ਨਾਜਾਇਜ ਕਬਜਿਆਂ ਦੇ ਖਾਤਮੇ ਲਈ ਨਿਗਮ ਦੇ ਸੰਬੰਧਿਤ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਹੋਵੇ

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਵਿੱਚ ਲਗਾਤਾਰ ਹੁੰਦੇ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਪਿਛਲੇ 5-6 ਸਾਲਾਂ ਦੌਰਾਨ (ਜਦੋਂ ਤੋਂ ਪੰਜਾਬ ਸਰਕਾਰ ਵਲੋਂ ਸਥਾਨਕ ਮਿਉਂਸਪਲ ਕੌਂਸਲ ਦਾ ਦਰਜਾ ਵਧਾ ਕੇ ਇਸਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਗਿਆ ਹੈ) ਇਹ ਕਬਜੇ ਬਹੁਤ ਜਿਆਦਾ ਵੱਧ ਗਏੇ ਹਨ| ਅਜਿਹਾ ਨਹੀਂ ਹੈ ਕਿ ਮਿਉਂਸਪਲ ਕੌਂਸਲ ਵੇਲੇ ਸ਼ਹਿਰ ਵਿੱਚ ਨਾਜਾਇਜ ਕਬਜੇ ਨਹੀਂ ਹੁੰਦੇ ਸਨ ਪਰੰਤੂ ਪਿਛਲੇ ਸਮੇਂ ਦੌਰਾਨ ਇਹ ਸਮੱਸਿਆ ਸਾਰੇ ਹੱਦ ਬੰਨੇ ਟੱਪਦੀ ਨਜਰ ਆ ਰਹੀ ਹੈ| ਸ਼ਹਿਰ ਵਿੱਚ ਜਿਸ ਪਾਸੇ ਵੀ ਨਜਰ ਮਾਰੋ ਕੋਈ ਨਾ ਕੋਈ ਨਾਜਾਇਜ ਕਬਜਾ ਨਜਰ ਆ ਹੀ ਜਾਂਦਾ ਹੈ| ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ, ਦੁਕਾਨਾਂ ਦੇ ਬਰਾਮਦਿਆਂ ਵਿੱਚ ਖਿਲਰਿਆ ਸਾਮਾਨ, ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਬਰਾਮਦਿਆਂ ਵਿੱਚ ਖਾਣ ਪੀਣ ਦੇ ਸਾਮਾਨ ਤੋਂ ਲੈ ਕੇ ਹਰ ਛੋਟਾ ਵੱਡਾ ਸਾਮਾਨ ਵੇਚਣ ਵਾਲੇ, ਸੜਕਾਂ ਦੇ          ਕਿਨਾਰੇ, ਮੁਹੱਲਿਆਂ ਦੇ ਵਿੱਚ ਗੱਲ ਕੀ ਹਰ ਥਾਂ ਤੇ ਹੀ ਇਹ ਨਾਜਾਇਜ ਕਬਜਾਕਾਰ ਆਪਣਾ ਤਾਮ ਝਾਮ ਖਿਲਾਰੀ ਨਜਰ ਆ ਜਾਂਦੇ ਹਨ ਅਤੇ ਇਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾਂਦਾ ਹੈ|
ਹਾਲਾਤ ਇਹ ਹੋ ਗਏ ਹਨ ਕਿ ਸ਼ਹਿਰ ਵਿੱਚ ਆਮ ਜਨਤਾ ਦੀ ਵਰਤੋਂ ਵਿੱਚ ਆਉਣ ਵਾਲੀ ਹਰ ਛੋਟੀ ਵੱਡੀ ਥਾਂ ਤੇ ਅਜਿਹੇ ਨਾਜਾਇਜ ਕਬਜੇ ਹੋਣ ਕਾਰਨ ਸ਼ਹਿਰਵਾਸੀਆਂ ਨੂੰ ਭਾਰੀ              ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਹਨਾਂ ਕਾਰਣ ਆਮ ਲੋਕਾਂ ਨੂੰ ਨਾ ਤਾਂ ਦੁਕਾਨਾਂ ਦੇ ਵਰਾਂਡਿਆਂ ਵਿੱਚ ਤੁਰਨ ਦੀ ਥਾਂ ਮਿਲਦੀ ਹੈ ਅਤੇ ਨਾ ਹੀ ਪਾਰਕਿੰਗ ਵਿੱਚ ਵਾਹਨ ਖੜ੍ਹਾ ਕਰਨ ਦੀ| ਮੁੱਖ ਸੜਕਾਂ ਦੇ ਕਿਨਾਰੇ ਲਗਣ ਵਾਲੀਆਂ ਰੇਹੜੀਆਂ ਦੇ ਆਸ ਪਾਸ ਸਾਮਾਨ ਖਰੀਦਣ ਵਾਲਿਆਂ ਦੇ ਵਾਹਨ ਖੜ੍ਹ ਜਾਂਦੇ ਹਨ ਜੋ ਹੋਰਨਾਂ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਰਕਦੇ ਹਨ ਅਤੇ ਇਸ ਕਾਰਣ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ|
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਦੀ ਗਿਣਤੀ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦਾ ਇਕਲੌਤਾ ਕਾਰਣ ਇਹ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ ਕਬਜੇ ਦੂਰ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀ ਅਤੇ ਅਧਿਕਾਰੀ ਆਪਣੀ ਜਿੰਮੇਵਾਰੀ ਵੱਲ ਪੂਰਾ ਧਿਆਨ ਨਹੀਂ ਦਿੰਦੇ| ਇਸ ਸੰਬੰਧੀ ਸ਼ਹਿਰਵਾਸੀਆਂ ਵਲੋਂ ਖੁੱਲੇਆਮ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੋਣ ਵਾਲੇ ਇਹ ਕਬਜੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਹੁੰਦੇ ਹਨ ਅਤੇ ਇਹਨਾਂ ਨਾਜਾਇਜ ਕਬਜਿਆਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਲੰਬਾ ਚੌੜਾ ਕਾਰੋਬਾਰ ਚਲਦਾ ਹੈ ਜਿਸਦੇ ਤਹਿਤ ਨਿਗਮ ਦੇ ਕਰਮਚਾਰੀ ਨਾਜਾਇਜ ਕਬਜੇ ਕਰਕੇ ਆਪਣਾ ਕਾਰੋਬਾਰ ਕਰਨ ਵਾਲੇ ਲੋਕਾਂ ਤੋਂ ਹਰ ਮਹੀਨੇ ਇੱਕ ਬੱਝਵੀ ਰਕਮ ਵਸੂਲ ਕਰਦੇ ਹਨ| ਸ਼ਹਿਰ ਵਾਸੀ ਇਹ ਇਲਜਾਮ ਵੀ ਲਗਾਉਂਦੇ ਹਨ ਕਿ ਕੁੱਝ ਰਾਜਨੇਤਾਵਾਂ ਅਤੇ ਅਸਰ ਰਸੂਖ ਵਾਲੇ ਵਿਅਕਤੀਆਂ ਦੀ ਸ਼ਹਿ ਤੇ ਵੀ ਇਹਨਾਂ ਨਾਜਾਇਜ ਕੁਬਜਿਆਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਸ਼ਹਿਰ ਦੇ ਵੱਖ ਵੱਖ ਭਾਗਾਂ ਵਿੱਚ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਜਿਹੜਾ ਕਰਮਚਾਰੀ ਇਹਨਾਂ ਨਾਜਾਇਜ ਕਬਜਿਆਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਆਪਣੇ ਨਿੱਜੀ ਹਿੱਤਾਂ ਦਾ ਵਧੇਰੇ ਧਿਆਨ ਰੱਖਦਾ ਨਜਰ ਆਏ ਉਸਦੇ ਖਿਲਾਫ ਬਣਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ| ਨਾਜਾਇਜ ਕਬਜਿਆਂ ਨੂੰ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੇ ਬਿਨਾ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਮੱਸਿਆ ਦੇ ਹਲ ਲਈ ਸਖਤ ਕਦਮ ਚੁੱਕੇ ਜਾਣੇ ਜਰੂਰੀ ਹਨ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਨਾਜਾਇਜ ਕਬਜਿਆਂ ਤੇ ਕਾਬੂ ਕਰਨ ਲਈ ਸੰਬੰਧਿਤ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਲੋੜੀਂਦੇ ਕਦਮ ਚੁੱਕਣ ਤਾਂ ਜੋ ਸ਼ਹਿਰ ਦੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *