸਭਾ ਚੋਣਾਂ ਵੇਲੇ ਪੂਰੇ ਦੇਸ਼ ਦੀ ਜਨਤਾ ਵਲੋਂ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਬਰਦਸਤ ਸਮਰਥਨ ਦਿੰਦਿਆਂ ਆਪਣੇ ਦਮ ਤੇ ਸਰਕਾਰ ਬਣਾਉਣ ਲਾਇਕ ਬਹੁਮਤ ਦਿੱਤਾ ਸੀ ਅਤੇ ਦੇਸ਼ ਵਿੱਚ ਇੱਕ ਸਥਿਰ ਸਰਕਾਰ ਦੀ ਹੋਂਦ ਦਾ ਮੁੱਢ ਬੰਨਿਆ ਸੀ, ਪਰੰਤੂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਕੇਂਦਰ ਦੀ ਸੱਤਾ ਸੰਭਾਲਣ ਵਾਲੀ ਐਨ ਡੀ ਏ ਸਰਕਾਰ  ਦੇਸ਼ ਵਾਸੀਆਂ ਦੀਆਂ ਆਸਾਂ ਤੇ ਖਰੀ ਉਤਰਨ ਵਿਚ ਨਾਕਾਮ ਸਾਬਿਤ ਹੋਈ ਹੈ| ਜਿਵੇਂ ਜਿਵੇਂ ਇਸ ਸਰਕਾਰ ਦਾ ਕਾਰਜਕਾਲ ਵਧਿਆ ਹੈ ਇਸਦੀ ਚਮਕ ਵੀ ਫਿੱਕੀ ਪੈਂਦੀ ਗਈ ਹੈ ਅਤੇ ਸਵਾ ਦੋ ਸਾਲਾਂ ਦੇ ਕਾਰਕਾਲ ਵਾਲੀ ਇਸ ਸਰਕਾਰ ਦੀ ਕਾਰਗੁਜਾਰੀ ਲਗਾਤਾਰ ਸਵਾਲਾਂ ਦੇ ਘਰੇ ਵਿੱਚ ਰਹੀ ਹੈ| ਇਸ ਦੌਰਾਨ ਜਨਤਾ ਨੁੰ ਇਹ ਲਗਣ ਲੱਗ ਗਿਆ ਹੈ ਕਿ ਉਸਦੇ ਅੱਛੇ ਦਿਨ ਲਿਆਉਣ ਦਾ ਵਾਇਦਾ ਕਰਕੇ ਉਹਨਾਂ ਦੀਆਂ ਵੋਟਾਂ ਹਾਸਿਲ ਕਰਨ ਅਤੇ ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਸ੍ਰੀ ਨਰਿੰਦਰ ਮੋਦੀ ਦੇ ਵਾਇਦੇ ਸਿਰਫ ਵੋਟਾਂ ਲੈਣ ਲਈ ਹੀ ਵਜੂਦ ਵਿੱਚ ਆਏ ਸਨ|
ਲੋਕਸਭਾ ਚੋਣਾਂ ਵੇਲੇ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਦੇਸ਼ ਦੀ ਜਨਤਾ ਨੂੰ ਕਈ ਤਰ੍ਹਾਂ ਦੇ ਸਬਜਬਾਗ ਵਿਖਾਏ ਗਏ ਸਨ ਅਤੇ ਦਾਅਵੇ ਕੀਤੇ ਗਏ ਸਨ ਕਿ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਂਦੇ ਸਾਰ ਜਨਤਾ ਦੀਆਂ ਤਮਾਮ ਮੁਸ਼ਕਲਾਂ ਤੁਰਤ ਫੁਰਤ ਵਿੱਚ ਹਲ ਹੋ ਜਾਣਗੀਆਂ ਪਰੰਤੂ ਇਹ ਸਾਰਾ ਕੁੱਝ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦਾ ਬੜਬੋਲਾਪਨ ਹੀ ਸਾਬਿਤ ਹੋਇਆ ਹੈ| ਜੇਕਰ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੇ ਹੁਣ ਤਕ ਦੇ ਕਾਰਜਕਾਲ ਉੱਪਰ ਨਜਰ ਮਾਰੀ ਜਾਵੇ ਤਾਂ ਇਸ ਦੌਰਾਨ ਅਜਿਹਾ ਕੁੱਝ ਵੀ ਨਹੀਂ ਹੋਇਆ ਹੈ ਜਿਸ ਨਾਲ ਆਮ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਇਸ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਉਸਦੇ ਜੀਵਨ ਪੱਧਰ ਵਿੱਚ ਕੋਈ ਸੁਧਾਰ ਹੋਇਆ ਹੈ|
ਨਾਂ ਤਾਂ ਇਸ ਦੌਰਾਨ ਲੋਕਾਂ ਨੂੰ ਮਹਿੰਗਾਈ ਤੋਂ ਕਿਸੇ ਕਿਸਮ ਦੀ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਸਰਕਾਰੇ ਦਰਬਾਰੇ ਆਮ ਲੋਕਾਂ ਦੀ ਕਿਤੇ ਕੋਈ ਸੁਣਵਾਈ ਹੁੰਦੀ ਹੈ| ਉਲਟਾ ਜਨਤਾ ਨੂੰ ਵਿਕਾਸ ਦੇ ਲੰਬੇ ਚੌੜੇ ਸੁਫਨੇ ਵਿਖਾ ਕੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਸੁਰ ਹੁਣ ਬਦਲ ਚੁੱਕੀ ਹੈ ਅਤੇ ਜਿਸ ਤਰੀਕੇ ਨਾਲ ਭਾਜਪਾ ਦੀਆਂ ਸਹਿਯੋਗੀ ਜੱਥੇਬੰਦੀਆਂ ਅਤੇ ਖੁਦ ਭਾਜਪਾ ਆਗੂਆਂ ਵਲੋਂ ਹਿੰਦੁਤਵ ਦੇ ਮੁੱਦੇ ਨੂੰ ਉਭਾਰਨ ਦੇ ਨਾਲ ਨਾਲ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਖਿਲਾਫ ਕਾਫੀ ਸਖਤ ਕਿਸਮ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਉਸ ਨਾਲ ਤਾਂ ਅਜਿਹਾ ਲੱਗਣ ਲੱਗ ਪਿਆ ਹੈ ਕਿ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਭਾਜਪਾ ਵਲੋਂ ਆਪਣਾ ਲੁਕਵਾਂ ਏਜੰਡਾ ਲਾਗੂ ਕੀਤਾ ਜਾਣ ਲੱਗ ਪਿਆ ਹੈ|
ਹੋਰ ਤਾਂ ਹੋਰ ਲੋਕਸਭਾ ਚੋਣਾਂ ਦੌਰਾਨ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸ਼ੇਰ ਵਾਂਗ ਦਹਾੜਣ ਵਾਲੇ ਸ੍ਰੀ ਨਰਿੰਦਰ ਮੋਦੀ ਵਲੋਂ ਆਪਣੇ ਇਸ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਉੱਪਰ ਲਗਣ ਵਾਲੇ ਵੱਖ ਵੱਖ ਇਲਜਾਮਾਂ ਸੰਬੰਧੀ ਧਾਰੀ ਚੁੱਪੀ ਨੇ ਆਮ ਜਨਤਾ ਵਿੱਚ ਸਰਕਾਰ ਦੀ ਭਰੋਸੇ ਯੋਗਤਾ ਪ੍ਰਤੀ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ| ਇਸ ਮੁੱਦੇ ਤੇ ਵਿਰੋਧੀ ਧਿਰ ਵਲੋਂ ਸਵਾਲ ਪੁੱਛੇ ਜਾਣ  ਦੇ ਬਾਵਜੂਦ ਸਰਕਾਰ ਵਲੋਂ ਅੜੀਅਲ ਰੁੱਖ ਅਖਤਿਆਰ ਕੀਤਾ ਜਾਂਦਾ ਰਿਹਾ ਹੈ ਅਤੇ ਇਸ  ਕਾਰਨ ਵੀ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠੇ ਹਨ|
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਲਈ ਆਪਣੀ ਭਰੋਸੇਯੋਗਤਾ ਨੂੰ ਕਾਇਮ ਰੱਖਿਆ ਜਾਣਾ ਬਹੁਤ ਜਰੂਰੀ ਹੈ ਵਰਨਾ ਦੇਸ਼ ਦੀ ਜਨਤਾ ਦਾ ਮੂਡ ਕਦੋਂ ਬਦਲ ਜਾਏਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਭਾਜਪਾ ਵਲੋਂ ਜਨਤਾ ਨੂੰ ਜਿਹੜੇ ਸਬਜਬਾਗ ਵਿਖਾ ਕੇ ਦੇਸ਼ ਦੀ ਸੱਤਾ ਹਾਸਿਲ ਕੀਤੀ ਗਈ ਹੈ ਉਹਨਾਂ ਨੂੰ ਪੂਰਾ ਕਰਨ ਦੀ ਥਾਂ ਖੋਖਲੀ ਬਿਆਨਬਾਜੀ ਨਾਲ ਕੰਮ ਨਹੀਂ ਚਲਣਾ ਬਲਕਿ ਇਸ ਸੰਬੰਧੀ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨੀ ਹੀ ਪੇਣੀ ਹੈ| ਹੁਣੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਸ੍ਰੀ ਨਰਿੰਦਰ ਮੋਦੀ ਤੋਂ ਦੇਸ਼ ਦੀ ਜਨਤਾ ਦਾ ਮੁਕੰਮਲ ਮੋਹ ਭੰਗ ਹੋ ਗਿਆ ਹੈ ਪਰੰਤੂ ਜਨਤਾ ਦਾ ਭਰੋਸਾ ਕਾਇਮ ਰੱਖਣ ਲਈ ਮੋਦੀ ਸਰਕਾਰ ਨੂੰ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਕਰਨਾ ਹੀ ਪੈਣਾ ਹੈ|

Leave a Reply

Your email address will not be published. Required fields are marked *